ਡੈਸਕ- ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ (4 ਜਨਵਰੀ ਨੂੰ) ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਦਿੱਲੀ ਸਰਕਾਰ ਦੇ ਮੰਤਰੀ ਆਤਿਸ਼ੀ ਅਤੇ ਸੌਰਭ ਭਾਰਦਵਾਜ ਨੇ ਬੁਧਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਅਪਣੀ ਪੋਸਟ ਜ਼ਰੀਏ ਖਦਸ਼ਾ ਜ਼ਾਹਰ ਕੀਤਾ ਹੈ।
ਆਤਿਸ਼ੀ ਨੇ ਅਪਣੀ ਪੋਸਟ ‘ਚ ਲਿਖਿਆ- ਖ਼ਬਰਾਂ ਆ ਰਹੀਆਂ ਹਨ ਕਿ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ‘ਤੇ ਈਡੀ ਦੀ ਛਾਪੇਮਾਰੀ ਹੋਵੇਗੀ ਗ੍ਰਿਫਤਾਰੀ ਦੀ ਵੀ ਸੰਭਾਵਨਾ ਹੈ। ਸੌਰਭ ਭਾਰਦਵਾਜ ਨੇ ਲਿਖਿਆ- ਈਡੀ ਸਵੇਰੇ ਮੁੱਖ ਮੰਤਰੀ ਕੇਜਰੀਵਾਲ ਨੂੰ ਉਨ੍ਹਾਂ ਦੇ ਘਰ ਗ੍ਰਿਫ਼ਤਾਰ ਕਰਨ ਜਾ ਰਹੀ ਹੈ।
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਦਿਆਂ ਲਿਖਿਆ,“ਅਜਿਹਾ ਲੱਗ ਰਿਹਾ ਹੈ ਕਿ ਸੱਭ ਕੁੱਝ ਤਿਆਰ ਹੈ। ਸੂਤਰਾਂ ਤੋਂ ਮਿਲੀ ਖ਼ਬਰ ਮੁਤਾਬਕ ਈਡੀ ਸਾਡੇ ਆਗੂ ਅਰਵਿੰਦ ਕੇਜਰੀਵਾਲ ਨੂੰ ਕਦੀ ਵੀ ਗ੍ਰਿਫ਼ਤਾਰ ਕਰ ਸਕਦੀ ਹੈ। ਉਹ ਅਰਵਿੰਦ ਕੇਜਰੀਵਾਲ ਹਨ। ਤੁਸੀਂ ਉਨ੍ਹਾਂ ਨੂੰ ਪਿੰਜਰੇ ਵਿਚ ਕੈਦ ਨਹੀਂ ਕਰ ਸਕਦੇ, ਉਹ ਹੋਰ ਵੱਡੇ ਹੋ ਕੇ ਆਉਣਗੇ”।
ਖ਼ਬਰਾਂ ਮੁਤਾਬਕ ਇਸ ਤੋਂ ਪਹਿਲਾਂ ਪੁਲਿਸ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਘਰ ਨੂੰ ਜਾਣ ਵਾਲੇ ਦੋਵੇਂ ਰਸਤੇ ਬੰਦ ਕਰ ਦਿਤੇ ਹਨ। ਮੁੱਖ ਮੰਤਰੀ ਨਿਵਾਸ ਦੇ ਸਟਾਫ਼ ਨੂੰ ਵੀ ਉਥੇ ਜਾਣ ਤੋਂ ਰੋਕਿਆ ਜਾ ਰਿਹਾ ਹੈ। ਰਿਹਾਇਸ਼ ਦੇ ਚਾਰੇ ਪਾਸਿਉਂ ਘੇਰਾਬੰਦੀ ਕੀਤੀ ਗਈ ਹੈ।
ਇਸ ਵਿਚਾਲੇ ਦਿੱਲੀ ਭਾਜਪਾ ਦੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਰੌਲਾ ਪਾ ਰਹੇ ਹਨ ਕਿ ਈਡੀ ਦਿੱਲੀ ਦੇ ਮੁੱਖ ਮੰਤਰੀ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ, ਕੀ ਈਡੀ ਉਨ੍ਹਾਂ ਨੂੰ ਦੱਸ ਕੇ ਆਏਗੀ? ਭਾਜਪਾ ਆਗੂ ਨੇ ਕਿਹਾ ਕਿ ਜੇਕਰ ਕੋਈ ਘਪਲਾ ਨਹੀਂ ਹੋਇਆ ਤਾਂ ਡਰਨ ਦੀ ਲੋੜ ਨਹੀਂ ਹੈ। ਆਮ ਆਦਮੀ ਪਾਰਟੀ ਇਸ ਨੂੰ ਵੀ ਇਵੈਂਟ ਬਣਾਉਣਾ ਚਾਹੁੰਦੀ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਈਡੀ ਨੇ ਕੇਜਰੀਵਾਲ ਨੂੰ ਤੀਜੀ ਵਾਰ ਸੰਮਨ ਭੇਜ ਕੇ ਪੁੱਛਗਿੱਛ ਲਈ ਬੁਲਾਇਆ ਸੀ। ਹਾਲਾਂਕਿ ਕੇਜਰੀਵਾਲ ਪੇਸ਼ ਨਹੀਂ ਹੋਏ। ਇਸ ਤੋਂ ਪਹਿਲਾਂ ਈਡੀ ਨੇ ਉਨ੍ਹਾਂ ਨੂੰ 2 ਨਵੰਬਰ ਅਤੇ 21 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਸੀ। ਅਰਵਿੰਦਕੇਜਰੀਵਾਲ ਨੇ ਇਨ੍ਹਾਂ ਦੋਵਾਂ ਸੰਮਨਾਂ ਨੂੰ ਗੈਰ-ਕਾਨੂੰਨੀ ਅਤੇ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿਤਾ ਸੀ।