Site icon TV Punjab | Punjabi News Channel

ਯੂਕਰੇਨ ਦੀ ਸਹਾਇਤਾ ਕਰਨ ਲਈ ਬਾਇਡਨ ਨੇ ਮੰਗੇ 20.6 ਬਿਲੀਅਨ ਡਾਲਰ

ਯੂਕਰੇਨ ਦੀ ਸਹਾਇਤਾ ਕਰਨ ਲਈ ਬਾਇਡਨ ਨੇ ਮੰਗੇ 20.6 ਬਿਲੀਅਨ ਡਾਲਰ

Washington- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਕਾਂਗਰਸ ਨੂੰ ਯੂਕਰੇਨ ਲਈ 20.6 ਬਿਲੀਅਨ ਡਾਲਰ ਦੀ ਵਾਧੂ ਫੰਡਿੰਗ ਨੂੰ ਮਨਜ਼ੂਰੀ ਦੇਣ ਲਈ ਕਿਹਾ ਹੈ, ਕਿਉਂਕਿ ਉੱਥੋਂ ਦੀ ਫੌਜ ਰੂਸ ਵਿਰੁੱਧ ਆਪਣੇ ਜਵਾਬੀ ਹਮਲੇ ’ਚ ਫ਼ੈਸਲਾਕੁੰਨ ਜਿੱਤ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੀ ਹੈ। ਸੰਸਦ ਮੈਂਬਰਾਂ ਨੂੰ ਲਿਖੀ ਇੱਕ ਚਿੱਠੀ ’ਚ ਵ੍ਹਾਈਟ ਹਾਊਸ ਆਫ਼ਿਸ ਆਫ਼ ਮੈਨੇਜਮੈਂਟ ਐਂਡ ਬਜਟ ਨੇ ਯੂਕਰੇਨ ਅਤੇ ਯੁੱਧ ਤੋਂ ਪ੍ਰਭਾਵਿਤ ਹੋਰਨਾਂ ਦੇਸ਼ਾਂ ਲਈ 13 ਬਿਲੀਅਨ ਡਾਲਰ ਦੀ ਨਵੀਂ ਫੌਜੀ ਸਹਾਇਤਾ ਅਤੇ 8.5 ਬਿਲੀਅਨ ਡਾਲਰ ਦੀ ਵਾਧੂ ਆਰਥਿਕ, ਮਾਨਵਤਾਵਾਦੀ ਅਤੇ ਸੁਰੱਖਿਆ ਸਹਾਇਤਾ ਦੀ ਮੰਗ ਕੀਤੀ ਹੈ। ਵ੍ਹਾਈਟ ਹਾਊਸ ਨੇ ਇਸ ਦੇ ਨਾਲ ਹੀ ਆਫ਼ਤ ਰਾਹਤ ਅਤੇ ਤੂਫ਼ਾਨ ਸਣੇ ਹੋਰ ਐਮਰਜੈਂਸੀ ਘਰੇਲੂ ਫੰਡਾਂ ਲਈ 12 ਬਿਲੀਅਨ ਡਾਲਰ ਤੋਂ ਵੱਧ ਰਾਸ਼ੀ ਦੀ ਮੰਗ ਕੀਤੀ ਹੈ। ਇੰਨਾ ਹੀ ਨਹੀਂ, ਵ੍ਹਾਈਟ ਹਾਊਸ ਵਲੋਂ ਦੇਸ਼ ਦੇ ਕਈ ਹਿੱਸਿਆਂ ’ਚ ਲੱਗੀ ਜੰਗਲੀ ਅੱਗ ’ਤੇ ਕਾਬੂ ਪਾਉਣ ਲਈ ਮੂਹਰੇ ਹੋ ਕੇ ਕੰਮ ਕਰਨ ਵਾਲੇ ਫਾਇਰਫਾਈਟਰਜ਼ ਦੀਆਂ ਤਨਖ਼ਾਹਾਂ ਵਧਾਉਣ ਲਈ ਲੱਖਾਂ ਹੋਰ ਡਾਲਰਾਂ ਦੀ ਮੰਗ ਕੀਤੀ ਗਈ ਹੈ। ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਤਾਂ ਬਾਇਡਨ ਨੇ ਕਾਂਗਰਸ ਕੋਲੋਂ ਲਗਭਗ 40 ਬਿਲੀਅਨ ਡਾਲਰ ਦੇ ਨਵੇਂ ਖ਼ਰਚੇ ਦੀ ਮੰਗ ਕੀਤੀ ਹੈ।
ਦੱਸਣਯੋਗ ਹੈ ਕਿ ਯੂਕਰੇਨ ’ਚ ਯੁੱਧ ਨਾਲ ਜੁੜੀ ਫੰਡਿੰਗ- ਜਿਹੜੀ ਕਿ ਹੁਣ ਆਪਣੇ 18ਵੇਂ ਮਹੀਨੇ ਦੇ ਕਰੀਬ ਹੈ, ਦੇ ਸਭ ਤੋਂ ਵਿਵਾਦਪੂਰਨ ਵਸਤੂ ਸਾਬਿਤ ਹੋਣ ਦੀ ਸੰਭਾਵਨਾ ਹੈ। ਸੰਯੁਕਤ ਰਾਜ ਅਮਰੀਕਾ ਨੇ ਪਹਿਲਾਂ ਹੀ ਯੂਕਰੇਨ ਨੂੰ 60 ਅਰਬ ਡਾਲਰ ਤੋਂ ਵੱਧ ਦੀ ਸਹਾਇਤਾ ਦੇਣ ਦਾ ਨਿਰਦੇਸ਼ ਦਿੱਤਾ ਹੈ, ਜਿਸ ’ਚ 40 ਅਰਬ ਡਾਲਰ ਤੋਂ ਵੱਧ ਦੀ ਪ੍ਰਤੱਖ ਫੌਜੀ ਸਹਾਇਤਾ ਵੀ ਸ਼ਾਮਿਲ ਹੈ। ਇਹ ਕਿਸੇ ਵੀ ਹੋਰ ਦੇਸ਼ ਤੋਂ ਵੱਧ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਇਹ ਕਸਮ ਖਾਧੀ ਹੈ ਕਿ ਜਦੋਂ ਤੱਕ ਲੋੜ ਪਏਗੀ, ਅਮਰੀਕੀ ਸਰਕਾਰ ਯੂਕਰੇਨ ਦਾ ਸਮਰਥਨ ਕਰੇਗੀ।

Exit mobile version