ਕੈਨੇਡਾ ਦੇ ਵਿਰੋਧੀ ਧਿਰ ਦੇ ਆਗੂ ਐਂਡਰਿਊ ਸ਼ੀਅਰ ਦਰਬਾਰ ਸਾਹਿਬ ਹੋਏ ਨਤਮਸਤਕ

ਕੈਨੇਡਾ ਦੇ ਵਿਰੋਧੀ ਧਿਰ ਦੇ ਆਗੂ ਐਂਡਰਿਊ ਸ਼ੀਅਰ ਦਰਬਾਰ ਸਾਹਿਬ ਹੋਏ ਨਤਮਸਤਕ

SHARE

Amritsar:ਕੈਨੇਡਾ ਦੇ ਵਿਰੋਧੀ ਧਿਰ ਦੇ ਆਗੂ ਅਤੇ ਕੰਜ਼ਰਵੇਟਿਵ ਪਾਰਟੀ ਦੇ ਮੁਖੀ ਐਂਡਰਿਊ ਸ਼ੀਅਰ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਕੈਨੇਡਾ ਦੇ ਅਰਥਚਾਰੇ ਦੇ ਵਿਕਾਸ ਵਿਚ ਸਿੱਖਾਂ ਵੱਲੋਂ ਦਿੱਤੇ ਯੋਗਦਾਨ ਦੀ ਸ਼ਲਾਘਾ ਕੀਤੀ । ਉਹ ਇਥੇ ਆਪਣੀ ਪਤਨੀ ਸਮੇਤ ਮੱਥਾ ਟੇਕਣ ਪੁੱਜੇ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਸਿੱਖ ਕੈਨੇਡਾ ਵਿਚ ਵੱਡੀ ਗਿਣਤੀ ਵਿਚ ਵਸ ਰਹੇ ਹਨ ਅਤੇ ਉਨ੍ਹਾਂ ਨੇ ਕੈਨੇਡਾ ਦੇ ਅਰਥਚਾਰੇ ਦੇ ਵਿਕਾਸ ਲਈ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਮਿਲਵਰਤਣ ਵਾਲਾ ਭਾਈਚਾਰਾ ਹੈ। ਸਿੱਖ ਭਾਈਚਾਰੇ ਵੱਲੋਂ ਕੈਨੇਡਾ ਵਿਚ ਛੋਟੇ ਤੇ ਵੱਡੇ ਪੱਧਰ ਦੇ ਬਿਜ਼ਨਸ ਸਥਾਪਤ ਕੀਤੇ ਹਨ, ਜਿਸ ਨਾਲ ਉਥੇ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਮਿਲ ਰਹੇ ਹਨ। ਉਨ੍ਹਾਂ ਆਖਿਆ ਕਿ ਇਸ ਵੇਲੇ ਛੋਟੇ ਪੱਧਰ ਦੇ ਵਪਾਰ ’ਤੇ ਟੈਕਸ ਦੀ ਮਜ਼ਬੂਤ ਜਕੜ ਹੈ ਪਰ ਜੇਕਰ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਆਈ ਤਾਂ ਇਸ ਸਬੰਧੀ ਨਿਯਮਾਂ ਵਿਚ ਕੁਝ ਛੋਟ ਦਿੱਤੀ ਜਾਵੇਗੀ ਤਾਂ ਜੋ ਅਜਿਹੇ ਛੋਟੇ ਵਪਾਰ ਹੋਰ ਪ੍ਰਫੁਲਿਤ ਹੋ ਸਕਣ। ਉਨ੍ਹਾਂ ਨੇ ਪੰਜਾਬੀ ਭਾਈਚਾਰੇ ਵੱਲੋਂ ਚਲਾਏ ਜਾ ਰਹੇ ਟੈਕਸੀ ਬਿਜ਼ਨਸ ਦਾ ਵੀ ਜ਼ਿਕਰ ਕੀਤਾ। ਪ੍ਰਵਾਸੀ ਨਿਯਮਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਇਸ ਵੇਲੇ ਵਿਸ਼ਵ ਭਰ ਤੋਂ ਵਿਦਿਆਰਥੀ ਕੈਨੇਡਾ ਵਿਚ ਪੜ੍ਹਨ ਲਈ ਆ ਰਹੇ ਹਨ। ਜੇਕਰ ਉਨ੍ਹਾਂ ਦੀ ਸਰਕਾਰ ਆਈ ਤਾਂ ਇਸ ਸਬੰਧੀ ਇਮੀਗਰੇਸ਼ਨ ਨਿਯਮਾਂ ਨੂੰ ਹੋਰ ਸੁਖਾਲਾ ਬਣਾਇਆ ਜਾਵੇਗਾ ਤਾਂ ਜੋ ਕੈਨੇਡਾ ਵਿਚ ਪੜ੍ਹਾਈ ਲਈ ਆਉਣ ਵਾਲਿਆਂ ਵਾਸਤੇ ਵਧੇਰੇ ਮੌਕੇ ਪੈਦਾ ਹੋ ਸਕਣ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਉਹ ਗਰਮਖਿਆਲੀਆਂ ਦੀਆਂ ਗਤੀਵਿਧੀਆਂ ਨਾਲ ਸਹਿਮਤ ਨਹੀਂ ਹਨ ਅਤੇ ਉਹ ਇਕਜੁਟ ਭਾਰਤ ਦੇ ਹੱਕ ਵਿਚ ਹਨ।
ਇਸ ਤੋਂ ਪਹਿਲਾਂ ਉਨ੍ਹਾਂ ਆਪਣੀ ਪਤਨੀ ਜ਼ਿਲ ਸ਼ੀਰ ਅਤੇ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਸ੍ਰੀ ਬੌਬ ਸਰੋਆ ਤੋਂ ਇਲਾਵਾ ਰਮੋਨਾ ਸਿੰਘ, ਬੌਬ ਦੋਸਾਂਝ ਅਤੇ ਬਿਕਰਮਜੀਤ ਸਿੰਘ ਚੱਕਾ ਅੱਲਾ ਬਖ਼ਸ਼ ਸਮੇਤ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਉਹ ਲੰਗਰ ਘਰ ਵਿਚ ਵੀ ਗਏ। ਮਗਰੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਉਨ੍ਹਾਂ ਨੂੰ ਸੂਚਨਾ ਕੇਂਦਰ ਵਿਖੇ ਜੀ ਆਇਆਂ ਕਿਹਾ ਤੇ ਸਿੱਖ ਕੌਮ ਵੱਲੋਂ ਸਿਰੋਪਾਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ। ਕੈਨੇਡੀਅਨ ਆਗੂ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਦੁਨੀਆ ਦਾ ਖ਼ੂਬਸੂਰਤ ਅਸਥਾਨ ਦੱਸਿਆ ਅਤੇ ਕਿਹਾ ਕਿ ਇਥੋਂ ਸਰਬ-ਸਾਂਝੀਵਾਲਤਾ ਦਾ ਸੁਨੇਹਾ ਮਿਲਦਾ ਹੈ। ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜਣ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਸਵਾਗਤ ਦਾ ਵੀ ਧੰਨਵਾਦ ਕੀਤਾ। ਉਹ ਪਿੰਗਲਵਾੜੇ ਦਾ ਦੌਰਾ ਕਰਨ ਲਈ ਵੀ ਗਏ।

Short URL:tvp http://bit.ly/2OgAetw

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab