ਵਾਵੇ ਦੇ ਬਚਾਅ ਪੱਖ ਵੱਲੋਂ ਕੈਨੇਡੀਅਨ ਅਧਿਕਾਰੀਆਂ ‘ਤੇ ਇਲਜ਼ਾਮ

Share News:

Vancouver: ਵਾਵੇ ਕੰਪਨੀ ਦੇ ਬਚਾਅ ਪੱਖ ਨੇ ਇਲਜ਼ਾਮ ਲਗਾਏ ਹਨ ਕਿ ਕੈਨੇਡਾ ਨੇ ਮੰਗ ਵਾਂਜੋ ਨੂੰ ਗ੍ਰਿਫ਼ਤਾਰ ਕਰਨ ਬਾਰੇ ਪਹਿਲਾਂ ਹੀ ਸੋਚਿਆ ਹੋਇਆ ਸੀ ਕਿ ਜਦੋਂ ਉਸਦਾ ਜਹਾਜ਼ ਲੈਂਡ ਕਰੇਗਾ ਨਾਲ਼ ਹੀ ਗ੍ਰਿਫ਼ਤਾਰੀ ਹੋਵੇਗੀ ਪਰ ਇਸਦੀ ਬਜਾਏ ਕੈਨੇਡਾ ਦੇ ਅਧਿਕਾਰੀਆਂ ਨੇ ਉਸਤੋਂ ਪਹਿਲਾਂ ਤਿੰਨ ਘੰਟੇ ਲਈ ਪੁੱਛਗਿੱਛ ਕੀਤੀ।


ਅਦਾਲਤੀ ਕਾਗਜ਼ ਜੋ ਜਾਰੀ ਕੀਤੇ ਗਏ ਹਨ ਉਸ ‘ਚ ਮੰਗ ਵਾਂਜੋ ਦੇ ਬਚਾਅ ਪੱਖ ਨੇ ਇਲਜ਼ਾਮ ਲਗਾਏ ਹਨ ਕਿ ਇਸਦੇ ਪਿੱਛੇ ਪੂਰੀ ਘੜੀ ਹੋਈ ਰਣਨੀਤੀ ਸੀ ਕਿ ਆਰਸੀਐੱਮਪੀ ਨੇ ਗ੍ਰਿਫ਼ਤਾਰੀ ਕਰਨ ‘ਚ ਦੇਰੀ ਕੀਤੀ। ਤਾਂ ਕਿ ਆਮ ਇਮੀਗਰੇਸ਼ਨ ਚੈਕ ਦੇ ਬਹਾਨੇ ਮੰਗ ਵਾਂਜੋ ਤੋਂ ਸਵਾਲ ਜਵਾਬ ਕੀਤੇ ਜਾ ਸਕਣ।
ਮੰਗ ਵਾਂਜੋ ਦੇ ਬਚਾਅ ਪੱਖ ਨੇ ਆਰਸੀਐੱਮਪੀ ਤੇ ਕੈਨੇਡਾ ਬੌਰਡਰ ਸਰਵਿਸ ਏਜੰਸੀ ‘ਤੇ ਇਲਜ਼ਾਮ ਲਗਾਏ ਹਨ, ਜਿਸਦੇ ਬਾਰੇ ਦਾਅਵਾ ਕੀਤਾ ਗਿਆ ਹੈ ਕਿ ਲੋੜ ਮੁਤਾਬਕ ਵਾਂਜੋ ਨੂੰ ਇੱਕਦਮ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਇਹ ਇਲਜ਼ਾਮ ਅਦਾਲਤ ‘ਚ ਸਾਬਤ ਨਹੀਂ ਹੋਏ ਹਨ।


ਮੰਗ ਵਾਂਜੋ ਜੋ ਕਿ ਚੀਨ ਦੀ ਵੱਡੀ ਕੰਪਨੀ ਵਾਵੇ ਦੇ ਵਿੱਤੀ ਵਿਭਾਗ ਦੀ ਮੁਖੀ ਹੈ ਨੂੰ ਦਸੰਬਰ 1 ਨੂੰ ਵੈਨਕੂਵਰ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸਦੀ ਗ੍ਰਿਫ਼ਤਾਰੀ ਅਮਰੀਕਾ ਲਈ ਕੀਤੀ ਗਈ ਸੀ।
ਮੰਗ ਵਾਂਜੋ ਤੇ ਵਾਵੇ ਕੰਪਨੀ ਦੋਵਾਂ ਨੇ ਅਮਰੀਕਾ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ ‘ਤੇ ਕਿਹਾ ਹੈ ਕਿ ਉਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ।
ਮੰਗ ਵਾਂਜੋ ਨੂੰ ਸੈਕੰਡਰੀ ਸਕਰੀਨਿੰਗ ਖੇਤਰ ‘ਚ ਤਿੰਨ ਘੰਟੇ ਲਈ ਲਿਜਾਇਆ ਗਿਆ ਤੇ ਉਸਦੇ ਇਲੈਕਟਰੋਨਿਕ ਡੀਵਾਈਸ ਸੀਜ਼ ਕਰ ਲਏ ਗਏ ਸਨ। ਵਾਂਜੋ ਦੇ ਬਚਾਅ ਪੱਖ ਨੇ ਕਿਹਾ ਹੈ ਕਿ ਮੰਗ ਵਾਂਜੋ ਤੋਂ ਇਮੀਗਰੇਸ਼ਨ ਅਧਿਕਾਰੀਆਂ ਨੇ ਉਸਦੇ ਬਿਜਨਸ ਬਾਰੇ ਸਵਾਲ ਕੀਤੇ ਤੇ ਨਾਲ਼ ਹੀ ਇਰਾਨ ‘ਚ ਕੰਪਨੀ ‘ਤੇ ਲੱਗੇ ਇਲਜ਼ਾਮਾਂ ਬਾਰੇ ਵੀ ਸਵਾਲ ਕੀਤੇ ਗਏ।
ਮੰਗ ਵਾਂਜੋ ਵਾਵੇ ਕੰਪਨੀ ਦੇ ਬਾਨੀ ਦੀ ਧੀ ਹੈ। ਮੰਗ ਵਾਂਜੋ ਦੀ ਅਮਰੀਕਾ ਨੂੰ ਸੌਂਪਣ ਸਬੰਧੀ ਅਗਲੀ ਸੁਣਵਾਈ ਜਨਵਰੀ 20 ਨੂੰ ਹੈ।

leave a reply