Site icon TV Punjab | Punjabi News Channel

ਕੇ.ਪੀ ਨੇ ਦਿੱਤਾ ਕਾਂਗਰਸ ਨੂੰ ਝਟਕਾ, ਅਕਾਲੀ ਦਲ ਨੇ ਐਲਾਨਿਆ ਉਮੀਦਵਾਰ

ਡੈਸਕ- ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਦੋਆਬਾ ਖੇਤਰ ਵਿਚ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਐਮ ਪੀ ਸ੍ਰੀ ਮਹਿੰਦਰ ਸਿੰਘ ਕੇ.ਪੀ. ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਪਾਰਟੀ ਵਿਚ ਸ਼ਾਮਲ ਹੋ ਗਏ। ਸ੍ਰੀ ਕੇ ਪੀ ਨੂੰ ਅਕਾਲੀ ਦਲ ਨੇ ਜਲੰਧਰ ਰਾਖਵੇਂ ਹਲਕੇ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਸ੍ਰੀ ਕੇ.ਪੀ. ਇਕ ਸਾਫ ਸੁਥਰੇ ਅਕਸ ਵਾਲੇ ਸਿਆਸਤਦਾਨ ਹਨ ਜਿਹਨਾਂ ਨੇ ਸਿਵਲ ਸਮਾਜ ਦੇ ਨਾਲ-ਨਾਲ ਦਲਿਤ ਸਮਾਜ ਦੀ ਬੇਹਤਰੀ ਵਾਸਤੇ ਅਣਥੱਕ ਕੰਮ ਕੀਤਾ ਹੈ। ਸਰਦਾਰ ਸੁਖਬੀਰ ਬਾਦਲ ਨੇ ਕਿਹਾ ਕਿ ਸ੍ਰੀ ਕੇ ਪੀ ਦੇ ਪਾਰਟੀ ਵਿਚ ਸ਼ਾਮਲ ਹੋਣ ਨਾਲ ਇਸ ਹਲਕੇ ਵਿਚ ਅਕਾਲੀ ਦਲ ਨੂੰ ਵੱਡੀ ਮਦਦ ਮਿਲੇਗੀ।

ਆਪਣੀ ਰਿਹਾਇਸ਼ ’ਤੇ ਹੋਏ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਕੇ.ਪੀ. ਨੇ ਕਿਹਾ ਕਿ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਦੀ ਸਰਕਾਰ ਵੇਲੇ ਕੀਤੇ ਬੁਨਿਆਦੀ ਢਾਂਚੇ ਦੇ ਰਿਕਾਰਡ ਵਿਕਾਸ ਤੋਂ ਪ੍ਰਭਾਵਤ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਅਕਾਲੀ ਦਲ ਇਸ ਕਰ ਕੇ ਚੁਣਿਆ ਕਿਉਂਕਿ ਉਹ ਪੰਜਾਬ ਦੇ ਲਟਕਦੇ ਮਸਲੇ ਹੱਲ ਕਰਨ ਵਾਸਤੇ ਦ੍ਰਿੜ੍ਹ ਸੰਕਲਪ ਹੈ। ਉਹਨਾਂ ਕਿਹਾ ਕਿ ਉਹ ਇਹ ਵੀ ਮਹਿਸੂਸ ਕਰਦੇ ਹਨ ਕਿ ਅੱਜ ਦੇ ਸਿਆਸੀ ਹਾਲਾਤ ਵਿਚ ਸਿਰਫ ਇਕ ਖੇਤਰੀ ਪਾਰਟੀ ਹੀ ਪੰਜਾਬੀਆਂ ਦੀਆਂ ਆਸਾਂ ਨੂੰ ਹੱਲ ਕਰ ਸਕਦੀ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਭਾਜਪਾ ਵੱਲੋਂ ਘੱਟ ਗਿਣਤੀਆਂ ਨੂੰ ਨਿਸ਼ਾਨੇ ’ਤੇ ਲੈਣ ਦੀ ਵੀ ਸਖ਼ਤ ਨਿਖੇਧੀ ਕੀਤੀ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਘੱਟ ਗਿਣਤੀਆਂ ਦੇ ਖਿਲਾਫ ਬਿਆਨ ਨਹੀਂ ਦੇਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਭਾਜਪਾ ਦੀ ਇਕ ਭਾਈਚਾਰੇ ਨੂੰ ਦੂਜੇ ਨਾਲ ਲੜਾਉਣ ਦੀ ਨੀਤੀ ਦੇਸ਼ ਦੇ ਹਿੱਤ ਵਿਚ ਨਹੀਂ ਹੈ। ਇਹ ਮੁਲਕ ਹਰ ਕਿਸੇ ਦਾ ਹੈ। ਜੇਕਰ ਇਸ ਦੇਸ਼ ਵਿਚ ਕਿਸੇ ਧਰਮ ਦਾ ਸਿਰਫ ਇਕ ਹੀ ਵਿਅਕਤੀ ਹੈ ਤਾਂ ਵੀ ਉਸਨੂੰ ਉਹ ਸਾਰੇ ਅਧਿਕਾਰ ਹਨ ਜੋ ਬਹੁ ਗਿਣਤੀ ਲੋਕਾਂ ਕੋਲ ਹਨ।

ਸਰਦਾਰ ਬਾਦਲ ਨੇ ਸਾਰੀਆਂ ਕੌਮੀ ਪਾਰਟੀਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਸਾਰੀਆਂ ਪਾਰਟੀਆਂ ਨੂੰ ਇਸ ਦੇਸ਼ ਨੂੰ ਸਭ ਦਾ ਮੰਨਣਾ ਚਾਹੀਦਾ ਹੈ ਨਾ ਕਿ ਕਿਸੇ ਇਕ ਭਾਈਚਾਰੇ ਦਾ ਮੰਨਣਾ ਚਾਹੀਦਾ ਹੈ ਨਹੀਂ ਤਾਂ ਦੇਸ਼ ਵਿਕਾਸ ਹੀ ਨਹੀਂ ਕਰ ਸਕੇਗਾ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦਿੱਲੀ ਵਾਲੀਆਂ ਪਾਰਟੀਆਂ ਵੱਲੋਂ ਇਕ ਭਾਈਚਾਰੇ ਨੂੰ ਦੂਜੇ ਨਾਲ ਲੜਾਉਣ ਦੀ ਨੀਤੀ ਦੇ ਉਲਟ ਅਕਾਲੀ ਦਲ ਪੰਜਾਬ ਵਿਚ ਅਜਿਹਾ ਕਦੇ ਨਹੀਂ ਹੋਣ ਦੇਵੇਗਾ। ਉਹਨਾਂ ਕਿਹਾ ਕਿ ਭਾਜਪਾ ਨੂੰ ਅਕਾਲੀ ਦਲ ਤੋਂ ਸਿੱਖਣਾ ਚਾਹੀਦਾ ਹੈ। ਜਦੋਂ ਵੀ ਸਾਡੀ ਸਰਕਾਰ ਹੁੰਦੀ ਹੈ ਤਾਂ ਸਾਡਾ ਇਕੋ ਏਜੰਡਾ ਹੁੰਦਾ ਹੈ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ। ਉਹਨਾਂ ਕਿਹਾ ਕਿ ਇਹੀ ਕਾਰਣ ਹੈ ਕਿ ਸਾਰੇ ਧਰਮਾਂ ਦੇ ਲੋਕ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣਾ ਮੰਨਦੇ ਸਨ। ਉਹਨਾਂ ਕਿਹਾ ਕਿ ਇਹ ਵੱਖ-ਵੱਖ ਭਾਈਚਾਰਿਆਂ ਦੇ ਅਕਾਲੀ ਦਲ ’ਤੇ ਵਿਸ਼ਵਾਸ ਦਾ ਪੱਧਰ ਹੈ।

ਸਰਦਾਰ ਬਾਦਲ ਨੇ ਦੱਸਿਆ ਕਿ ਜਦੋਂ ਅਕਾਲੀ ਦਲ ਸੱਤਾ ਵਿਚ ਸੀ ਤਾਂ ਇਸਨੇ ਪੰਜਾਬ ਵਿਚ ਰਿਕਾਰਡ ਵਿਸ਼ਵਾਸ ਕਰਵਾਇਆ। ਤੁਸੀ਼ ਆਪਣੇ ਆਲੇ ਦੁਆਲੇ ਜਿਹੜੇ ਸਾਰੇ ਫਲਾਈਓਵਰ, ਸੜਕਾਂ ਦਾ ਨੈਟਵਰਕ ਤੇ ਆਧੁਨਿਕ ਸੀਵਰੇਜ ਸਹੂਲਤਾਂ ਵੇਖ ਰਹੇ ਹੋ ਇਹ ਸਾਰੀਆਂ ਅਕਾਲੀ ਦਲ ਦੀ ਸਰਕਾਰ ਵੇਲੇ ਬਣੀਆਂ।

ਉਹਨਾਂ ਕਿਹਾ ਕਿ ਸੂਬੇ ਦੇ ਹਰ ਹਿੱਸੇ ਵਿਚ ਇਹ ਵਿਕਾਸ ਹੋਇਆ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਅਕਾਲੀ ਦਲ ਨੇ ਸਮਾਜ ਦੇ ਵੱਖ-ਵੱਖ ਭਾਈਚਾਰਿਆਂ ਦੀ ਹਾਲਾਤ ਸੁਧਾਰੀ। ਕਿਸਾਨਾਂ ਨੂੰ ਮੁਫਤ ਬਿਜਲੀ ਤੇ ਸਿੰਜਾਈ ਸਹੂਲਤਾਂ ਦੇ ਕੇ ਸਹਾਇਤਾ ਦਿੱਤੀ, ਗਰੀਬਾਂ ਲਈ ਆਟਾ-ਦਾਲ, ਸ਼ਗਨ ਤੇ ਬੁਢਾਪਾ ਪੈਨਸ਼ਨ ਵਰਗੀਆਂ ਸਕੀਮਾਂ ਲਿਆਂਦੀਆਂ, ਆਮ ਲੋਕਾਂ ਲਈ ਸੇਵਾ ਕੇਂਦਰ ਬਣਾਏ ਤੇ 200 ਯੂਨਿਟ ਮੁਫਤ ਬਿਜਲੀ ਦਿੱਤੀ।

ਇਸ ਮੌਕੇ ਸੀਨੀਅਰ ਆਗੂ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਦੱਸਿਆ ਕਿ ਕਿਵੇਂ ਕਾਂਗਰਸ ਨੇ ਸ੍ਰੀ ਕੇ ਪੀ ਨਾਲ ਅਨਿਆਂ ਕੀਤਾ ਤੇ ਇਕ ਦਾਗੀ ਵਿਅਕਤੀ ਸ੍ਰੀ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦੇ ਦਿੱਤੀ। ਇਸ ਮੌਕੇ ਸੀਨੀਅਰ ਆਗੂ ਸਰਦਾਰ ਕੁਲਵੰਤ ਸਿੰਘ ਮੰਨਣ, ਸਰਦਾਰ ਬਲਦੇਵ ਸਿੰਘ ਖਹਿਰਾ, ਸਰਦਾਰ ਇਕਬਾਲ ਸਿੰਘ ਢੀਂਡਸਾ ਤੇ ਸ੍ਰੀਮਤੀ ਗੁਰਦੇਵ ਕੌਰ ਸੰਘਾ ਵੀ ਹਾਜ਼ਰ ਸਨ।

Exit mobile version