Site icon TV Punjab | Punjabi News Channel

ਬ੍ਰਿਟਿਸ਼ ਕੋਲੰਬੀਆ ਦੇ ਪ੍ਰਿੰਸ ਜਾਰਜ ’ਚ ਹੋਇਆ ਜ਼ਬਰਦਸਤ ਧਮਾਕਾ, ਕਈ ਲੋਕ ਜ਼ਖ਼ਮੀ

ਬਿ੍ਰਟਿਸ਼ ਕੋਲੰਬੀਆ ਦੇ ਪਿ੍ਰੰਸ ਜਾਰਜ ’ਚ ਹੋਇਆ ਜ਼ਬਰਦਸਤ ਧਮਾਕਾ, ਕਈ ਲੋਕ ਜ਼ਖ਼ਮੀ

Prince George- ਬ੍ਰਿਟਿਸ਼ ਕੋਲੰਬੀਆ ਦਾ ਡਾਊਨਟਾਊਨ ਪ੍ਰਿੰਸ ਜਾਰਜ ਮੰਗਲਵਾਰ ਨੂੰ ਹੋਏ ਇੱਕ ਜ਼ਬਰਦਸਤ ਧਮਾਕੇ ਕਾਰਨ ਦਹਿਲ ਗਿਆ। ਇਸ ਦੌਰਾਨ ਕਈ ਲੋਕ ਜ਼ਖ਼ਮੀ ਵੀ ਹੋਏ ਹਨ। ਪ੍ਰਿੰਸ  ਜਾਰਜ ਆਰ. ਸੀ. ਐਮ. ਪੀ. ਮੁਤਾਬਕ ਇਹ ਧਮਾਕਾ ਸਵੇਰੇ ਕਰੀਬ 7 ਵਜੇ ਫੋਰਥ ਐਵੇਨਿਊ ਅਤੇ ਡੋਮੀਨੀਅਨ ਸਟਰੀਟ ਦੇ ਨੇੜੇ ਇੱਕ ਖ਼ਾਲੀ ਇਮਾਰਤ ’ਚ ਹੋਇਆ। ਧਮਾਕੇ ਤੋਂ ਬਾਅਦ ਤਿੰਨ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ’ਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਕਿਹਾ ਜਾ ਰਿਹਾ ਹੈ ਕਿ ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀਆਂ ਆਵਾਜ਼ਾ ਪ੍ਰਿੰਸ ਜਾਰਜ ਸ਼ਹਿਰ ’ਚ ਦੂਰ-ਦੂਰ ਤੱਕ ਸੁਣਾਈ ਦਿੱਤੀਆਂ। ਧਮਾਕੇ ਤੋਂ ਬਾਅਦ ਪੂਰੀ ਇਮਾਰਤ ’ਚ ਅੱਗ ਲੱਗੀ ਗਈ ਅਤੇ ਕਾਲਾ ਧੂੰਆਂ ਆਸਮਾਨੀ ਚੜ੍ਹ ਗਿਆ। ਫਾਇਰਫਾਈਟਰਜ਼ ਨੇ ਕਾਫ਼ੀ ਮਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ।
ਇਸ ਸੰਬੰਧ ’ਚ ਗੱਲਬਾਤ ਕਰਦਿਆਂ ਆਰ. ਸੀ. ਐਮ. ਪੀ. ਅਧਿਕਾਰੀ ਜੈਨੀਫਰ ਕੂਪਰ ਨੇ ਕਿਹਾ ਕਿ ਇਹ ਅੰਦਾਜ਼ਾ ਲਗਾਉਣਾ ਫਿਲਹਾਲ ਜਲਦਬਾਜ਼ੀ ਹੋਵੇਗਾ ਕਿ ਇਹ ਧਮਾਕਾ ਸ਼ੱਕੀ ਸੀ ਜਾਂ ਨਹੀਂ। ਕੂਪਰ ਨੇ ਇੱਕ ਨਿਊਜ਼ ਰਿਲੀਜ਼ ’ਚ ਕਿਹਾ ਕਿ ਹਾਈਡਰੋ ਨੂੰ ਆਲੇ-ਦੁਆਲੇ ਦੇ ਖੇਤਰਾਂ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਇਹ ਅਣਮਿੱਥੇ ਸਮੇਂ ਲਈ ਇਸ ਤਰੀਕੇ ਨਾਲ ਰਹੇਗਾ।
ਦੱਸ ਦਈਏ ਕਿ ਜਿਵੇਂ ਹੀ ਇਹ ਧਮਾਕਾ ਹੋਇਆ, ਇਸ ਮਗਰੋਂ ਛੇਤੀ ਹੀ ਸੋਸ਼ਲ ਮੀਡੀਆ ’ਤੇ ਇਸ ਦੀਆਂ ਵੀਡੀਓਜ਼ ਵਾਇਰਲ ਹੋਣ ਲੱਗੀਆਂ ਅਤੇ ਹਰ ਵਿਅਕਤੀ ਨੇ ਇਸ ਧਮਾਕੇ ਬਾਰੇ ਆਪਣੀ-ਆਪਣੀ ਪ੍ਰਤੀਕਿਰਿਆ ਦਿੱਤੀ। ਉੱਧਰ ਆਰ. ਸੀ. ਐਮ. ਪੀ. ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੇ ਘਟਨਾ ਜਾਂ ਉਸ ਤੋਂ ਬਾਅਦ ਦੀ ਵੀਡੀਓ ਰਿਕਾਰਡ ਕੀਤੀ ਹੈ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰਨ।
ਉੱਧਰ ਇਸ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਪ੍ਰਿੰਸ ਜਾਰਜ ਦੇ ਮੇਅਰ ਸਾਈਮਨ ਯੂ ਨੇ ਦੱਸਿਆ ਕਿ ਇਹ ਧਮਾਕਾ ਇੱਕ ਮੰਜ਼ਲਾ ਪੁਰਾਣੇ ਰੈਸਟੋਰੈਂਟ ’ਚ ਹੋਇਆ, ਜਿਹੜਾ ਕਿ ਕੁਝ ਸਮੇਂ ਤੋਂ ਖ਼ਾਲੀ ਸੀ। ਉਨ੍ਹਾਂ ਦੱਸਿਆ ਕਿ ਧਮਾਕਾ ਸਵੇਰੇ 7 ਵਜੇ ਹੋਇਆ, ਜਿਹੜਾ ਕਿ ਕਾਫ਼ੀ ਹਿੰਸਕ ਸੀ। ਉਨ੍ਹਾਂ ਕਿਹਾ, ‘‘ਇਹ ਕੋਈ ਚੰਗੀ ਗੱਲ ਨਹੀਂ ਹੈ ਜੋ ਹੋ ਰਿਹਾ ਹੈ।…ਅਸੀਂ ਸਥਿਤੀ ਦੀ ਸਰਗਰਮੀ ਨਾਲ ਨਿਗਰਾਨੀ ਕਰ ਰਹੇ ਹਾਂ।’’

Exit mobile version