Site icon TV Punjab | Punjabi News Channel

ਤਰਨਤਾਰਨ ‘ਚ ਕਲਯੁਗੀ ਪੁੱਤ ਨੇ ਪਿਓ ਦੇ ਸਿਰ ‘ਚ ਮਾਰੀ ਗੋਲ਼ੀ

ਝਬਾਲ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੋਟ ਧਰਮ ਚੰਦ ਵਿਖੇ ਬੁੱਧਵਾਰ ਸਵੇਰੇ ਕਲਯੁਗੀ ਪੁੱਤ ਨੇ ਆਪਣੇ ਪਿਤਾ ਦੇ ਸਿਰ ‘ਚ ਗੋਲ਼ੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੀ ਸਾਂਝੀ ਥਾਂ ‘ਤੇ ਰੂੜੀ ਸੁੱਟਣ ਨੂੰ ਲੈ ਕੇ ਚੱਲੇ ਵਿਵਾਦ ਕਰਕੇ ਇਹ ਹੱਤਿਆ ਹੋਈ ਹੈ। ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਿੰਡ ਕੋਟ ਧਰਮਚੰਦ ਕਲਾਂ ਨਿਵਾਸੀ ਰਘਬੀਰ ਸਿੰਘ ਦੇ ਦੋ ਪੁੱਤਰ ਦਿਲਬਾਗ ਸਿੰਘ ਤੇ ਮਹਿਤਾਬ ਸਿੰਘ ਹਨ। ਦਿਲਬਾਗ ਸਿੰਘ ਭਾਰਤੀ ਫ਼ੌਜ ਵਿੱਚੋਂ ਸੇਵਾਮੁਕਤ ਹੋ ਕੇ ਆਇਆ ਹੈ ਤੇ ਇਸ ਦੇ ਦੋ ਬੱਚੇ ਵਿਦੇਸ਼ ਰਹਿੰਦੇ ਹਨ। ਪਰਿਵਾਰ ਦੀ ਸਾਂਝੀ ਥਾਂ ‘ਤੇ ਇਸ ਦਾ ਭਰਾ ਮਹਿਤਾਬ ਸਿੰਘ ਰੂੜੀ ਸੁੱਟਦਾ ਸੀ ਜਿਸ ਨੂੰ ਲੈ ਕੇ ਦਿਲਬਾਗ ਸਿੰਘ ਅਕਸਰ ਝਗੜਾ ਕਰਦਾ ਸੀ।

ਬੁੱਧਵਾਰ ਸਵੇਰੇ ਮਹਿਤਾਬ ਸਿੰਘ ਉੱਥੇ ਰੂੜੀ ਸੁੱਟਣ ਗਿਆ ਤਾਂ ਦਿਲਬਾਗ ਸਿੰਘ ਪਿਸਤੌਲ ਲੈ ਕੇ ਉਸ ਦੇ ਮਗਰ ਚਲਾ ਗਿਆ। ਇਸ ਤੋਂ ਪਹਿਲਾਂ ਮਹਿਤਾਬ ਸਿੰਘ ਵਾਪਸ ਜਾ ਚੁੱਕਾ ਸੀ। ਦਿਲਬਾਗ ਸਿੰਘ ਉੱਥੇ ਰੁਕ ਕੇ ਜਦੋਂ ਗਾਲੀ-ਗਲੋਚ ਕਰਨ ਲੱਗਾ ਤਾਂ ਉਸ ਦਾ ਪਿਤਾ ਰਘਵੀਰ ਸਿੰਘ ਸਮਝਾਉਣ ਲਈ ਅੱਗੇ ਆਇਆ, ਪਰ ਗੁੱਸੇ ‘ਚ ਦਿਲਬਾਗ ਸਿੰਘ ਨੇ ਪਿਤਾ ਦੇ ਮੱਥੇ ‘ਚ ਗੋਲ਼ੀ ਦਾਗ ਦਿੱਤੀ। ਜਦੋਂ ਉਹ ਡਿੱਗ ਪਿਆ ਤਾਂ ਫਿਰ ਉਸ ਦੇ ਢਿੱਡ ‘ਚ ਵੀ ਗੋਲ਼ੀ ਮਾਰੀ। ਰਘਬੀਰ ਸਿੰਘ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਘਟਨਾ ਦਾ ਪਤਾ ਚਲਦਿਆਂ ਹੀ ਡੀਐੱਸਪੀ ਤਰਨਤਾਰਨ ਜਸਪਾਲ ਸਿੰਘ ਅਤੇ ਥਾਣਾ ਝਬਾਲ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਹਾਲਾਂਕਿ ਉਦੋਂ ਤਕ ਦਿਲਬਾਗ ਸਿੰਘ ਆਪਣੀ ਪਤਨੀ ਸਮੇਤ ਫ਼ਰਾਰ ਹੋ ਚੁੱਕਾ ਸੀ। ਡੀਐੱਸਪੀ ਜਸਪਾਲ ਸਿੰਘ ਨੇ ਦੱਸਿਆ ਕਿ ਲਾਸ਼ ਕਬਜ਼ੇ ਵਿੱਚ ਲੈ ਲਈ ਗਈ ਹੈ ਤੇ ਬਿਆਨ ਕਲਮਬੰਦ ਕਰ ਕੇ ਮੁਕੱਦਮਾ ਦਰਜ ਕਰ ਲਿਆ ਹੈ।

Exit mobile version