Site icon TV Punjab | Punjabi News Channel

ਬਿਕਰਮ ਮਜੀਠੀਆ ਨੂੰ ਮੁੜ ਸੰਮਨ ਜਾਰੀ: SIT ਨੇ 15 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ

ਡੈਸਕ- ਕਰੋੜਾਂ ਰੁਪਏ ਦੀ ਡਰੱਗ ਤਸਕਰੀ ਨਾਲ ਸਬੰਧਤ ਮਾਮਲੇ ਦੀ ਜਾਂਚ ਤੋਂ ਬਾਅਦ SIT ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ ਮੁੜ ਪੁੱਛਗਿੱਛ ਲਈ ਸੰਮਨ ਭੇਜਿਆ ਹੈ। ਐਸ ਆਈ ਟੀ ਨੇ ਉਨ੍ਹਾਂ ਨੂੰ 15 ਫਰਵਰੀ ਨੂੰ ਪੁੱਛਗਿੱਛ ਲਈ ਪੇਸ਼ ਹੋਣ ਦੇ ਹੁਕਮ ਦਿੱਤੇ ਹਨ ਅਤੇ ਇਸ ਲਈ ਉਹਨਾਂ ਨੂੰ ਸਵੇਰੇ 11 ਵਜੇ ਆਉਣ ਲਈ ਕਿਹਾ ਗਿਆ ਹੈ।

ਪਟਿਆਲਾ ਰੇਂਜ ਦੇ ਨਵੇਂ DIG ਹਰਚਰਨ ਸਿੰਘ ਭੁੱਲਰ ਦੀ ਅਗਵਾਈ ਵਾਲੀ SIT ਦੂਜੀ ਵਾਰ ਉਨ੍ਹਾਂ ਤੋਂ ਪੁੱਛਗਿੱਛ ਕਰੇਗੀ। ਇਸ ਤੋਂ ਪਹਿਲਾਂ ਜਨਵਰੀ ਵਿੱਚ ਵੀ SIT ਨੇ ਉਹਨਾਂ ਨੂੰ ਸਵਾਲ-ਜਵਾਬ ਕੀਤੇ ਸਨ। ਇਸ ਮਾਮਲੇ ਲਈ ਬਣਾਈ ਗਈ ਨਵੀਂ SIT ਮਾਮਲੇ ਦੀ ਜਾਂਚ ਬੜੀ ਤੇਜ਼ੀ ਨਾਲ ਕਰ ਰਹੀ ਹੈ। ਇਹ ਟੀਮ ਕਈ ਐਂਗਲਾਂ ‘ਤੇ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਮਜੀਠੀਆ ਦੇ ਕਰੀਬੀ 4 ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿੱਚ ਮਜੀਠੀਆ ਦੇ ਸਾਬਕਾ P.A. ਅਤੇ OSD ਰਹੇ ਲੋਕਾਂ ਦੇ ਨਾਂ ਵੀ ਸ਼ਾਮਲ ਸਨ।

ਪੁਲਿਸ ਨੇ ਇਹ ਮਾਮਲਾ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ 20 ਦਸੰਬਰ 2021 ਨੂੰ ਦਰਜ ਕੀਤਾ ਸੀ। ਮਜੀਠੀਆ ਨੇ ਇਸ ਕੇਸ ਵਿੱਚ ਲੰਬੀ ਕਾਨੂੰਨੀ ਲੜਾਈ ਲੜੀ ਸੀ। ਫਿਰ ਅਦਾਲਤ ਨੇ ਮਜੀਠੀਆ ਦੀ ਗ੍ਰਿਫਤਾਰੀ ਦੋ ਮਹੀਨਿਆਂ ਲਈ ਟਾਲ ਦਿੱਤੀ ਸੀ। 5 ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਮਜੀਠੀਆ ਨੂੰ 10 ਅਗਸਤ 2022 ਨੂੰ ਜ਼ਮਾਨਤ ਮਿਲ ਗਈ ਸੀ। ਮਜੀਠੀਆ ਦਾ ਇਲਜ਼ਾਮ ਹੈ ਕਿ ਜਿਸ ਮਾਮਲੇ ਵਿੱਚ ਉਹ ਜੇਲ੍ਹ ਕੱਟਕੇ ਆਏ ਹਨ, ਉਸ ਵਿੱਚ ਹਾਲੇ ਤੱਕ ਕੋਈ ਚਾਰਜਸ਼ੀਟ ਦਾਖ਼ਲ ਨਹੀਂ ਕੀਤੀ ਗਈ ਹੈ। ਇਹ ਉਸ ‘ਤੇ ਲਗਾਇਆ ਗਿਆ ਇੱਕ ਵਿਲੱਖਣ NDPS ਕੇਸ ਹੈ, ਜਿਸ ਵਿੱਚ ਪੁਲਿਸ ਨੇ ਅਜੇ ਤੱਕ ਕੋਈ ਬਰਾਮਦਗੀ ਨਹੀਂ ਕੀਤੀ ਹੈ।

Exit mobile version