Site icon TV Punjab | Punjabi News Channel

‘ਰੇਸਟ ਮੋਡ’ ‘ਤੇ ਅਕਾਲੀ ਦਲ, ਨਗਰ ਨਿਗਮ ਚੋਣਾਂ ਤੋਂ ਵੀ ਹੋਇਆ ਬਾਹਰ

ਡੈਸਕ- ਪੰਜਾਬ ਦੀਆਂ ਚਾਰ ਸੀਟਾਂ ‘ਤੇ ਹੋਇਆ ਜ਼ਿਮਣੀ ਚੋਣਾਂ ਤੋਂ ਬਾਹਰ ਰਹਿਣ ਦਾ ਫੈਸਲਾ ਕਰਨ ਵਾਲੇ ਅਕਾਲੀ ਦਲ ਨੂੰ ਇਕ ਹੋਰ ਵੱਡਾ ਝਟਕਾ ਲੱਗਿਆ ਹੈ।ਦਸੰਬਰ ਮਹੀਨੇ ਚ ਹੋਣ ਵਾਲੀ ਨਗਰ ਨਿਗਮ ਚੋਣਾ ਚ ਵੀ ਅਕਾਲੀ ਦਲ ਹੁਣ ਹਿੱਸਾ ਨਹੀਂ ਲੈ ਪਾਵੇਗਾ।ਸਿੰਘ ਸਾਹਿਬਾਨਾਂ ਵਲੋਂ ਦਿੱਤੇ ਗਏ ਫੈਸਲੇ ਤੋਂ ਬਾਅਦ ਸ਼ੌਮਣੀ ਅਕਾਲੀ ਦਲ ਦਾ ਸੰਚਾਲਨ ਹੁਣ ਕਰੀਬ ਛੇ-ਸੱਤ ਮਹੀਨੇ ਤੋਂ ਬਾਅਦ ਹੌ ਸਕੇਗਾ।

ਦਰਅਸਲ ਸਿੰਘ ਸਾਹਿਬਾਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਮੇਤ ਦਿੱਤੇ ਤਮਾਮ ਅਸਤੀਫੇ ਮੰਜ਼ੂਰ ਕਰਨ ਲਈ ਇਕ ਵਰਕਿੰਗ ਕਮੇਟੀ ਦਾ ਐਲਾਨ ਕੀਤਾ ਹੈ।ਇਸਦੇ ਨਾਲ ਹੀ ਉਨ੍ਹਾਂ ਪਾਰਟੀ ਦੀ ਧੜੇ ਬੰਦੀ ਅਤੇ ਬਾਗੀ ਨੇਤਾਵਾਂ ਨੂੰ ਇਕ ਕਰਨ ਲਈ ਪਾਰਟੀ ਦੀ ਸ਼ੁਰੂ ਤੋਂ ਮੁਢਲੀ ਮੈਂਬਰਸ਼ਿਪ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ।ਜਿਸਤੋਂ ਬਾਅਦ ਛੇ ਮਹੀਨੇ ਤੱਕ ਨਵਾਂ ਪ੍ਰਧਾਨ ਚੁਣਨ ਅਤੇ ਨਵੀਂ ਕਾਰਕਾਰਣੀ ਬਣਾਈ ਜਾਵੇਗੀ।ਅਜਿਹੇ ਚ ਹੁਣ ਅਕਾਲੀ ਦਲ ਵਲੋਂ ਕਿਸੇ ਵੀ ਸਿਆਸੀ ਗਤੀਵਿਧੀ ਚ ਹਿੱਸਾ ਲੈਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ।ਇਸ ਲਈ ਨਿਗਮ ਚੋਣਾ ਦੀ ਰਾਹ ਵੇਖਣ ਵਾਲੇ ਅਕਾਲੀ ਦਲ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਵੱਡੀ ਨਿਰਾਸ਼ਾ ਵੇਖਣ ਨੂੰ ਮਿਲ ਸਕਦੀ ਹੈ।

ਜ਼ਿਕਰਯੋਗ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਣਕਾਹੀਆ ਕਰਾਰ ਦੇਣ ਤੋਂ ਬਾਅਦ ਪਾਰਟੀ ਨੇ ਪੰਜਾਬ ਦੀਆਂ ਚਾਰ ਜ਼ਿਮਣੀ ਚੋਣਾਂ ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ।ਇਨ੍ਹਾਂ ਹੀ ਨਹੀਂ ਕੋਰ ਕਮੇਟੀ ਵਲੋਂ ਸੁਖਬੀਰ ਬਾਦਲ ਵਲੋਂ ਦਿੱਤੇ ਅਸਤੀਫੇ ਨੂੰ ਵੀ ਪਰਵਾਨ ਨਹੀਂ ਕੀਤਾ ਗਿਆ ਸੀ।ਹੁਣ ਫਿਲਹਾਲ ਜੋ ਸਥਿਤੀ ਬਣੀ ਹੈ ,ਉਸ ਹਿਸਾਬ ਨਾਲ ਅਕਾਲੀ ਦਲ ਅਜੇ ‘ਰੇਸਟ ਮੋਡ’ ‘ਤੇ ਚਲਾ ਗਿਆ ਹੈ।

Exit mobile version