ਬਿੱਟਕੁਆਇਨ ਦੇ ਨਾਮ ਤੇ ਪੰਜਾਬ `ਚ ਵੱਜੀ ਪਹਿਲੀ ਠੱਗੀ

Share News:

Chandigarh: ਡਿਜੀਟਲ ਕਰੰਸੀ  ਬਿੱਟਕੁਆਇਨ   ਵਿੱਚ ਨਿਵੇਸ਼ ਦੇ ਨਾਂ ’ਤੇ ਦੁਨੀਆਂ  ਭਰ ਵਿਚ ਧੋਖਾਧੜੀ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ।  ਦੁਬਈ ਦੀ ਕੰਪਨੀ ਵੱਲੋਂ ਕੀਤੇ ਹਜ਼ਾਰਾਂ ਕਰੋੜ ਰੁਪਏ ਦੇ ਘਪਲੇ ਦੇ ਮਾਮਲੇ ਵਿਚ ਭਾਰਤ ਵਿੱਚ ਹਜ਼ਾਰਾਂ ਕੇਸ ਦਰਜ ਹੋ ਚੁੱਕੇ ਹਨ। ਪਰ ਹੁਣ  ਪੰਜਾਬ ’ਚ  ਬਿੱਟਕੁਆਇਨ ਸਬੰਧੀ  ਧੋਖੇਬਾਜ਼ੀ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ ਤੇ ਪੰਜਾਬ ਦੇ ਢਕੌਲੀ ਪੁਲੀਸ ਸਟੇਸ਼ਨ ਵਿੱਚ ਦਰਜ ਹੋਇਆ ਹੈ। ਇਹ ਕੇਸ ਮੰਡੀ ਗੋਬਿੰਦਗੜ੍ਹ ਵਾਸੀ ਰਾਮ ਕੁਮਾਰ ਬਾਂਸਲ ਦੀ ਸ਼ਿਕਾਇਤ ’ਤੇ ਕੰਪਨੀ ਦੇ ਮੁੱਖ ਪ੍ਰਬੰਧਕ ਅਮਿਤ ਭਾਰਦਵਾਜ, ਦੇਸ਼ ਦੇ ਮੁੱਖ ਪ੍ਰਬੰਧਕ ਪੰਕਜ ਅੱਧਾਲੱਖਾ ਅਤੇ ਪੰਜਾਬ ਦੇ ਮੁੱਖ ਪ੍ਰਬੰਧਕ ਹਿਰਦੈ ਅਗਰਵਾਲ ਤੇ ਇਕ ਹੋਰ ਪ੍ਰਬੰਧਕ ਨਰੇਸ਼ ਨਇਨ ਖ਼ਿਲਾਫ਼ ਕੀਤਾ ਹੈ। ਇਨ੍ਹਾਂ ਵਿੱਚੋਂ ਦੋ ਮੁਲਜ਼ਮ ਅਮਿਤ ਭਾਰਦਵਾਜ ਅਤੇ ਪੰਕਜ ਅੱਧਾਲੱਖਾ ਪਹਿਲਾਂ ਹੀ ਸੀਬੀਆਈ ਵੱਲੋਂ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਜਦੋਂਕਿ ਬਾਕੀ ਦੋਵੇਂ ਮੁਲਜ਼ਮ ਹਾਲੇ ਫ਼ਰਾਰ ਚੱਲ ਰਹੇ ਹਨ।

ਸ਼ਿਕਾਇਤਕਰਤਾ ਰਾਮ ਕੁਮਾਰ ਬਾਂਸਲ ਵਾਸੀ ਮੰਡੀ ਗੋਬਿੰਦਗੜ੍ਹ ਨੇ ਦੱਸਿਆ ਕਿ ਉਹ ਚੰਡੀਗੜ੍ਹ ਆਪਣੀ ਕੰਪਨੀ ਚਲਾਉਂਦਾ ਹੈ। ਉਸ ਵੱਲੋਂ ਅਮਿਤ ਭਾਰਦਵਾਜ ਦੀ ਕੰਪਨੀ ਵਿਚ ਉੱਕਤ ਜਣਿਆਂ ਰਾਹੀਂ 96 ਬਿਟਕੁਆਈਨ ਦੀ ਖ਼ਰੀਦ ਕੀਤੀ ਗਈ ਸੀ। ਕੰਪਨੀ ਵੱਲੋਂ ਉਸ ਨਾਲ 18 ਮਹੀਨੇ ਵਿਚ 80 ਫ਼ੀਸਦੀ ਮੁਨਾਫ਼ਾ ਦੇਣ ਅਤੇ ਮਹੀਨੇ 10 ਫ਼ੀਸਦੀ ਮੁਨਾਫ਼ੇ ਦੀ ਕਿਸ਼ਤ ਦੇਣ ਦਾ ਭਰੋਸਾ ਦਿੱਤਾ ਗਿਆ ਸੀ। ਕੰਪਨੀ ਵੱਲੋਂ ਇਕਰਾਰ ਮੁਤਾਬਕ ਉਸ ਨੂੰ ਨਾ ਤਾਂ ਦਸ ਫ਼ੀਸਦੀ ਅਤੇ ਨਾ ਹੀ ਬਾਕੀ ਮੁਨਾਫ਼ੇ ਸਣੇ ਰਕਮ ਮੋੜੀ ਗਈ। ਇਸ ਦੌਰਾਨ ਉਸ ਨੂੰ ਉੱਕਤ ਵਿਅਕਤੀ ਦੀ ਕੰਪਨੀ ਵੱਲੋਂ ਪੂਰੇ ਦੇਸ਼ ਵਿਚ 30 ਹਜ਼ਾਰ ਕਰੋੜ ਰੁਪਏ ਦੇ ਘਪਲੇ ਬਾਰੇ ਪਤਾ ਲੱਗਿਆ ਜਿਸ ਦਾ ਖ਼ੁਲਾਸਾ ਸੀਬੀਆਈ ਪੁਣੇ ਵੱਲੋਂ ਕੀਤਾ ਗਿਆ। ਢਕੋਲੀ ਪੁਲੀਸ ਨੇ ਉਕਤ ਚਾਰੇ ਜਣਿਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਕੰਪਨੀ ਖ਼ਿਲਾਫ਼ ਹੁਣ ਤੱਕ ਦੋ ਹਜ਼ਾਰ ਦੇ ਕਰੀਬ ਧੋਖਾਧੜੀ ਦੇ ਕੇਸ ਦਰਜ ਹੋ ਚੁੱਕੇ ਹਨ ਤੇ ਪੰਜਾਬ ਵਿਚ ਇਹ ਪਹਿਲਾ ਮਾਮਲਾ ਹੈ।

leave a reply

TV Punjab

Must see news