ਡੈਸਕ- ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਜਾ ਕੇ ਵੱਸੇ ਪੰਜਾਬੀ ਆਪਣੀ ਸਖ਼ਤ ਮਿਹਨਤ ਅਤੇ ਲਗਨ ਨਾਲ ਉੱਚੇ ਮੁਕਾਮ ਹਾਸਲ ਕਰ ਰਹੇ ਹਨ। ਅਜਿਹੀਆਂ ਮਿਸਾਲਾਂ ਵਿੱਚੋਂ ਇਕ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਰਾਂਦੀਆ ਦੇ ਪਰਿਵਾਰ ਦੀ ਧੀ ਨਾਲ ਵੀ ਸੰਬੰਧਤ ਹੈ, ਜਿਸ ਨੇ ਕੈਨੇਡਾ ਵਿਚ ਸਫ਼ਲਤਾ ਦੇ ਝੰਡੇ ਗੱਡੇ ਹਨ। ਟਾਂਡਾ ਦੀ ਅਨਮੋਲ ਕੌਰ ਚੌਹਾਨ ਕੈਨੇਡਾ ਏਅਰਫੋਰਸ ‘ਚ ਕਮਿਸ਼ਨਡ ਰੈਂਕ ਕੈਪਟਨ ਬਣੀ ਹੈ।
ਮਿਲੀ ਜਾਣਕਾਰੀ ਮੁਤਾਬਕ ਸੇਵਾਮੁਕਤ ਪ੍ਰਿੰਸੀਪਲ DAV ਸੀਨੀਅਰ ਸੈਕੰਡਰੀ ਸਕੂਲ ਟਾਂਡਾ ਕਸ਼ਮੀਰ ਸਿੰਘ ਚੌਹਾਨ ਦੀ ਪੋਤਰੀ ਅਨਮੋਲ ਕੌਰ ਚੌਹਾਨ ਪੁੱਤਰੀ ਤੇਜਿੰਦਰ ਸਿੰਘ ਅਤੇ ਰਣਜੀਤ ਕੌਰ ਨੇ ਮਕੈਨੀਕਲ ਇੰਜੀਨੀਰਿੰਗ ਦੀ ਪੜ੍ਹਾਈ ਕਰਨ ਮਗਰੋਂ ਕੈਨੇਡਾ ਏਅਰਫੋਰਸ ਵਿੱਚ ਕਮਿਸ਼ਨਡ ਰੈਂਕ ਕੈਪਟਨ ਵਜੋਂ ਚੁਣੀ ਗਈ ਹੈ। ਪਿਛਲੇ ਕਈ ਦਹਾਕਿਆਂ ਤੋਂ ਕੈਨੇਡਾ ਵਿਚ ਵਸਿਆ ਚੌਹਾਨ ਪਰਿਵਾਰ ਆਪਣੇ ਪਿੰਡ ਦੀ ਮਿੱਟੀ ਨਾਲ ਜੁੜਿਆ ਹੈ।
ਪੰਜਾਬੀਅਤ ਦੀ ਪਰਵਰਿਸ਼ ਦੇ ਚਲਦਿਆਂ ਕੈਨੇਡੀਅਨ ਬੋਰਨ ਕੈਪਟਨ ਅਨਮੋਲ ਕੌਰ ਨੇ ਪਿੰਡ ਰਾਂਦੀਆਂ ਆ ਕੇ ਬੜੇ ਹੀ ਸਾਦੇ ਤਰੀਕੇ ਨਾਲ ਮੈਰਿਜ ਪੈਲਸਾਂ ਦੀ ਚਕਾਚੌਂਦ ਤੋਂ ਦੂਰ ਪੰਜਾਬੀ ਮੁੰਡੇ ਚੂਹੜਚੱਕ ਵਾਸੀ ਲਖਵਿੰਦਰ ਸਿੰਘ ਕਲੇਰ ਪੁੱਤਰ ਨਛੱਤਰ ਸਿੰਘ ਅਤੇ ਹਰਜਿੰਦਰ ਕੌਰ ਨਾਲ ਗੁਰੂਘਰ ਵਿਚ ਲਾਂਵਾਂ ਲਈਆਂ। ਪਿੰਡ ਦੀ ਧੀ ਕੈਪਟਨ ਅਨਮੋਲ ਕੌਰ ਚੌਹਾਨ ਦੀਆਂ ਖ਼ੁਸ਼ੀਆਂ ਵਿਚ ਸ਼ਾਮਲ ਹੁੰਦੀਆਂ ਪਿੰਡ ਵਾਸੀਆਂ ਨੇ ਉਸ ‘ਤੇ ਮਾਣ ਮਹਿਸੂਸ ਕੀਤਾ।