Site icon TV Punjab | Punjabi News Channel

ਅਫਗਾਨਿਸਤਾਨ ਵਿਦੇਸ਼ ਮੰਤਰਾਲੇ ਦੇ ਨੇੜੇ ਇਸਲਾਮਿਕ ਸਟੇਟ ਦਾ ਵੱਡਾ ਹਮਲਾ , 6 ਲੋਕਾਂ ਦੀ ਗਈ ਜਾਨ

ਡੈਸਕ- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਸੋਮਵਾਰ ਨੂੰ ਬਦਨਾਮ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਵੱਡਾ ਹਮਲਾ ਕੀਤਾ ਹੈ। ਰਿਪੋਰਟਾਂ ਮੁਤਾਬਕ ਅਫਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਨੇੜੇ ਹੋਏ ਇਸ ਹਮਲੇ ‘ਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ। ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫਇਦਾਈਨ ਹਮਲਾਵਰ ਦੀ ਕੋਸ਼ਿਸ਼ ਮਨਿਸਟਰੀ ਦੇ ਅੰਦਰ ਪਹੁੰਚਣ ਦੀ ਸੀ। ਉਹ ਉਸ ਥਾਂ ‘ਤੇ ਪਹੁੰਚਣਾ ਚਾਹੁੰਦਾ ਸੀ ਜਿਥੇ ਅਫਸਰ ਬੈਠਦੇ ਹਨ। ਹਾਲਾਂਕਿ, ਜਦੋਂ ਉਹ ਇਸ ਕੋਸ਼ਿਸ਼ ਵਿੱਚ ਨਾਕਾਮ ਹੋ ਗਿਆ ਤਾਂ ਉਸ ਨੇ ਪਹਿਲਾਂ ਹੀ ਖੁਦ ਨੂੰ ਉਡਾਲਿਆ। ਇਹ ਜਗ੍ਹਾ ਗੈਸਟ ਲਈ ਹੁੰਦੀ ਹੈ।

ਦੱਸ ਦੇਈਏ ਕਿ ਇਸ ਸਾਲ ਵਿੱਚ ਮੰਤਰਾਲੇ ਕੋਲ ਇਹ ਦੂਜਾ ਹਮਲਾ ਹੈ। ਇਸਲਾਮਿਕ ਸਟੇਟ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਅਤੇ ਅਗਸਤ 2021 ਵਿਚ ਤਾਲਿਬਾਨ ਦੇ ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਦੇਸ਼ ਵਿਚ ਲਗਾਤਾਰ ਹਮਲੇ ਕਰ ਰਿਹਾ ਹੈ। ਇਸਲਾਮਿਕ ਸਟੇਟ ਅਫਗਾਨਿਸਤਾਨ ਵਿੱਚ ਗਸ਼ਤ ਕਰਨ ਵਾਲਿਆਂ ਦੇ ਨਾਲ-ਨਾਲ ਤਾਲਿਬਾਨ ਅਧਿਕਾਰੀਆਂ ਅਤੇ ਦੇਸ਼ ਦੇ ਘੱਟ ਗਿਣਤੀ ਸ਼ੀਆ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ। ਕਾਬੁਲ ਦੇ ਪੁਲਿਸ ਮੁਖੀ ਦੇ ਬੁਲਾਰੇ ਖਾਲਿਦ ਜ਼ਦਰਾਨ ਨੇ ਕਿਹਾ ਕਿ ਤਾਲਿਬਾਨ ਸੁਰੱਖਿਆ ਬਲਾਂ ਨੇ ਆਤਮਘਾਤੀ ਹਮਲਾਵਰ ਦਾ ਪਤਾ ਉਸ ਦੇ ਮੰਤਰਾਲੇ ਦੇ ਨੇੜੇ ਮਲਿਕ ਅਸਗਰ ਚੌਰਾਹੇ ‘ਤੇ ਪਹੁੰਚਣ ਤੋਂ ਪਹਿਲਾਂ ਹੀ ਲੱਭ ਲਿਆ ਸੀ। ਇਸ ਤੋਂ ਬਾਅਦ ਹਮਲਾਵਰ ਨੇ ਖੁਦ ਨੂੰ ਉਡਾ ਲਿਆ। ਆਤਮਘਾਤੀ ਹਮਲੇ ‘ਚ ਘੱਟੋ-ਘੱਟ 6 ਨਾਗਰਿਕ ਮਾਰੇ ਗਏ ਅਤੇ ਜ਼ਖਮੀਆਂ ‘ਚ ਤਾਲਿਬਾਨ ਸੁਰੱਖਿਆ ਬਲਾਂ ਦੇ ਤਿੰਨ ਮੈਂਬਰ ਸ਼ਾਮਲ ਹਨ।

ਗੈਰ-ਸਰਕਾਰੀ ਸੰਗਠਨ ‘ਐਮਰਜੈਂਸੀ’ ਵੱਲੋਂ ਚਲਾਏ ਜਾ ਰਹੇ ਕਾਬੁਲ ਹਸਪਤਾਲ ਨੇ ਕਿਹਾ ਕਿ ਹਮਲੇ ਤੋਂ ਬਾਅਦ ਇਕ ਬੱਚੇ ਸਮੇਤ 12 ਜ਼ਖਮੀਆਂ ਨੂੰ ਪਹੁੰਚਾਇਆ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਅਕਸਰ ਅੱਤਵਾਦੀ ਹਮਲਿਆਂ ਨਾਲ ਦਹਿਲਦੀ ਰਹਿੰਦੀ ਏ। ਇਸ ਤੋਂ ਪਹਿਲਾਂ ਜਨਵਰੀ ਵਿੱਚ ਵਿਦੇਸ਼ ਮੰਤਰਾਲੇ ਨੇੜੇ ਇਸਲਾਮਿਕ ਸਟੇਟ ਵੱਲੋਂ ਕੀਤੇ ਗਏ ਹਮਲੇ ਵਿੱਚ ਘੱਟੋ-ਘੱਟ ਪੰਜ ਲੋਕ ਮਾਰੇ ਗਏ ਸਨ ਅਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ। ਅੱਤਵਾਦੀ ਹਮਲੇ ਦੇ ਸਮੇਂ ਡਿਪਲੋਮੈਟਾਂ ਦਾ ਟ੍ਰੇਨਿੰਗ ਪ੍ਰੋਗਰਾਮ ਚੱਲ ਰਿਹਾ ਸੀ।

Exit mobile version