Site icon TV Punjab | Punjabi News Channel

ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਅਮਰੀਕਾ ’ਚ ਗ੍ਰਿਫ਼ਤਾਰ!

ਡੈਸਕ- ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੂੰ ਅਮਰੀਕਾ ’ਚ ਗ੍ਰਿਫਤਾਰ ਕੀਤਾ ਗਿਆ ਹੈ। ਮਹਾਰਾਸ਼ਟਰ ਦੀ ਇਕ ਅਦਾਲਤ ਵਲੋਂ ਗੈਰ-ਜ਼ਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਜਾਣ ਤੋਂ ਬਾਅਦ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਉਸ ਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ।

ਐਨ.ਡੀ.ਟੀ.ਵੀ. ਦੀ ਰੀਪੋਰਟ ਮੁਤਾਬਕ 50 ਸਾਲ ਦੇ ਅਨਮੋਲ ਨੂੰ ਅੱਜ ਸਵੇਰੇ ਗ੍ਰਿਫਤਾਰ ਕੀਤਾ ਗਿਆ। ਅਨਮੋਲ ਅਪ੍ਰੈਲ ’ਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਰਿਹਾਇਸ਼ ਦੇ ਬਾਹਰ ਗੋਲੀਬਾਰੀ ਦੀ ਘਟਨਾ ’ਚ ਸ਼ੱਕੀ ਹੈ। ਉਸ ’ਤੇ 2022 ’ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ’ਚ ਅਹਿਮ ਭੂਮਿਕਾ ਨਿਭਾਉਣ ਦਾ ਵੀ ਦੋਸ਼ ਹੈ।

ਅਨਮੋਲ ਨੂੰ ਜੋਧਪੁਰ ਜੇਲ੍ਹ ਤੋਂ ਜ਼ਮਾਨਤ ’ਤੇ ਰਿਹਾਅ ਕੀਤੇ ਜਾਣ ਦੇ ਅੱਠ ਮਹੀਨੇ ਬਾਅਦ ਹੀ ਮੂਸੇਵਾਲਾ ਦਾ ਕਤਲ ਕਰ ਦਿਤਾ ਗਿਆ ਸੀ, ਜਿੱਥੇ ਉਹ ਕਈ ਅਪਰਾਧਕ ਮਾਮਲਿਆਂ ’ਚ ਕਥਿਤ ਤੌਰ ’ਤੇ ਸ਼ਾਮਲ ਹੋਣ ਦੇ ਦੋਸ਼ ’ਚ ਜੇਲ੍ਹ ਦੀ ਸਜ਼ਾ ਕੱਟ ਰਿਹਾ ਸੀ।

ਜਾਂਚ ਏਜੰਸੀਆਂ ਨੇ ਉਸ ਨੂੰ ਪਿਛਲੇ ਮਹੀਨੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਹੱਤਿਆ ਨਾਲ ਵੀ ਜੋੜਿਆ ਹੈ ਅਤੇ ਜਾਂਚਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਹਮਲੇ ਲਈ ਮਾਲ-ਅਸਬਾਬ ਅਤੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਸੀ। ਅਧਿਕਾਰੀਆਂ ਨੇ ਇਹ ਵੀ ਦੋਸ਼ ਲਾਇਆ ਕਿ ਅਨਮੋਲ ਵਿਦੇਸ਼ ’ਚ ਹੋਣ ਦੇ ਬਾਵਜੂਦ ਸਨੈਪਚੈਟ ਰਾਹੀਂ ਤਿੰਨ ਸ਼ੂਟਰਾਂ ਦੇ ਸੰਪਰਕ ’ਚ ਸੀ।

ਉਹ ਇਸ ਸਮੇਂ ਭਾਰਤ ਵਿਚ 18 ਅਪਰਾਧਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਉਸ ਲਈ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ’ਤੇ ਹਮਲਿਆਂ ਦੀ ਯੋਜਨਾ ਬਣਾਉਣ ਵਿਚ ਸ਼ਾਮਲ ਹੈ।

ਮੂਸੇਵਾਲਾ ਦੀ ਮੌਤ ਤੋਂ ਬਾਅਦ ਅਨਮੋਲ ਲਾਪਤਾ ਹੋ ਗਿਆ ਸੀ ਅਤੇ ਮੰਨਿਆ ਜਾਂਦਾ ਹੈ ਕਿ ਉਹ ਜਾਅਲੀ ਪਾਸਪੋਰਟ ’ਤੇ ਭਾਰਤ ਤੋਂ ਭੱਜ ਗਿਆ ਸੀ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਉਸ ਨੇ ਕਿਸ ਦੇਸ਼ ’ਚ ਪਨਾਹ ਲਈ ਸੀ, ਕੁੱਝ ਰੀਪੋਰਟਾਂ ਤੋਂ ਪਤਾ ਲਗਦਾ ਹੈ ਕਿ ਉਹ ਕੈਨੇਡਾ ਤੋਂ ਬਿਸ਼ਨੋਈ ਗੈਂਗ ਦੇ ਮਾਮਲਿਆਂ ਦਾ ਪ੍ਰਬੰਧਨ ਕਰ ਰਿਹਾ ਸੀ। ਕੁੱਝ ਰੀਪੋਰਟਾਂ ਅਨੁਸਾਰ ਅਨਮੋਲ ਨੂੰ ਪਿਛਲੇ ਸਾਲ ਕੀਨੀਆ ’ਚ ਵੇਖਿਆ ਗਿਆ ਸੀ ਅਤੇ ਉਦੋਂ ਤੋਂ ਉਸ ਨੇ ਕਈ ਵਾਰ ਅਪਣਾ ਟਿਕਾਣਾ ਬਦਲਿਆ ਹੈ।

Exit mobile version