ਜਲੰਧਰ- ਆਮ ਆਦਮੀ ਪਾਰਟੀ ਦੀ ਪੰਜਾਬ ਚ ਸਰਕਾਰ ਨੂੰ ਇਕ ਸਾਲ ਪੂਰਾ ਹੋ ਗਿਆ ਹੈ ।ਇਸ ਦੌਰਾਨ ਸਰਕਾਰ ਨੇ ਜਿੱਥੇ ਕਈ ਗਾਰੰਟੀਆਂ ਕਰਕੇ ਜਨਤਾ ਦਾ ਵਾਹ-ਵਾਹੀ ਲੁੱਟੀ ਹੈ । ਉੱਥੇ ਵਿਧਾਇਕਾਂ ਅਤੇ ਮੰਤਰੀਆਂ ਦੇ ਕਾਰਨਾਮਿਆਂ ਨੇ ਜਨਤਾ ਦੇ ਵਿਸ਼ਵਾਸ ਨੂੰ ਤੋੜਿਆ ਵੀ ਹੈ ।ਹੁਣ ਤਾਜ਼ਾ ਮਾਮਲਾ ਜਲੰਧਰ ਦਾ ਹੈ । ਇੱਥੋਂ ਦੇ ਇਕ ‘ਆਪ’ ਵਿਧਾਇਕ ਦੀ ਆਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਜਿਸ ਵਿੱਚ ਵਿਧਾਇਕ ਆਪਣੇ ਹੀ ਹਲਕੇ ਦੇ ਦੁਕਾਨਦਾਰ ਨੂੰ ‘ਨੰਗਿਆ’ ਕਰਨ ਦੀ ਧਮਕੀ ਦੇ ਰਿਹਾ ਹੈ ।
ਵਾਇਰਲ ਆਡੀਓ ਚ ਵਿਧਾਇਕ ਉਕਤ ਦੁਕਾਨਦਾਰ ‘ਤੇ ਇਸ ਲਈ ਭੜਕਦਾ ਹੈ ਕਿਉਂਕਿ ਉਸਨੇ ਵਿਧਾਇਕ ਦੇ ਦਫਤਰ ਚ ਕੰਮ ਕਰਨ ਵਾਲੇ ਸਾਬਕਾ ਮੁਲਾਜ਼ਮ ਦੀ ਮਦਦ ਕੀਤੀ ਸੀ ।ਇੰਜ ਜਾਪਦਾ ਹੈ ਕਿ ਜਿਵੇਂ ਵਿਧਾਇਕ ਵਲੋਂ ਕੰਮ ਤੋਂ ਕੱਢਣ ਤੋਂ ਬਾਅਦ ਉਕਤ ਵਿਅਕਤੀ ਨੇ ਉਸਨੂੰ ਨੌਕਰੀ ਦਿੱਤੀ ਹੋਵੇ ।ਵਿਧਾਇਕ ਜਿੱਥੇ ਦੁਕਾਨਦਾਰ ਨੂੰ ਲਗਾਤਾਰ ਧਮਕਾਉਂਦਾ ਹੈ ਉੱਥੇ ਹੀ ਦੁਕਾਨਦਾਰ ਬੜੇ ਹੀ ਪਿਆਰ ਨਾਲ ਵਿਧਾਇਕ ਨਾਲ ਗੱਲ ਕਰਦਾ ਹੈ । ਸੱਤਾ ਦੇ ਨਸ਼ੇ ਚ ਚੂਰ ਵਿਧਾਇਕ ਸਾਹਿਬ ਦੁਮਾਨਦਾਰ ਨੂੰ ਸੜਕ ‘ਤੇ ਨੰਗਿਆ ਕਰਨ ਦੀ ਧਮਕੀ ਦਿੰਦੇ ਹਨ । ਕਹਿੰਦੇ ਹਨ ਕਿ ਉਸਦੇ ਲਿੰਕ ਹਲਕੇ ਚ ਚਿੱਟੇ ਵੇਚਣ ਵਾਲਿਆਂ ਦੇ ਨਾਲ ਹਨ ।ਦੋ ਦਿਨ ਦੇ ਅੰਦਰ ਹੀ ਉਹ ਉਸਨੂੰ ਸਬਕ ਸਿਖਾ ਦੇਣਗੇ । ਇਹ ਇਲਜ਼ਾਮ ਸੁਣ ਕੇ ਦੁਕਾਨਦਾਰ ‘ਆਪ’ ਦੇ ਹੀ ਸਾਬਕਾ ਅਹੁਦੇਦਾਰ ਅਤੇ ਉਸੇ ਹਲਕੇ ਦੇ ਟਿਕਟ ਦੇ ਦੇ ਪ੍ਰਬਲ ਦਾਅਵੇਦਾਰ ਸ਼ਿਵ ਦਿਆਲ ਮਾਲੀ ਦਾ ਨਾਂਅ ਲੈਂਦਾ ਹੈ । ਉਸ ਤੋਂ ਸਾਬਿਤ ਹੋ ਜਾਂਦਾ ਹੈ ਕਿ ਮਾਮਲਾ ਚੋਰੀ ਜਾਂ ਮੁਲਾਜ਼ਮ ਦਾ ਨਾ ਹੋ ਕੇ ਕੁੱਝ ਹੱਦ ਤੱਕ ਸਿਆਸੀ ਹੈ ।
ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਇਹ ਆਡਿਓ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਹੈ । ਉਨ੍ਹਾਂ ਮੁਤਾਬਿਕ ਇਹ ਕਥਿਤ ਧਮਕੀ ਭਰੀ ਕਾਲ ਜਲੰਧਰ ਦੇ ਵੈਸਟ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਦੀ ਹੈ । ਜਿਸ ਵਿੱਚ ਉਹ ਸੋਨੂੰ ਨਾਂਅ ਦੇ ਦੁਕਾਨਦਾਰ ਨੂੰ ਸੱਤਾ ਦੀ ਧੌਂਸ ਜਤਾ ਕੇ ਧਮਕਾ ਰਹੇ ਹਨ ।ਖਹਿਰਾ ਲਿਖਦੇ ਹਨ ਕਿ ‘ਆਪ’ ਵਿਧਾਇਕ ਅੰਹੁਰਾਲ ਵਲੋਂ ਕਿਸੇ ਵਿਅਕਤੀ ਨੂੰ ਚਿੱਟੇ ਦੇ ਕੇਸ ਚ ਪੰਸਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ । ਖਹਿਰਾ ਮੁਤਾਬਿਕ ਕੱਟੜ ਸਰਕਾਰ ਦੀ ਫੌਜ ਆਮ ਜਨਤਾ ਨਾਲ ਧੱਕੇਸ਼ਾਹੀ ਕਰ ਰਹੀ ਹੈ ।
ਵਿਧਾਇਕ ਸ਼ੀਤਲ ਅੰਗੁਰਾਲ ਦੀ ਗੱਲ ਕਰੀਏ ਤਾਂ ਇਹ ਉਸ ਵੇਲੇ ਚਰਚਾ ਚ ਆਏ ਸਨ ਜਦੋਂ ਇਸਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਉਨ੍ਹਾਂ ਨੂੰ ਪੈਸੇ ਦੇ ਬਦਲੇ ਪਾਰਟੀ ਛੱਡਣ ਦੀ ਪੇਸ਼ਕਸ਼ ਕਰਨ ਦੇ ਇਲਜ਼ਾਮ ਲਗਾਏ ਸਨ ।ਸ਼ੀਤਲ ਦਾ ਕਹਿਣਾ ਸੀ ਕਿ ਭਾਰਤੀ ਜਨਤਾ ਪਾਰਟੀ ‘ਆਪ’ ਵਿਧਾਇਕਾਂ ਨੂੰ ਖਰੀਦ ਕੇ ਪੰਜਾਬ ਦੀ ‘ਆਪ’ ਸਰਕਾਰ ਡਿਗਾਉਣਾ ਚਾਹੁੰਦੀ ਹੈ ।ਸ਼ੀਤਲ ਨੇ ਦਾਅਵਾ ਕੀਤਾ ਸੀ ਕਿ ਉਸਨੂੰ ਪੇਸ਼ਕੇਸ਼ ਕਰਨ ਵਾਲੀ ਫੋਨ ਕਾਲ ਦੀ ਉਨ੍ਹਾਂ ਕੋਲ ਰਿਕਾਰਡਿੰਗ ਹੈ ।ਵਿਧਾਇਕ ਵਲੋਂ ਇਸ ਬਾਬਤ ਡੀ.ਜੀ.ਪੀ ਪੰਜਾਬ ਨੂੰ ਸ਼ਿਕਾਇਤ ਦਿੱਤੀ ਗਈ ਸੀ । ਪਰ ਜਾਂਚ ਅਤੇ ਇਹ ਕੇਸ ਅਜੇ ਤੱਕ ਗੁਪਤ ਹੀ ਹੈ ।