ਕੈਨੇਡਾ ਦੇ ਇਸ ਸੂਬੇ ’ਚ ਚਾਰ ਮਹੀਨੇ ਦਰਮਿਆਨ ‘ਨਸ਼ੇ’ ਕਾਰਨ 511 ਮੌਤਾਂ

ਕੈਨੇਡਾ ਦੇ ਇਸ ਸੂਬੇ ’ਚ ਚਾਰ ਮਹੀਨੇ ਦਰਮਿਆਨ ‘ਨਸ਼ੇ’ ਕਾਰਨ 511 ਮੌਤਾਂ

ਪਿਛਲੇ ਸਾਲਾਂ ਨਾਲੋਂ ਗਿਣਤੀ ’ਚ ਲਗਾਤਾਰ ਹੋ ਰਿਹਾ ਹੈ ਵਾਧਾ

SHARE

Vancouver: ਕੈਨੇਡਾ ’ਚ ਨਸ਼ੇ ਕਾਰਨ ਨਿੱਤ ਹੋ ਰਹੀਆਂ ਮੌਤਾਂ ਸਿਹਤ ਵਿਭਾਗ ਲਈ ਵੱਡੀ ਚੁਣੌਤੀ ਬਣੀਆਂ ਹੋਈਆਂ ਹਨ। ਬ੍ਰਿਟਿਸ਼ ਕੋਲੰਬੀਆ ’ਚ ਅਪ੍ਰੈਲ 2018 ਤੱਕ ਨਸ਼ੇ ਕਰਕੇ 511 ਲੋਕ ਮੌਤ ਦੇ ਮੂੰਹ ’ਚ ਜਾ ਚੁੱਕੇ ਹਨ। ਜੇਕਰ ਸਿਰਫ਼ ਸਰੀ ਦੀ ਗੱਲ ਕਰੀਏ ਤਾਂ ਇੱਕ ਹਫ਼ਤੇ ਦਰਮਿਆਨ 4 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਸਰੀ ’ਚ ਇਸੇ ਸਾਲ 30 ਅਪ੍ਰੈਲ ਤੱਕ ਨਸ਼ੇ ਕਰਕੇ 80 ਮੌਤਾਂ ਹੋ ਚੁੱਕੀਆਂ ਹਨ। ਬੀ.ਸੀ. ਕੋਰੋਨਰ ਨੇ ਇਹ ਅੰਕੜੇ ਜਾਰੀ ਕੀਤੇ ਹਨ। ਪੂਰੇ ਸੂਬੇ ’ਚ ਨਸ਼ੇ ਕਾਰਨ ਹੋਈਆਂ ਮੌਤਾਂ ’ਚੋਂ 50 ਫ਼ੀਸਦ ਸਿਰਫ਼ ਤਿੰਨ ਸ਼ਹਿਰਾਂ ਨਾਲ ਹੀ ਸਬੰਧਤ ਹਨ। ਇਹ ਇੱਕ ਖਾਸ ਨਸ਼ੇ ਕਾਰਨ ਹੋ ਰਿਹਾ ਹੈ। ਵੈਨਕੂਵਰ, ਸਰੀ ਤੇ ਵਿਕਟੋਰੀਆ ’ਚੋਂ ਨਸ਼ੇ ਕਰਕੇ ਮੌਤਾਂ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਰਿਪੋਰਟ ਮੁਤਾਬਕ ਸਿਰਫ਼ ਸਰੀ ’ਚ 2018 ਦਰਮਿਆਨ ਔਸਤਨ 230 ਤੋਂ ਵੱਧ ਲੋਕਾਂ ਦੀ ਮੌਤ ਹੋ ਸਕਦੀ ਹੈ। ਇਹ ਗਿਣਤੀ ਪਿਛਲੇ ਸਾਲ ਨਾਲੋਂ ਕਾਫ਼ੀ ਜ਼ਿਆਦਾ ਹੋਵੇਗੀ।


2017 ਦਰਮਿਆਨ ਸਰੀ ’ਚ ਨਸ਼ੇ ਕਰਕੇ 176 ਮੌਤਾਂ ਹੋਈਆਂ, ਜਦਕਿ 2016 ’ਚ 118 ਤੇ 2015 ’ਚ 76।
ਜਿਕਰਯੋਗ ਹੈ ਕਿ 2018 ’ਚ ਸਰਕਾਰ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਈ ਮੁਹਿੰਮਾਂ ਦੀ ਸ਼ੁਰੂਆਤ ਕੀਤੀ ਹੋਈ ਹੈ। ਜਿਸ ਤਹਿਤ ਮਾਪਿਆਂ ਨੂੰ ਤੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਕਈ ਕਦਮ ਚੁੱਕੇ ਗਏ ਹਨ। ਪਰ ਨਤੀਜੇ ਇਹ ਹਨ ਕਿ ਨਸ਼ੇ ਕਾਰਨ ਮੌਤਾਂ ਦੀ ਗਿਣਤੀ ਪਹਿਲਾਂ ਨਾਲੋਂ ਵਧੀ ਹੈ।
ਸਿਰਫ਼ ਅਪ੍ਰੈਲ ਦੇ ਮਹੀਨੇ ’ਚ ਹੀ ਨਸ਼ਾ ਬੀ.ਸੀ. ’ਚ 124 ਜਾਨਾਂ ਲੈ ਚੁੱਕਿਆ ਹੈ। ਰਿਪੋਰਟ ਮੁਤਾਬਕ ਮੌਤ ਦੇ ਮੂੰਹ ’ਚ ਜਾਣ ਵਾਲੇ ਲੋਕਾਂ ਦਰਮਿਆਨ 50 ਸਾਲ ਦੀ ਉਮਰ ਤੋਂ ਘੱਟ ਦੇ ਲੋਕ ਜ਼ਿਆਦਾ ਸ਼ਾਮਲ ਹਨ। ਬੀ.ਸੀ. ’ਚ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਦੀ ਗਿਣਤੀ 2016 ਤੋਂ ਬਾਅਦ ਲਗਾਤਾਰ ਵਧ ਰਹੀ ਹੈ। ਜਿਨ੍ਹਾਂ ’ਚ ਜ਼ਿਆਦਾਤਰ ਨੌਜਵਾਨ ਬੱਚੇ ਸ਼ਾਮਲ ਹਨ। ਜਿਸਨੂੰ ਰੋਕਣ ਲਈ ਸਿਹਤ ਵਿਭਾਗ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ। ਪਰ ਇਸ ਸਮੇਂ ਨੌਜਵਾਨਾਂ ਦਰਮਿਆਨ ਵਧ ਰਹੇ ਨਸ਼ੇ ਦੀ ਆਦਤ ਨਾਲ ਨਜਿੱਠਣਾ ਸਰਕਾਰ ਲਈ ਵੱਡੀ ਚੁਣੌਤੀ ਬਣੀ ਹੋਈ ਹੈ।

Short URL:tvp http://bit.ly/2JvECyf

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab