Site icon TV Punjab | Punjabi News Channel

ਜੰਮੂ ਹਵਾਈ ਅੱਡੇ ਦੇ ਅੰਦਰ ਤਕਨੀਕੀ ਖੇਤਰ ‘ਚ ਬੀਤੀ ਰਾਤ ਹੋਇਆ ਧਮਾਕਾ

ਜੰਮੂ : ਜੰਮੂ ਹਵਾਈ ਅੱਡੇ ਦੇ ਅੰਦਰ ਤਕਨੀਕੀ ਖੇਤਰ ‘ਚ ਬੀਤੀ ਰਾਤ ਕਰੀਬ 2 ਵਜੇ ਧਮਾਕਾ ਹੋਇਆ। ਧਮਾਕੇ ਦੀ ਸੂਚਨਾ ਮਿਲਦੇ ਹੀ ਜੰਮੂ ਕਸ਼ਮੀਰ ਪੁਲਿਸ ਤੇ ਸੁਰੱਖਿਆ ਏਜੰਸੀਆਂ ਮੌਕੇ ‘ਤੇ ਪਹੁੰਚ ਗਈਆਂ । ਇਸ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਫਾਰੈਂਸਿਕ ਟੀਮ ਵਲੋਂ ਮੌਕੇ ‘ਤੇ ਜਾਂਚ ਕੀਤੀ ਜਾ ਰਹੀ ਹੈ।

ਪ੍ਰਾਪਤ ਜਾਣਕਾਰ ਅਨੁਸਾਰ ਜੰਮੂ ਏਅਰਫੋਰਸ ਸਟੇਸ਼ਨ ਦੇ ਤਕਨੀਕੀ ਖੇਤਰ ਵਿਚ ਐਤਵਾਰ ਵੱਡੇ ਤੜਕੇ ਜ਼ੋਰਦਾਰ ਧਮਾਕੇ ਹੋਏ। ਭਾਰਤੀ ਹਵਾਈ ਸੈਨਾ ਦੇ ਸੂਤਰਾਂ ਦਾ ਕਹਿਣਾ ਹੈ ਕਿ ਦੋ ਘੱਟ ਤੀਬਰਤਾ ਵਾਲੇ ਧਮਾਕੇ ਹੋਏ ਹਨ। ਇਨ੍ਹਾਂ ਧਮਾਕਿਆਂ ਦੇ ਕਾਰਨਾਂ ਦਾ ਏਜੰਸੀਆਂ ਵਲੋਂ ਪਤਾ ਲਗਾਇਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਇਹ ਹਮਲਾ ਡਰੋਨ ਨਾਲ ਕੀਤਾ ਗਿਆ ਵੀ ਹੋ ਸਕਦਾ ਹੈ। ਜਿਸ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਇਨ੍ਹਾਂ ਧਮਾਕਿਆਂ ਦੀ ਜਾਂਚ ਲਈ ਕੌਮੀ ਜਾਂਚ ਏਜੰਸੀ ਮੌਕੇ ‘ਤੇ ਪੁੱਜ ਗਈ ਹੈ। ਜਿਥੇ ਸੁਰੱਖਿਆ ਏਜੰਸੀਆਂ ਵਲੋਂ ਇਸ ਮਾਮਲੇ ਨੂੰ ਸੰਗੀਨ ਮੰਨਿਆ ਜਾ ਰਿਹਾ ਹੈ ਉੱਥੇ ਹੀ ਇਨ੍ਹਾਂ ਧਮਾਕਿਆਂ ਮਗਰੋਂ ਪੰਜਾਬ ਤੇ ਸ੍ਰੀਨਗਰ ਵਿਚ ਵੀ ਚੌਕਸੀ ‘ਚ ਵਾਧਾ ਕੀਤਾ ਗਿਆ ਹੈ। ਇਸ ਮਾਮਲੇ ਦੀ ਸੰਗੀਨਤਾ ਨੂੰ ਵੇਖਦੇ ਹੋਏ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ.) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਨ੍ਹਾਂ ਧਮਾਕਿਆਂ ਤੋਂ ਬਾਅਦ ਪੰਜਾਬ ਦੇ ਪਠਾਨਕੋਟ ‘ਚ ਵੀ ਸੁਰੱਖਿਆ ਨੂੰ ਹੋਰ ਪੁਖ਼ਤਾ ਕੀਤਾ ਗਿਆ ਹੈ, ਕਿਉਂਕਿ ਪਠਾਨਕੋਟ ਜ਼ਿਲ੍ਹਾ ਜੰਮੂ ਕਸ਼ਮੀਰ ਸੂਬੇ ਦੇ ਬਿਲਕੁਲ ਨਾਲ ਲਗਦਾ ਹੈ। ਪੁਲਿਸ ਵਲੋਂ ਸ਼ਹਿਰ ਪਠਾਨਕੋਟ ਦੇ ਆਲੇ ਦੁਆਲੇ ਅਤੇ ਪਠਾਨਕੋਟ ਦੇ ਅੰਦਰ ਦਾਖ਼ਲ ਹੋਣ ਵਾਲੇ ਰਸਤਿਆਂ ‘ਤੇ ਨਾਕੇ ਲਗਾ ਕੇ ਵਾਹਨਾਂ ਦੀ ਸਖ਼ਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ।

ਟੀਵੀ ਪੰਜਾਬ ਬਿਊਰੋ

 

Exit mobile version