Site icon TV Punjab | Punjabi News Channel

ਵਾਲਮਾਟਰ, ਹਿਊਗੋ ਅਤੇ ਡੀਜ਼ਲ ਵਿਰੁੱਧ ਜ਼ਬਰਨ ਮਜ਼ਦੂਰੀ ਦੀ ਜਾਂਚ ਸ਼ੁਰੂ

ਵਾਲਮਾਟਰ, ਹਿਊਗੋ ਅਤੇ ਡੀਜ਼ਲ ਵਿਰੁੱਧ ਜ਼ਬਰਨ ਮਜ਼ਦੂਰੀ ਦੀ ਜਾਂਚ ਸ਼ੁਰੂ

Ottawa- ਕੈਨੇਡਾ ਦਾ ਕਾਰਪੋਰੇਟ ਵਾਚਡਾਗ ਵਾਲਮਾਰਟ, ਹਿਊਗੋ ਬਾਸ ਅਤੇ ਕੱਪੜਿਆਂ ਦੇ ਬਰੈਂਡ ਡੀਜ਼ਲ ਦੀ ਜਾਂਚ ਕਰੇਗਾ, ਕਿਉਂਕਿ ਇਨ੍ਹਾਂ ’ਤੇ ਚੀਨ ਦੀ ਨਸਲੀ ਘੱਟ ਗਿਣਤੀ ਉਈਗਰਾਂ ਦੇ ਜ਼ਬਰਦਸਤੀ ਮਜ਼ਦੂਰੀ ਸੋਸ਼ਣ ਕਰਨ ਦੇ ਦੋਸ਼ ਲੱਗੇ ਹਨ। ਇਨ੍ਹਾਂ ਦੋਸ਼ਾਂ ਮਗਰੋਂ ਕੈਨੇਡੀਅਨ ਓਮਬਡਜ਼ਪਰਸਨ ਫ਼ੌਰ ਰਿਸਪੌਨਸਿਬਲ ਐਂਟਰਪ੍ਰਾਈਜ਼ (CORE) ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਕੀ ਵਾਲਮਾਰਟ, ਹਿਊਗੋ ਬੌਸ ਅਤੇ ਡੀਜ਼ਲ ਦੀਆਂ ਸਪਲਾਈ ਚੇਨਾਂ ’ਚ ਜਬਰਨ ਮਜ਼ਦੂਰੀ ਮੌਜੂਦ ਹੈ?
ਜਾਂਚ ਉਦੋਂ ਹੋਈ ਹੈ ਜਦੋਂ ਕਿ ਤਿੰਨ ਕੰਪਨੀਆਂ, ਜਿਨ੍ਹਾਂ ਨੇ ਜਬਰੀ ਮਜ਼ਦੂਰੀ ਦੀ ਵਰਤੋਂ ਕਰਨ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ, ਨੇ ਦਾਅਵਿਆਂ ਦੇ ਮੁਢਲੇ ਮੁਲਾਂਕਣ ’ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਕੈਨੇਡਾ ਦੀ ਰਿਸਪੌਨਸਿਬਲ ਐਂਟਰਪ੍ਰਾਈਜ਼ ਓਮਬਡਜ਼ਪਰਸਨ ਦੇ ਬੁਲਾਰੇ ਸ਼ੈਰੀ ਮੇਅਰਹੌਫ਼ਰ ਨੇ ਵੀਰਵਾਰ ਨੂੰ ਤਿੰਨ ਰਿਪੋਰਟਾਂ ਜਾਰੀ ਕੀਤੀਆਂ ਹਨ ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਤਿੰਨਾਂ ’ਚੋਂਂ ਕਿਸੇ ਵੀ ਕੰਪਨੀ ਨੇ ਇਹ ਦਰਸਾਉਣ ਲਈ ਲੋੜੀਂਦਾ ਕੰਮ ਨਹੀਂ ਕੀਤਾ ਹੈ ਕਿ ਉਹ ਕੈਨੇਡਾ ’ਚ ਜਿਹੜੇ ਉਤਪਾਦ ਵੇਚਦੇ ਹਨ, ਉਹ ਬੰਧੂਆ ਜਾਂ ਜਬਰਨ ਮਜ਼ਦੂਰੀ ਤੋਂ ਮੁਕਤ ਹਨ।
ਸ਼ੈਰੀ ਮੇਅਰਹੌਫ਼ਰ ਨੇ ਕਿਹਾ ਕਿ ਪਾਰਟੀਆਂ ਵਿਚਕਾਰ ਵਿਚੋਲਗੀ ਇਸ ਵੇਲੇ ਕੋਈ ਵਿਕਲਪ ਨਹੀਂ ਹੈ, ਇਸ ਲਈ ਉਨ੍ਹਾਂ ਵਲੋਂ ਇਨ੍ਹਾਂ ਰਿਪੋਰਟਾਂ ’ਚ ਦੱਸੇ ਗਏ ਦੋਸ਼ਾਂ ਦੀ ਜਾਂਚ ਸ਼ੁਰੂ ਕੀਤੀ ਜਾਵੇਗੀ।
ਓਮਬਡਜ਼ਪਰਸਨ ਵਲੋਂ ਹੁਣ ਤੱਕ ਸਾਰੇ ਸੱਤ ਮੁਢਲੇ ਮੁਲਾਂਕਣ ਵੀਗਰ ਲੋਕਾਂ ਨਾਲ ਹੁੰਦੀ ਜਬਰਨ ਮਜ਼ਦੂਰੀ ਦੇ ਦੋਸ਼ਾਂ ਨਾਲ ਸਬੰਧਤ ਹਨ, ਹਾਲਾਂਕਿ ਚੀਨ ਨੇ ਪੁਰਜ਼ੋਰ ਤਰੀਕੇ ਨਾਲ ਅਜਿਹੇ ਵਰਤਾਰੇ ਤੋਂ ਇਨਕਾਰ ਕੀਤਾ ਹੈ।
ਤਿੰਨੋਂ ਕੰਪਨੀਆਂ ਦੀਆਂ ਕੈਨੇਡੀਅਨ ਸਬਸਿਡਰੀ ਕੰਪਨੀਆਂ ‘ਤੇ ਉਨ੍ਹਾਂ ਸਪਲਾਇਰਾਂ ’ਤੇ ਨਿਰਭਰ ਹੋਣ ਦਾ ਦੋਸ਼ ਹੈ ਜਿਹੜੇ ਕਿ ਚੀਨ ਦੇ ਸ਼ਿਨਜਿਆਂਗ ਖੇਤਰ ’ਚ ਕੰਮ ਕਰਨ ਲਈ ਮਜਬੂਰ ਕੀਤੇ ਗਏ ਵੀਗਰ ਲੋਕਾਂ ਤੋਂ ਸਮੱਗਰੀ ਪ੍ਰਾਪਤ ਕਰਦੇ ਹਨ।
ਹਾਲਾਂਕਿ ਵਾਲਮਾਰਟ, ਹਿਊਗੋ ਬੌਸ ਅਤੇ ਡੀਜ਼ਲ ਤਿੰਨੇ ਕਹਿੰਦੇ ਹਨ ਕਿ ਉਹ ਮਜ਼ਬੂਤ ਸਲੇਵਰੀ ਪ੍ਰੋਟੋਕੋਲ ਦਾ ਪਾਲਣ ਕਰਦੇ ਹਨ ਅਤੇ ਆਪਣੇ ਉਤਪਾਦਾਂ ਦੇ ਸਰੋਤ ਦੀ ਜਾਂਚ ਕਰਦੇ ਹਨ, ਪਰ ਸ਼ੈਰੀ ਨੇ ਕਿਹਾ ਕਿ ਕਿਸੇ ਨੇ ਵੀ ਵਿਸ਼ੇਸ਼ ਦੋਸ਼ਾਂ ਬਾਰੇ ਲੋੜੀਂਦੀ ਜਾਣਕਾਰੀ ਨਹੀਂ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਚੁਣੌਤੀ ਇਹ ਹੈ ਕਿ ਸ਼ਿਨਜਿਆਂਗ ਦੇ ਉਤਪਾਦਾਂ ਨੂੰ ਅਕਸਰ ਦੂਜੇ ਦੇਸ਼ਾਂ ’ਚ ਭੇਜਿਆ ਜਾਂਦਾ ਹੈ, ਮਤਲਬ ਕਿ ਵੀਅਤਨਾਮ ਵਰਗੇ ਦੇਸ਼ਾਂ ਤੋਂ ਹੁੰਦੇ ਆਯਾਤ ’ਚ ਚੀਨ ਦੀ ਜਬਰਨ ਮਜ਼ਦੂਰੀ ਸ਼ਾਮਲ ਹੋ ਸਕਦੀ ਹੈ ਜੇਕਰ ਇਸ ਨੂੰ ਧਿਆਨ ਨਾਲ ਟਰੇਸ ਨਹੀਂ ਕੀਤਾ ਜਾਂਦਾ।
ਉੱਧਰ ਆਪਣੇ ਵਿਰੁੱਧ ਲੱਗੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਹਿਊਗੋ ਬਾਸ ਦੇ ਬੁਲਾਰੇ ਨੇ ਕਿਹਾ ਕਿ ਇਹ ‘ਦੋਸ਼ ਬਿਨਾਂ ਕਿਸੇ ਆਧਾਰ’ ਦੇ ਸਨ ਅਤੇ ਜਾਂਚ ਸਪਲਾਇਰ ਸਬੰਧਾਂ ਦੇ ਆਧਾਰ ’ਤੇ ਸ਼ੁਰੂ ਕੀਤੀ ਗਈ ਸੀ, ਜਿਹੜੀ ਕਿ ਪਿਛਲੇ ਸਾਲ ਖ਼ਤਮ ਹੋ ਗਈ ਸੀ।
ਬੁਲਾਰੇ ਨੇ ਅੱਗੇ ਕਿਹਾ, ‘‘ਸਾਡਾ ਮੰਨਣਾ ਹੈ ਕਿ ਕਥਿਤ ਸਪਲਾਇਰ ਸਬੰਧਾਂ ਦੇ ਅਧਾਰ ’ਤੇ ਜਾਂਚ ਸ਼ੁਰੂ ਕਰਨਾ ਗਲਤ ਹੈ ਜੋ ਹੁਣ ਮੌਜੂਦ ਨਹੀਂ ਹੈ।’’
ਉੱਧਰ ਵਾਲਮਾਰਟ ਅਤੇ ਡੀਜ਼ਲ ਨੇ ਇਸ ਬਾਰੇ ’ਚ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

Exit mobile version