Site icon TV Punjab | Punjabi News Channel

‘ਆਪ’ ਤੋਂ ਬਾਅਦ ਹੁਣ ਅਕਾਲੀ ਦਲ ਦੇ ਉਮੀਦਵਾਰ ਨੇ ਛੱਡੀ ਪਾਰਟੀ

ਡੈਸਕ- ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਚੰਡੀਗੜ੍ਹ ਤੋਂ ਉਮੀਦਵਾਰ ਅਤੇ ਪਾਰਟੀ ਦੇ ਨਗਰ ਨਿਗਮ ਵਿੱਚ ਇੱਕੋ ਇੱਕ ਕੌਂਸਲਰ ਹਰਦੀਪ ਸਿੰਘ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ।

ਚੰਡੀਗੜ੍ਹ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਬੁਟੇਰਲਾ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਸੋਮਵਾਰ ਨੂੰ ਉਨ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਟਿਕਟ ਵਾਪਸ ਕਰ ਦਿੱਤੀ। ਬੁਟੇਰਲਾ ਨੇ ਇਲਜ਼ਾਮ ਲਗਾਇਆ ਹੈ ਕਿ ਚੋਣ ਲੜਨ ਤੋਂ ਪਹਿਲਾਂ ਪਾਰਟੀ ਅੱਗੇ ਮੰਗ ਰੱਖੀ ਗਈ ਸੀ ਕਿ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਵਿੱਚ ਪਹਿਲੀ ਵਾਰ ਚੋਣ ਲੜ ਰਿਹਾ ਹੈ। ਇਸ ਲਈ ਚੰਡੀਗੜ੍ਹ ਵਿੱਚ ਚੋਣ ਲੜਨ ਲਈ ਸੀਨੀਅਰ ਆਗੂਆਂ ਦੀ ਲੋੜ ਪਵੇਗੀ ਪਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਾਲੇ ਵੀ 13 ਸੀਟਾਂ ਤੇ ਚੋਣ ਪ੍ਰਚਾਰ ਕਰ ਰਹੇ ਹਨ। ਉਹ 14ਵੀਂ ਸੀਟ ਭੁੱਲ ਗਏ।

ਹਰਦੀਪ ਸਿੰਘ ਚੰਡੀਗੜ੍ਹ ਅਕਾਲੀ ਦਲ ਦੇ ਪ੍ਰਧਾਨ ਅਤੇ ਨਗਰ ਨਿਗਮ ਵਿਚ ਪਾਰਟੀ ਦੇ ਇਕਲੌਤੇ ਕੌਂਸਲਰ ਹਨ। ਹਰਦੀਪ ਸਿੰਘ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਨਾਲ ਚੰਡੀਗੜ੍ਹ ਅਕਾਲੀ ਦਲ ਦੀਆਂ ਸਾਰੀਆਂ ਇਕਾਈਆਂ ਦੇ ਪ੍ਰਧਾਨਾਂ ਨੇ ਵੀ ਅਸਤੀਫੇ ਦੇ ਦਿੱਤੇ ਹਨ। ਉਹ ਕਿਸੇ ਹੋਰ ਪਾਰਟੀ ਵਿੱਚ ਨਹੀਂ ਜਾਣਗੇ। ਉਹ ਪਾਰਟੀ ਦੀਆਂ ਨੀਤੀਆਂ ਤੋਂ ਨਾਰਾਜ਼ ਹੋਣ ਕਾਰਨ ਹੀ ਪਾਰਟੀ ਛੱਡ ਰਹੇ ਹਨ।

ਬੁਟਰਲਾ ਨੇ ਕਿਹਾ ਕਿ ਮੈਂ ਇੱਕ ਗਰੀਬ ਕਿਸਾਨ ਦਾ ਪੁੱਤਰ ਹਾਂ। ਮੈਂ ਇਕੱਲਾ ਚੋਣ ਨਹੀਂ ਲੜ ਸਕਦਾ। ਮੈਨੂੰ ਪਾਰਟੀ ਫੰਡਾਂ ਦੀ ਲੋੜ ਸੀ, ਪਰ ਪਾਰਟੀ ਵੱਲੋਂ ਮੈਨੂੰ ਫੰਡ ਨਹੀਂ ਦਿੱਤੇ ਗਏ। ਮੈਂ ਆਪਣੇ ਦਮ ‘ਤੇ ਤਿੰਨ ਵਾਰ ਨਗਰ ਕੌਂਸਲਰ ਦੀ ਚੋਣ ਲੜ ਕੇ ਜਿੱਤ ਚੁੱਕਾ ਹਾਂ। ਮੇਰਾ ਕੋਈ ਪਿਤਾ ਨਹੀਂ ਹੈ। ਮੈਂ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਤੁਸੀਂ ਮੇਰੇ ਪਿਤਾ ਹੋ, ਪਰ ਉਨ੍ਹਾਂ ਨੇ ਮੇਰੀ ਗੱਲ ਨਹੀਂ ਸੁਣੀ।

13 ਫ਼ਰਵਰੀ 1983 ਨੂੰ ਜਨਮੇ ਹਰਦੀਪ ਸਿੰਘ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਨਾਲ ਸ਼ੁਰੂ ਕੀਤੀ। ਉਹਨਾਂ ਦਾ ਪਰਿਵਾਰ ਟਕਸਾਲੀ ਅਕਾਲੀ ਹੈ। ਉਹਨਾਂ ਦੇ ਪਿਤਾ ਗੁਰਨਾਮ ਸਿੰਘ ਵੀ ਚੰਡੀਗੜ੍ਹ ਨਗਰ ਨਿਗਮ ਦੇ ਕੌਂਸਲਰ ਰਹੇ ਸਨ। ਉਹਨਾਂ ਨੇ ਸਾਲ 2006 ਵਿੱਚ ਚੋਣ ਜਿੱਤੀ ਸੀ।

ਇਸ ਤੋਂ ਬਾਅਦ ਉਹਨਾਂ ਦੇ ਭਰਾ ਗੁਰਦਾਸ ਸਿੰਘ ਵੀ ਚੋਣ ਜਿੱਤਕੇ 2013 ਵਿੱਚ ਨਗਰ ਨਿਗਮ ਦੇ ਕੌਂਸਲਰ ਬਣੇ। ਹਰਦੀਪ ਸਿੰਘ ਲਗਾਤਾਰ 3 ਵਾਰ ਕੌਂਸਲਰ ਰਹੇ ਹਨ। ਉਹਨਾਂ ਨੇ 2015,16 ਅਤੇ 21 ਵਿੱਚ ਚੋਣ ਜਿੱਤੀ। ਇਸ ਦੌਰ ਉਹ ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਤੇ ਵੀ ਰਹੇ। ਸਾਲ 2018 ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਚੰਡੀਗੜ੍ਹ ਇਕਾਈ ਦਾ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ ਸੀ ਅਤੇ ਉਹ ਹੁਣ ਤੱਕ ਇਸ ਅਹੁਦੇ ਤੇ ਸੇਵਾਵਾਂ ਨਿਭਾਅ ਰਹੇ ਸਨ।

Exit mobile version