Site icon TV Punjab | Punjabi News Channel

ਕੈਨੇਡਾ ’ਚ ਖਾਣ-ਪੀਣ ਦੀਆਂ ਚੀਜ਼ਾਂ ਲਈ ਫੂਡ ਬੈਂਕ ਦੀਆਂ ਬਰੂਹਾਂ ’ਤੇ ਪਹੁੰਚਣ ਲੱਗੇ ਲੋਕ

ਕੈਨੇਡਾ ’ਚ ਖਾਣ-ਪੀਣ ਦੀਆਂ ਚੀਜ਼ਾਂ ਲਈ ਫੂਡ ਬੈਂਕ ਦੀਆਂ ਬਰੂਹਾਂ ’ਤੇ ਪਹੁੰਚਣ ਲੱਗੇ ਲੋਕ

Ottawa- ਕੈਨੇਡਾ ’ਚ ਖਾਣ-ਪੀਣ ਦੀਆਂ ਚੀਜ਼ਾਂ ’ਚ ਕੀਮਤਾਂ ’ਚ ਦਿਨੋ-ਦਿਨ ਹੋ ਰਹੇ ਵਾਧੇ ਕਾਰਨ ਮਹਿੰਗਾਈ ਦਾ ਸੰਕਟ ਵਧਦਾ ਜਾ ਰਿਹਾ ਹੈ। ਇਸੇ ਮਹਿੰਗਾਈ ਦੇ ਚੱਲਦਿਆਂ ਦੋ-ਮਾਪਿਆਂ ਵਾਲੇ ਪਰਿਵਾਰ ਯਾਨੀ ਕਿ ਟੂ-ਪੇਰੈਂਟ ਹਾਊਸਹੋਲਡ, ਆਪਣੇ ਪਰਿਵਾਰਾਂ ਦਾ ਢਿੱਡ ਭਰਨ ਲਈ ਕੈਨੇਡਾ ਭਰ ’ਚ ਫੂਡ ਬੈਂਕਾਂ ਦੀਆਂ ਬਰੂਹਾਂ ’ਤੇ ਪਹੁੰਚਣ ਲੱਗੇ ਹਨ। ਇਸ ਗੱਲ ਦਾ ਖ਼ੁਲਾਸਾ ਇੱਕ ਨਵੀਂ ਰਿਪੋਰਟ ’ਚ ਹੋਇਆ ਹੈ।
ਫੂਡ ਬੈਂਕਸ ਕੈਨੇਡਾ ਵਲੋਂ ਹਾਲ ਹੀ ’ਚ ਪ੍ਰਕਾਸ਼ਿਤ ਕੀਤੀ ਗਈ ਹੰਗਰ ਕਾਊਂਟ ਰਿਪੋਰਟ ’ਚ ਮਾਰਚ 2023 ’ਚ ਦੇਸ਼ ਭਰ ਦੇ ਸੂਬਿਆਂ ਅਤੇ ਪ੍ਰਦੇਸ਼ਾਂ ਤੋਂ ਫੂਡ ਬੈਂਕ ਡਾਟਾ ਇਕੱਤਰ ਕੀਤਾ ਗਿਆ ਸੀ ਤਾਂ ਜੋ ਇਹ ਗੱਲ ਸਾਹਮਣੇ ਆ ਸਕੇ ਕਿ ਦੇਸ਼ ਭਰ ’ਚ ਫੂਡ ਬੈਂਕਾਂ ਦੀ ਵਰਤੋਂ ਕਿੰਨੀ ਸਪੱਸ਼ਟ ਹੋ ਗਈ ਹੈ।
ਰਿਪੋਰਟ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਦੋ-ਮਾਪਿਆਂ ਵਾਲੇ ਪਰਿਵਾਰਾਂ ਵਲੋਂ 2023 ’ਚ ਲਗਭਗ 21 ਫ਼ੀਸਦੀ ਫੂਡ ਬੈਂਕਾਂ ਦੀ ਵਰਤੋਂ ਕੀਤੀ ਗਈ, ਜਦਕਿ ਸਾਲ 2022 ’ਚ ਇਹ ਅੰਕੜਾ 19.3 ਫ਼ੀਸਦੀ ਸੀ ਅਤੇ 2019 ’ਚ ਇਹ ਅੰਕੜਾ 18.8 ਫ਼ੀਸਦੀ ਸੀ। ਡਾਟਾ ਇਹ ਵੀ ਦਿਖਾਉਂਦਾ ਹੈ ਕਿ ਫੂਡ ਬੈਂਕ ਦੇ ਲਗਭਗ ਇੱਕ ਤਿਹਾਈ ਗਾਹਕ 642,257 ਬੱਚੇ ਹਨ। ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਇਹ ਦਰ ਸਥਿਰ ਰਹੀ ਹੈ, ਪਰ ਰਿਪੋਰਟ ’ਚ ਕਿਹਾ ਗਿਆ ਹੈ ਕਿ ਬੱਚੇ ਆਮ ਆਬਾਦੀ ਦਾ ਸਿਰਫ਼ 20 ਫ਼ੀਸਦੀ ਹਿੱਸਾ ਹਨ।
ਫੂਡ ਬੈਂਕਸ ਕੈਨੇਡਾ ਰਿਪੋਰਟ ਦੇ ਅਨੁਸਾਰ, ਫੂਡ ਬੈਂਕਰਾਂ ਨੇ ਦੱਸਿਆ ਕਿ ਬੱਚਿਆਂ ਵਾਲੇ ਪਰਿਵਾਰ ਬੱਚਿਆਂ ਦੀ ਦੇਖਭਾਲ ਅਤੇ ਉਨ੍ਹਾਂ ਦੀਆਂ ਹੋਰਨਾਂ ਜ਼ਰੂਰਤਾਂ ਤੋਂ ਇਲਾਵਾ ਉੱਚ ਰਿਹਾਇਸ਼, ਭੋਜਨ ਅਤੇ ਬਾਲਣ ਦੇ ਮੁੱਦਿਆਂ ਨਾਲ ਸੰਘਰਸ਼ ਕਰ ਰਹੇ ਹਨ, ਜਿਸ ਕਾਰਨ ਫੂਡ ਬੈਂਕ ਦੀ ਵਰਤੋਂ ਨਵੀਆਂ ਉਚਾਈਆਂ ਤੱਕ ਪਹੁੰਚ ਰਹੀ ਹੈ।
ਰਿਪੋਰਟ ’ਚਂ ਪੇਸ਼ ਕੀਤੇ ਗਏ ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਮਾਰਚ 2023 ’ਚ ਫੂਡ ਬੈਂਕਾਂ ’ਚ ‘ਬੇਮਿਸਾਲ’ 1.9 ਮਿਲੀਅਨ ਦੌਰੇ ਹੋਏ। 2022 ਤੋਂ ਬਾਅਦ ਇਹ ਇਸ ਅੰਕੜੇ ’ਚ 32 ਫ਼ੀਸਦੀ ਦਾ ਵਾਧਾ ਅਤੇ ਮਹਾਂਮਾਰੀ ਤੋਂ ਪਹਿਲਾਂ ਦੀ ਤੁਲਨਾ ’ਚ 78 ਫ਼ੀਸਦੀ ਦਾ ਵਾਧਾ ਹੈ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਇਸ ਤੋਂ ਸਿਰਫ਼ ਆਰਥਿਕ ਪੱਧਰ ਤੋਂ ਹੇਠਾਂ ਵਾਲੇ ਲੋਕ ਹੀ ਪੀੜਤ ਨਹੀਂ ਹਨ, ਬਲਕਿ ਇਸ ਤੋਂ ਇਲਾਵਾ ਉਹ ਲੋਕ ਵੀ ਫੂਡ ਬੈਂਕਾਂ ਦਾ ਰੁਖ਼ ਕਰ ਰਹੇ ਹਨ, ਜਿਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਨ੍ਹਾਂ ਨੂੰ ਫੂਡ ਬੈਂਕਾਂ ਦੇ ਦਰਾਂ ਰਾਹੀਂ ਲੰਘਣਾ ਪਏਗਾ। ਫੂਡ ਬੈਂਕਾਂ ਤੱਕ ਪਹੁੰਚਣ ਵਾਲੇ ਕੁਝ ਲੋਕ ਅਜਿਹੇ ਵੀ ਹਨ, ਜਿਨ੍ਹਾਂ ਕੋਲ ਰੁਜ਼ਗਾਰ ਤਾਂ ਹੈ ਪਰ ਉਹ ਭੋਜਨ ਨੂੰ ਆਪਣੇ ਘਰਾਂ ਦੇ ਟੇਬਲ ਤੱਕ ਲਿਆਉਣ ਲਈ ਜੱਦੋ-ਜਹਿਦ ਕਰ ਰਹੇ ਹਨ।

Exit mobile version