ਡੈਸਕ- ਕੰਪਨੀਆਂ, ਬੈਂਕਾਂ ਅਤੇ ਏਅਰਲਾਈਨਸ ਦੇ ਦੀਵਾਲੀਆ ਹੋਣ ਦੀਆਂ ਖਬਰਾਂ ਤੁਸੀਂ ਸੁਣੀਆਂ ਹੋਣਗੀਆਂ। ਪਰ ਕੀ ਤੁਸੀਂ ਕਦੇ ਕਿਸੇ ਸ਼ਹਿਰ ਦੇ ਕੰਗਾਲ ਹੋਣ ਬਾਰੇ ਸੁਣਿਆ ਹੈ। ਜੀ ਹਾਂ, ਦੁਨੀਆ ‘ਤੇ ਰਾਜ ਕਰਨ ਵਾਲੇ ਬ੍ਰਿਟੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਬਰਮਿੰਘਮ ਨੇ ਖੁਦ ਨੂੰ ਦੀਵਾਲੀਆ ਐਲਾਨ ਦਿੱਤਾ ਹੈ। ਸ਼ਹਿਰ ਕਰੋੜਾਂ ਡਾਲਰ ਦਾ ਕਰਜ਼ਾਈ ਵੀ ਹੈ। ਇਸ ਸ਼ਹਿਰ ਵਿੱਚ ਕੰਮ ਕਰਦੇ ਕਈ ਮੁਲਾਜ਼ਮਾਂ ਨੂੰ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ।
ਸ਼ਹਿਰ ਵਿੱਚ ਇੱਕ ਵਕਤ ਦੇ ਖਾਣੇ ਦੇ ਲਾਲੇ ਪੈ ਗਏ ਨੇ। ਜਿਸ ਕਾਰਨ ਹੁਣ ਸ਼ਹਿਰ ਨੇ ਆਪਣੇ ਸਾਰੇ ਬੇਲੋੜੇ ਖਰਚੇ ਬੰਦ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਬਰਤਾਨਵੀ ਸ਼ਹਿਰ 760 ਮਿਲੀਅਨ ਪੌਂਡ ( 956 ਮਿਲੀਅਨ ਡਾਲਰ) ਤੱਕ ਦੀਆਂ ਤਨਖਾਹਾਂ ਬਕਾਇਆ ਹਨ। ਸੀਐਨਐਨ ਦੀ ਰਿਪੋਰਟ ਦੇ ਅਨੁਸਾਰ, ਬਰਮਿੰਘਮ ਸਿਟੀ ਕੌਂਸਲ, ਜੋ ਵਰਤਮਾਨ ਵਿੱਚ 10 ਲੱਖ ਤੋਂ ਵੱਧ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਦੀ ਹੈ, ਨੇ ਮੰਗਲਵਾਰ ਨੂੰ ਦੀਵਾਲੀਆਪਨ ਦੀ ਜਾਣਕਾਰੀ ਦਿੱਤੀ ਹੈ। ਜਿਸ ਤੋਂ ਬਾਅਦ ਹੀ ਸ਼ਹਿਰ ਵਿੱਚ ਸਿਰਫ ਜਰੂਰੀ ਖਰਚਿਆਂ ਦੀ ਹੀ ਇਜਾਜ਼ਤ ਹੈ। ਹਰ ਤਰ੍ਹਾਂ ਦੇ ਬੇਲੋੜੇ ਖਰਚਿਆਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਨੋਟਿਸ ਰਿਪੋਰਟ ਦੇ ਅਨੁਸਾਰ, ਸ਼ਹਿਰ ਵਿੱਚ ਕੰਗਾਲੀ ਦੇ ਹਾਲਾਤ ਇਸ ਲਈ ਪੈਦਾ ਹੋ ਗਏ ਹਨ, ਕਿਉਂਕਿ “ਬਰਾਬਰ ਤਨਖਾਹ ਦੇਣਦਾਰੀ” ਲਈ ਫੰਡ ਦੇਣਾ ਹੋਵੇਗਾ ਜੋ ਹੁਣ ਤੱਕ GBP 650 ਮਿਲੀਅਨ ਤੋਂ GBP 760 ਮਿਲੀਅਨ ਦੇ ਖੇਤਰ ਵਿੱਚ ਇਕੱਠਾ ਹੋ ਚੁੱਕਾ ਹੈ, ਪਰ ਅਜਿਹਾ ਕਰਨ ਲਈ ਫੰਡ ਨਹੀਂ ਹਨ। ਇਸਦੇ ਲਈ ਕੋਈ ਸਾਧਨ ਨਹੀਂ ਹਨ। ਇੰਨਾ ਹੀ ਨਹੀਂ ਇਸ ਸਾਲ 2023-24 ‘ਚ ਸ਼ਹਿਰ ਨੂੰ 8.7 ਮਿਲੀਅਨ ਪੌਂਡ ਦਾ ਘਾਟਾ ਹੋਣ ਦੀ ਸੰਭਾਵਨਾ ਹੈ।
ਕੌਂਸਲ ਦੇ ਡਿਪਟੀ ਲੀਡਰ ਸ਼ੈਰਨ ਥਾਂਪਸਨ ਨੇ ਸ਼ਹਿਰ ਦੇ ਇਨ੍ਹਾਂ ਹਾਲਾਤਾਂ ਲਈ ਕੁਝ ਹੱਦ ਤੱਕ ਬ੍ਰਿਟੇਨ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਬਰਮਿੰਘਮ ਵਿੱਚ ਕੰਜ਼ਰਵੇਟਿਵ ਸਰਕਾਰਾਂ ਵੱਲੋਂ 1 ਬਿਲੀਅਨ ਪੌਂਡ ਦੇ ਫੰਡ ਖੋਹ ਲਏ ਗਏ ਹਨ। ਹਾਲਾਤ ਦੇ ਬਦਤਰ ਹੋਣ ਦੇ ਚਲਦਿਆਂ ਸ਼ਹਿਰ ਵਿੱਚ ਫਜ਼ੂਲ ਖਰਚੀ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹਾਲਾਂਕਿ ਸ਼ਹਿਰ ‘ਚ ਕਾਰੋਬਾਰ ਅਜੇ ਵੀ ਖੁੱਲ੍ਹੇ ਹਨ ਅਤੇ ਬਾਜ਼ਾਰ ਦੇ ਵਪਾਰੀ ਲੋਕਾਂ ਦਾ ਸਵਾਗਤ ਕਰਨ ਲਈ ਤਿਆਰ ਹਨ।