VANCOUVER: ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਵਿਦੇਸ਼ੀ ਨਾਗਰਿਕਾਂ ਨੂੰ ਮਹਿੰਗੇ ਕਿਰਾਏ ਵਾਲੇ ਜਹਾਜ਼ਾਂ ਵਿਚ ਡਿਪੋਰਟ ਕੀਤਾ ਜਾ ਰਿਹਾ ਹੈ ਅਤੇ ਤਿੰਨ ਜਣਿਆਂ ਨੂੰ ਕੱਢਣ ਵਾਸਤੇ 4 ਲੱਖ 38 ਹਜ਼ਾਰ ਡਾਲਰ ਦਾ ਕਿਰਾਇਆ ਖ਼ਰਚ ਕੀਤਾ ਗਿਆ। ਸਤੰਬਰ 2022 ਵਿਚ ਸਿਰਫ਼ ਦੋ ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਕਰਨ ਵਾਸਤੇ 1 ਲੱਖ 30 ਹਜ਼ਾਰ 432 ਡਾਲਰ ਖਰਚ ਕੀਤੇ ਗਏ। ਬਾਰਡਰ ਏਜੰਟ ਅਜਿਹੇ ਜਹਾਜ਼ ਕਿਰਾਏ ’ਤੇ ਲੈ ਰਹੇ ਹਨ, ਜੋ ਦੁਨੀਆਂ ਦੇ ਸਰਮਾਏਦਾਰ ਲੋਕ ਆਪਣੀ ਨਿਜੀ ਆਵਾਜਾਈ ਵਾਸਤੇ ਰਖਦੇ ਹਨ। ਇਸ ਬਾਰੇ ਸਫ਼ਾਈ ਪੇਸ਼ ਕਰਦਿਆਂ ਸੀ.ਬੀ.ਐਸ.ਏ. ਦੇ ਬੁਲਾਰੇ ਲਿਊਕ ਰੀਮਰ ਨੇ ਕਿਹਾ ਕਿ ਕਿਰਾਏ ’ਤੇ ਜਹਾਜ਼ ਲੈਣ ਦੀ ਨੌਬਤ ਕਦੇ ਕਦਾਈਂ ਹੀ ਆਉਂਦੀ ਹੈ ਅਤੇ 2020 ਮਗਰੋਂ ਸਿਰਫ਼ ਪੰਜ ਮੌਕਿਆਂ ’ਤੇ ਚਾਰਟਰਡ ਏਅਰਕ੍ਰਾਫ਼ਟ ਦੀ ਵਰਤੋਂ ਕੀਤੀ ਗਈ। ਦੂਜੇ ਪਾਸੇ, ਫ਼ਰਵਰੀ 2022 ਦੌਰਾਨ ਬਾਰਡਰ ਏਜੰਸੀ ਨੇ ਦੋ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਦੇ ਅੰਦਰ ਹੀ ਇਕ ਥਾਂ ਤੋਂ ਦੂਜੀ ਥਾਂ ਲਿਜਾਣ ਵਾਸਤੇ 3 ਲੱਖ 68 ਹਜ਼ਾਰ 810 ਡਾਲਰ ਕਿਰਾਇਆ ਖ਼ਰਚ ਕਰਦਿਆਂ ਜਹਾਜ਼ ਕਿਰਾਏ ’ਤੇ ਲਿਆ। ਰੀਮਰ ਦਾ ਕਹਿਣਾ ਸੀ ਕਿ ਡਿਪੋਰਟ ਕੀਤੇ ਜਾ ਰਹੇ ਜ਼ਿਆਦਾਤਰ ਲੋਕਾਂ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਂਦੀ ਪਰ 2,300 ਕਿਲੋਮੀਟਰ ਦਾ ਸਫ਼ਰ ਸੜਕ ਰਾਹੀਂ ਕਰਨਾ ਮੁਸ਼ਕਲ ਸੀ, ਜਿਸ ਦੇ ਮੱਦੇਨਜ਼ਰ ਹਵਾਈ ਰਸਤੇ ਜਾਣ ਦਾ ਫ਼ੈਸਲਾ ਕੀਤਾ ਗਿਆ। ਬਾਰਡਰ ਏਜੰਸੀ ਦੇ ਰਿਕਾਰਡ ਮੁਤਾਬਕ ਇਕ ਵਿਦੇਸ਼ੀ ਨਾਗਰਿਕ ਨੂੰ ਨਿਗਰਾਨੀ ਹੇਠ ਡਿਪੋਰਟ ਕਰਨ ’ਤੇ 13 ਹਜ਼ਾਰ ਡਾਲਰ ਦਾ ਖਰਚਾ ਆਉਂਦਾ ਹੈ ਜਦਕਿ ਇਕੱਲਿਆਂ ਡਿਪੋਰਟ ਕਰਨ ’ਤੇ 3,905 ਡਾਲਰ ਖਰਚ ਹੁੰਦੇ ਹਨ। ਸੀ.ਬੀ.ਐਸ.ਏ. ਵੱਲੋਂ 2024-25 ਦੌਰਾਨ ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਕਰਨ ’ਤੇ 7 ਕਰੋੜ 82 ਲੱਖ ਡਾਲਰ ਤੋਂ ਵੱਧ ਰਕਮ ਖ਼ਰਚ ਕੀਤੀ ਗਈ, ਜਦਕਿ ਵਿਦੇਸ਼ੀ ਨਾਗਰਿਕਾਂ ਦੀ ਡਿਟੈਨਸ਼ਨ ਉਤੇ 13 ਕਰੋੜ ਡਾਲਰ ਤੋਂ ਵੱਧ ਰਕਮ ਖ਼ਰਚ ਕੀਤੀ ਗਈ। ਰੀਮਰ ਨੇ ਦੱਸਿਆ ਕਿ ਚਾਰਟਰਡ ਏਅਰਕ੍ਰਾਫ਼ਟ ਦੀ ਜ਼ਰੂਰਤ ਉਨ੍ਹਾਂ ਹਾਲਾਤ ਵਿਚ ਪੈਂਦੀ ਹੈ ਜਦੋਂ ਕੋਈ ਵੀ ਏਅਰਲਾਈਨ ਸਬੰਧਤ ਗੈਰਕਾਨੂੰਨੀ ਪ੍ਰਵਾਸੀ ਨੂੰ ਸੀਟ ਦੇਣ ਤੋਂ ਨਾਂਹ ਕਰ ਦਿੰਦੀ ਹੈ। ਇੰਮੀਗ੍ਰੇਸ਼ਨ ਵਕੀਲ ਸਰਜੀਓ ਕੈਰਸ ਨੇ ਕਿਹਾ ਕਿ ਡਿਪੋਰਟੇਸ਼ਨ ਦੇ ਜ਼ਿਆਦਾਤਰ ਮਾਮਲੇ ਬਗੈਰ ਨਿਗਰਾਨੀ ਵਾਲੇ ਹੁੰਦੇ ਹਨ ਪਰ ਹਾਲਾਤ ਮੁਤਾਬਕ ਚੋਣ ਕੀਤੀ ਜਾਂਦੀ ਹੈ। 2025-26 ਦੌਰਾਨ ਡਿਪੋਰਟੇਸ਼ਨ ਉਤੇ 9 ਕਰੋੜ 48 ਲੱਖ ਡਾਲਰ ਖ਼ਰਚ ਕੀਤੇ ਗਏ ਜਦਕਿ ਵਿਦੇਸ਼ੀ ਨਾਗਰਿਕਾਂ ਦੀ ਡਿਟੈਨਸ਼ਨ ਉਤੇ 20 ਕਰੋੜ ਡਾਲਰ ਦੀ ਰਕਮ ਖ਼ਰਚ ਕੀਤੀ ਗਈ। ਦੱਸ ਦੇਈਏ ਕਿ ਸੂਬਾ ਸਰਕਾਰਾਂ ਇੰਮੀਗ੍ਰੇਸ਼ਨ ਹਿਰਾਸਤੀਆਂ ਨੂੰ ਆਪਣੀਆਂ ਜੇਲਾਂ ਵਿਚ ਰੱਖਣ ਤੋਂ ਹੱਥ ਖੜੇ ਕਰ ਚੁੱਕੀਆਂ ਹਨ ਅਤੇ ਹੁਣ ਬਾਰਡਰ ਏਜੰਸੀ ਵੱਲੋਂ ਉਨ੍ਹਾਂ ਨੂੰ ਬੀ.ਸੀ. ਦੇ ਸਰੀ, ਕਿਊਬੈਕ ਦੇ ਲਵਾਲ, ਅਤੇ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਅੱਠ ਕਿਲੋਮੀਟਰ ਦੂਰ ਬਣੇ ਡਿਟੈਨਸ਼ਨ ਸੈਂਟਰ ਵਿਚ ਰੱਖਿਆ ਜਾਂਦਾ ਹੈ।
ਕੈਨੇਡਾ ਦੇ ਐਲਬਰਟਾ ਸੂਬੇ ਦੀ ਰਾਜਧਾਨੀ ਐਡਮੰਟਨ ਵਿੱਚ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀ ਵਰਕ ਪਰਮਿਟ ਰੱਦ ਹੋਣ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਪ੍ਰਦਰਸ਼ਨ ਦਰਮਿਆਨ ਇਮੀਗ੍ਰੇਸ਼ਨ ਮਾਹਰ ਕੁਬੇਰ ਕਮਲ ਨੇ ਵਿਦਿਆਰਥੀਆਂ ਨੂੰ ਆਪਣਾ ਲੀਗਲ ਸਟੇਟਸ ਬਰਕਰਾਰ ਰੱਖਣ ਦੀ ਸਲਾਹ ਦਿੱਤੀ ਹੈ। ਨਿਯਮਾਂ ਅਨੁਸਾਰ, ਵਰਕ ਪਰਮਿਟ ਦੀ ਅਰਜ਼ੀ ਰੱਦ ਹੋਣ ‘ਤੇ 90 ਦਿਨਾਂ ਦੇ ਅੰਦਰ ਸਟੇਟਸ ਰੀਸਟੋਰ ਕਰਨਾ ਜ਼ਰੂਰੀ ਹੁੰਦਾ ਹੈ। ਬਿਨੈਕਾਰ 15 ਦਿਨਾਂ ਦੇ ਅੰਦਰ ਜੁਡੀਸ਼ੀਅਲ ਰੀਵਿਊ ਲਈ ਅਪਲਾਈ ਕਰ ਸਕਦੇ ਹਨ, ਜਿਸ ਵਿੱਚ ਅਦਾਲਤੀ ਜੱਜ ਇਹ ਜਾਂਚ ਕਰਦਾ ਹੈ ਕਿ ਇਮੀਗ੍ਰੇਸ਼ਨ ਅਧਿਕਾਰੀ ਦਾ ਫ਼ੈਸਲਾ ਨਿਯਮਾਂ ਅਨੁਸਾਰ ਸੀ ਜਾਂ ਨਹੀਂ। ਇਹ ਵਿਰੋਧ ਮੁੱਖ ਤੌਰ ‘ਤੇ ਐਲਬਰਟਾ ਦੇ ਪੋਰਟੇਜ ਕਾਲਜ ਅਤੇ ਕੈਨੇਡੀਅਨ ਇੰਸਟੀਚਿਊਟ ਆਫ਼ ਓਸਟੀਓਪੈਥਿਕ ਥੈਰੇਪੀ ਦੇ ਵਿਦਿਆਰਥੀਆਂ ਵੱਲੋਂ ਕੀਤਾ ਜਾ ਰਹਾ ਹੈ। ਇਮੀਗ੍ਰੇਸ਼ਨ ਵਿਭਾਗ ਨੇ ਨਾਨ-ਕਰੈਡਿਟ ਕੋਰਸ ਕਰਨ ਵਾਲੇ ਵਿਦਿਆਰਥੀਆਂ ਦੇ ਵਰਕ ਪਰਮਿਟ ਰੱਦ ਕੀਤੇ ਹਨ। ਦੂਜੇ ਪਾਸੇ, ਡਿਗਰੀ ਅਤੇ ਡਿਪਲੋਮਾ ਵਰਗੇ ਕਰੈਡਿਟ ਕੋਰਸਾਂ ਦੇ ਅਧਾਰ ‘ਤੇ ਹੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਦਾ ਹੈ। ਜਿੱਥੇ ਵਿਦਿਆਰਥੀਆਂ ਦਾ ਦੋਸ਼ ਹੈ ਕਿ ਨਿਯਮਾਂ ਵਿੱਚ ਹਾਲ ਹੀ ਵਿੱਚ ਬਦਲਾਅ ਕੀਤਾ ਗਿਆ ਹੈ, ਉੱਥੇ ਫ਼ੈਡਰਲ ਇਮੀਗ੍ਰੇਸ਼ਨ ਮਨਿਸਟਰ ਲੀਨਾ ਡੀਐਬ ਨੇ ਸਪੱਸ਼ਟ ਕੀਤਾ ਹੈ ਕਿ ਨਿਯਮ ਬਦਲੇ ਨਹੀਂ ਗਏ, ਸਗੋਂ ਪੁਰਾਣੀ ਪਾਲਿਸੀ ਤਹਿਤ ਹੀ ਨਾਨ-ਕਰੈਡਿਟ ਕੋਰਸਾਂ ਵਾਲੀਆਂ ਅਰਜ਼ੀਆਂ ਰੱਦ ਹੋ ਰਹੀਆਂ ਹਨ। ਇਸ ਪ੍ਰਦਰਸ਼ਨ ਨੂੰ ਹੋਰਨਾਂ ਸੂਬਿਆਂ ਤੋਂ ਵੀ ਸਮਰਥਨ ਮਿਲ ਰਿਹਾ ਹੈ।
ਅਲਬਰਟਾ ’ਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਪੰਜਾਬੀ ਮੂਲ ਦੀ ਜੇਲ੍ਹ ਵਾਰਡਨ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਬਾਅਦ ਦੁਪਹਿਰ ਐਡਮਿੰਟਨ ਜੇਲ੍ਹ ਵਿਭਾਗ ਦੇ ਇੱਕ ਵਾਹਨ ਵਿੱਚ ਕੈਦੀ ਨੂੰ ਲਿਜਾਇਆ ਜਾ ਰਿਹਾ ਸੀ, ਜਿਸ ਦੀ ਇੱਕ ਹੋਰ ਵਾਹਨ ਨਾਲ ਸਿੱਧੀ ਟੱਕਰ ਹੋ ਗਈ। ਜਿਸ ਕਾਰਨ ਐਡਮਿੰਟਨ ਇੰਸਟੀਚਿਊਸ਼ਨ ਫਾਰ ਵੂਮੈਨ ਨਾਲ ਸਬੰਧਤ ਸੁਧਾਰ ਅਧਿਕਾਰੀ ਨਿਕੋਲੇ ਸਰਬਨ ਅਤੇ ਰਮਨਦੀਪ ਕੌਰ ਮਾਨ ਅਤੇ ਹਿਰਾਸਤੀ ਕਿਆਰਾ ਮੂਸਵਾ ਦੀ ਮੌਤ ਹੋ ਗਈ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗੁੜ੍ਹੇ ਦੀ ਰਹਿਣ ਵਾਲੀ 24 ਸਾਲਾ ਰਮਨਦੀਪ ਕੌਰ ਮਾਨ ਕੁਝ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਆਈ ਸੀ। ਮੈਨੀਟੋਬਾ ਤੋਂ ਪੜ੍ਹਾਈ ਪੂਰੀ ਕਰਨ ਮਗਰੋਂ ਉਹ ਕਰੀਬ ਇੱਕ ਸਾਲ ਪਹਿਲਾਂ ਐਡਮਿੰਟਨ ਰਹਿਣ ਲੱਗ ਪਈ ਸੀ। ਖੇਡਾਂ ਵਿੱਚ ਵੀ ਰੁਚੀ ਰੱਖਣ ਵਾਲੀ ਰਮਨਦੀਪ ਨੂੰ ਕਰੀਬ ਛੇ ਮਹੀਨੇ ਪਹਿਲਾਂ ਹੀ ਜੇਲ੍ਹ ਵਿਭਾਗ ਕਰੈਕਸ਼ਨਲ ਸਰਵਿਸਿਜ਼ ਕੈਨੇਡਾ ਵਿੱਚ ਵਾਰਡਨ ਵਜੋਂ ਨੌਕਰੀ ਮਿਲੀ ਸੀ। ਵਾਹਨਾਂ ਦੀ ਟੱਕਰ ਕਾਰਨ ਜ਼ਖ਼ਮੀ ਹੋਏ ਲੋਕਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਪਰ ਹਾਦਸੇ ਦੇ ਅਸਲ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਕਰੈਕਸ਼ਨਲ ਸਰਵਿਸ ਆਫ਼ ਕੈਨੇਡਾ ਦੇ ਕਮਿਸ਼ਨਰ ਨੇ ਦੋਵਾਂ ਅਧਿਕਾਰੀਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਹਿਰਾਸਤੀ ਕਿਆਰਾ ਦੇ ਪਰਿਵਾਰ ਨਾਲ ਵੀ ਦੁੱਖ ਸਾਂਝਾ ਕੀਤਾ ਹੈ।
ਕੈਨੇਡਾ ਦੇ ਇੰਮੀਗ੍ਰੇਸ਼ਨ ਕਾਨੂੰਨ ਸਣੇ ਹੋਰਨਾਂ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੀ ਇਕ ਹੋਰ ਟ੍ਰਾਂਸਪੋਰਟ ਕੰਪਨੀ ਨੂੰ ਆਖਰਕਾਰ ਜਿੰਦਾ ਲਾ ਦਿਤਾ ਗਿਆ ਹੈ ਅਤੇ ਹੁਣ ਤੱਕ ਪੰਜਾਬੀਆਂ ਦੀ ਮਾਲਕੀ ਵਾਲੀਆਂ 15 ਤੋਂ ਵੱਧ ਟ੍ਰਾਂਸਪੋਰਟ ਕੰਪਨੀਆਂ ਬੰਦ ਹੋ ਚੁੱਕੀਆਂ ਹਨ। ਭਾਰਤੀ ਟਰੱਕ ਡਰਾਈਵਰ ਬ੍ਰਿਜਪਾਲ ਦੀ ਸ਼ਮੂਲੀਅਤ ਵਾਲਾ ਜਾਨਲੇਵਾ ਹਾਦਸਾ ਕੌਂਕਰ ਟ੍ਰਾਂਸਪੋਰਟੇਸ਼ਨ ਦੇ ਤਾਬੂਤ ਵਿਚ ਆਖਰੀ ਕਿੱਲ ਸਾਬਤ ਹੋਇਆ ਪਰ ਕੰਪਨੀ ਦਾ ਇਤਿਹਾਸ ਨਿਯਮ-ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੀਆਂ ਘਟਨਾਵਾਂ ਨਾਲ ਭਰਿਆ ਪਿਆ ਹੈ। ਕੌਂਕਰ ਟ੍ਰਾਂਸਪੋਰਟੇਸ਼ਨ ਦੇ ਮਾਲਕ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਉਹ ਭਾਰਤੀ ਦੱਸਿਆ ਜਾ ਰਿਹਾ ਹੈ। ਕੰਪਨੀ ਨੇ ਐਲਬਰਟਾ ਵਿਚ ਕੰਮਕਾਜ ਸ਼ੁਰੂ ਕਰਨ ਤੋਂ ਪਹਿਲਾਂ ਮੈਨੀਟੋਬਾ ਵਿਚ ਵੀ ਚੰਨ ਚਾੜ੍ਹੇ ਅਤੇ 2021 ਵਿਚ ਉਥੋਂ ਦੀ ਸਰਕਾਰ ਨੇ ਦਰਵਾਜ਼ੇ ਬੰਦ ਕਰ ਦਿਤੇ। ਐਲਬਰਟਾ ਦੇ ਟ੍ਰਾਂਸਪੋਰਟ ਮੰਤਰੀ ਡੈਵਿਨ ਡ੍ਰੀਸ਼ਨ ਨੇ ਦੱਸਿਆ ਕਿ ਮਈ ਦੇ ਅੰਤ ਵਿਚ ਬਰੈਂਡਨ ਵਿਖੇ ਵਾਪਰੇ ਜਾਨਲੇਵਾ ਹਾਦਸੇ ਮਗਰੋਂ ਕਾਰਵਾਈ ਆਰੰਭੀ ਗਈ। ਪੁਲਿਸ ਮੁਤਾਬਕ ਬ੍ਰਿਜਪਾਲ ਸਟੌਪ ਸਾਈਨ ’ਤੇ ਆਪਣਾ ਟਰੱਕ ਰੋਕਣ ਵਿਚ ਅਸਫ਼ਲ ਰਿਹਾ ਅਤੇ ਐਸ.ਯੂ.ਵੀ. ਨੂੰ ਟੱਕਰ ਮਾਰ ਦਿਤੀ ਜਿਸ ਦੇ ਸਿੱਟੇ ਵਜੋਂ 49 ਸਾਲਾ ਔਰਤ ਦਮ ਤੋੜ ਗਈ। ਮੈਨੀਟੋਬਾ ਸਰਕਾਰ ਨੇ ਦੋਸ਼ ਲਾਇਆ ਕਿ ਟ੍ਰਾਂਸਪੋਰਟ ਕੰਪਨੀ ਦੇ ਮਾਲਕ ਨੇ ਸੂਬੇ ਵਿਚੋਂ ਕੱਢੇ ਜਾਣ ਮਗਰੋਂ ਟ੍ਰਾਂਸਪੋਰਟ ਕੰਪਨੀ ਦੇ ਨਾਂ ਵਿਚ ਮਾਮੂਲੀ ਤਬਦੀਲੀ ਕਰ ਕੇ ਐਲਬਰਟਾ ਵਿਚ ਨਵੇਂ ਸਿਰੇ ਤੋਂ ਕਾਰੋਬਾਰ ਆਰੰਭ ਦਿਤਾ ਜਿਥੇ ਅਕਸਰ ਹੀ ਟੈਂਪਰੇਰੀ ਫ਼ੌਰਨ ਵਰਕਰਜ਼ ਨੂੰ ਨੌਕਰੀ ’ਤੇ ਰੱਖਿਆ ਜਾਂਦਾ ਸੀ। ਉਧਰ, ਐਲਬਰਟਾ ਦੇ ਜਾਂਚਕਰਤਾਵਾਂ ਦੀ ਰਿਪੋਰਟ ਮੁਤਾਬਕ ਕੌਂਕਰ ਟ੍ਰਾਂਸਪੋਰਟੇਸ਼ਨ ਵੱਲੋਂ ਜਾਣ ਬੁੱਝ ਦੇ ਸੁਰੱਖਿਆ ਮਾਪਦੰਡਾਂ ਨੂੰ ਪੈਰਾਂ ਹੇਠ ਰੋਲਿਆ ਗਿਆ। ਜਾਂਚ ਰਿਪੋਰਟ ਦੇ ਆਧਾਰ ’ਤੇ ਕੰਪਨੀ ਦੀ ਸੇਫ਼ਟੀ ਰੇਟਿੰਗ ਗੈਰਤਸੱਲੀਬਖ਼ਸ਼ ਕਰਾਰ ਦਿੰਦਿਆ ਜਲਦ ਤੋਂ ਜਲਦ ਕੰਮਕਾਜ ਬੰਦ ਕਰਨ ਦੇ ਹੁਕਮ ਸੁਣਾ ਦਿਤੇ ਗਏ।
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਰਾਜ ਵਿੱਚ ਸਮਰਲੈਂਡ ਨੇੜੇ ਲੱਗੀ ਭਿਆਨਕ ਜੰਗਲੀ ਅੱਗ ਕਾਰਨ ਲੋਕਾਂ ਨੂੰ ਆਪਣੇ ਘਰਾਂ ਤੋਂ ਤੁਰੰਤ ਬਾਹਰ ਨਿਕਲਣਾ ਪਿਆ। ਪ੍ਰਭਾਵਿਤ ਲੋਕਾਂ ਅਨੁਸਾਰ ਅੱਗ ਨੇ ਕੁਝ ਹੀ ਮਿੰਟਾਂ ਵਿੱਚ ਉਨ੍ਹਾਂ ਦੇ ਘਰਾਂ ਨੂੰ ਘੇਰ ਲਿਆ। ਸ਼ੁੱਕਰਵਾਰ ਸ਼ਾਮ 5:30 ਵਜੇ ਲੱਗੀ ਇਸ ‘ਬਾਲਡ ਰੇਂਜ’ ਅੱਗ ਨੇ ਮਹਿਜ਼ ਤਿੰਨ ਘੰਟਿਆਂ ਵਿੱਚ 50 ਵਰਗ ਕਿਲੋਮੀਟਰ ਖੇਤਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਬੀ.ਸੀ. ਵਾਈਲਡਫਾਇਰ ਸਰਵਿਸ ਮੁਤਾਬਕ, ਇਹ ਅੱਗ ਸਮਰਲੈਂਡ ਤੋਂ ਲਗਭਗ 15 ਕਿਲੋਮੀਟਰ ਉੱਤਰ-ਪੱਛਮ ਵੱਲ ਫੈਲ ਰਹੀ ਹੈ। ਪ੍ਰਸ਼ਾਸਨ ਨੇ ਜਾਨ-ਮਾਲ ਦੇ ਖਤਰੇ ਨੂੰ ਦੇਖਦੇ ਹੋਏ ਸਮਰਲੈਂਡ ਤੋਂ ਪੀਚਲੈਂਡ ਤੱਕ ਦੇ ਇਲਾਕਿਆਂ ਲਈ ਘਰ ਖਾਲੀ ਕਰਨ ਦੇ ਹੁਕਮ ਅਤੇ ਐਮਰਜੈਂਸੀ ਅਲਰਟ ਜਾਰੀ ਕੀਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਬਹੁਤ ਹੀ ਖਤਰਨਾਕ ‘ਰੈਂਕ 5’ ਦੇ ਪੱਧਰ ‘ਤੇ ਹੈ, ਜਿਸ ਵਿੱਚ ਤੇਜ਼ ਹਵਾਵਾਂ ਕਾਰਨ ਅੰਗਿਆਰੇ 1 ਕਿਲੋਮੀਟਰ ਦੂਰ ਜਾ ਕੇ ਨਵੀਂ ਅੱਗ ਭੜਕਾ ਰਹੇ ਹਨ। ਇੱਕ ਸਥਾਨਕ ਨਿਵਾਸੀ ਐਸ਼ਲੇ ਜੈਸਟਿਨ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਇਸ ਅੱਗ ਵਿੱਚ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਗੱਡੀ ਵਿੱਚ ਨਿਕਲ ਰਹੇ ਸਨ, ਤਾਂ ਅੱਗ ਦੇ ਅੰਗਿਆਰੇ ਉਨ੍ਹਾਂ ਦੀ ਕਾਰ ਦੀਆਂ ਸੀਟਾਂ ‘ਤੇ ਵੀ ਆ ਡਿੱਗੇ ਅਤੇ ਉਨ੍ਹਾਂ ਕੋਲ ਬਚਣ ਲਈ ਕੁਝ ਹੀ ਮਿੰਟਾਂ ਦਾ ਸਮਾਂ ਸੀ।
ਕੈਨੇਡਾ ਦੇ ਸਸਕੈਚਵਨ ਵਿੱਚ ਦੋ ਵਿਅਕਤੀਆਂ, ਮੁਹੰਮਦ ਮਾਸੂਮ ਅਤੇ ਸੋਹੇਲ ਹੈਦਰ ਨੂੰ ਬੰਗਲਾਦੇਸ਼ੀ ਔਰਤ ਦੀ ਮਨੁੱਖੀ ਤਸਕਰੀ ਅਤੇ ਸ਼ੋਸ਼ਣ ਦੇ ਦੋਸ਼ਾਂ ਹੇਠ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸਸਕਾਟੂਨ ਪ੍ਰੋਵਿੰਸ਼ੀਅਲ ਅਦਾਲਤ ਵਿੱਚ ਜੱਜ ਮਿਗੁਏਲ ਮਾਰਟੀਨੇਜ਼ ਨੇ ਫ਼ੈਸਲਾ ਸੁਣਾਉਂਦੇ ਹੋਏ ਦੋਵਾਂ ਨੂੰ ਹਿਰਾਸਤ ਵਿੱਚ ਭੇਜਣ ਦੇ ਹੁਕਮ ਦਿੱਤੇ। ਜੱਜ ਅਨੁਸਾਰ, ਦੋਵਾਂ ਮੁਲਜ਼ਮਾਂ ਨੇ ਆਪਣੇ ਰੈਸਟੋਰੈਂਟਾਂ ਵਿੱਚ ਕੰਮ ਕਰਨ ਵਾਲੀ ਇਸ ਔਰਤ ਦੀ ਮਜਬੂਰੀ ਦਾ ਨਾਜਾਇਜ਼ ਫਾਇਦਾ ਚੁੱਕਿਆ। ਉਨ੍ਹਾਂ ਨੇ ਔਰਤ ਦਾ ਵਰਕ ਪਰਮਿਟ ਰੱਦ ਕਰਵਾਉਣ ਅਤੇ ਡਿਪੋਰਟ ਕਰਵਾਉਣ ਦਾ ਡਰ ਦਿਖਾ ਕੇ ਉਸ ਉੱਪਰ ਆਪਣਾ ਪੂਰਾ ਕੰਟਰੋਲ ਰੱਖਿਆ। ਮਾਸੂਮ ਨੇ ਔਰਤ ਦਾ ਪਾਸਪੋਰਟ ਜ਼ਬਤ ਕਰ ਲਿਆ ਸੀ ਅਤੇ ਉਸ ਨਾਲ ਜਿਨਸੀ ਸ਼ੋਸ਼ਣ ਵੀ ਕੀਤਾ, ਜਿਸ ਲਈ ਅਦਾਲਤ ਨੇ ਉਸ ਨੂੰ ਜਿਨਸੀ ਹਮਲੇ ਦੇ ਦੋਸ਼ਾਂ ਵਿੱਚ ਵੀ ਦੋਸ਼ੀ ਠਹਿਰਾਇਆ। ਇਹ ਮਾਮਲਾ 1 ਅਗਸਤ 2022 ਤੋਂ 31 ਮਾਰਚ 2023 ਦੇ ਵਿਚਕਾਰ ਦਾ ਹੈ। ਔਰਤ ਬੰਗਲਾਦੇਸ਼ ਤੋਂ ਕੈਨੇਡਾ ਆਈ ਸੀ ਅਤੇ ਇੱਥੇ ਰਹਿਣ ਲਈ ਉਸਨੇ ਗੁੱਲ ਲੇਕ ਅਤੇ ਤਿਸਡੇਲ ਦੇ ਰੈਸਟੋਰੈਂਟਾਂ ਵਿੱਚ ਕਈ-ਕਈ ਘੰਟੇ ਕੰਮ ਕੀਤਾ। ਹੈਦਰ ਅਤੇ ਮਾਸੂਮ ਨੇ ਉਸਨੂੰ ਰਿਹਾਇਸ਼ ਅਤੇ 1,000 ਡਾਲਰ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ, ਪਰ ਉਸਨੂੰ ਤਨਖਾਹ ਨਹੀਂ ਦਿੱਤੀ ਗਈ। ਸਥਾਨਕ ਐਮ.ਐਲ.ਏ. ਡਗ ਸਟੀਲ ਅਤੇ ਹਿਊਗ ਨਰਲੀਅਨ ਨੇ ਔਰਤ ਦੀ ਹਾਲਤ ਦੇਖ ਕੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਨੇ ਇੱਕ ਸੋਸ਼ਲ ਵਰਕਰ ਦੀ ਮਦਦ ਨਾਲ ਮਾਰਚ 2023 ਵਿੱਚ ਇੱਕ ਗੁਪਤ ਯੋਜਨਾ ਬਣਾ ਕੇ ਔਰਤ ਨੂੰ ਉਸ ਮੁਸ਼ਕਿਲ ਸਥਿਤੀ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ।
ਅਮਰੀਕਾ ਵੱਲੋਂ ਨਵੀਂ ਟੈਰਿਫ ਸਮਾਂ-ਸੀਮਾ ਤੋਂ ਪਹਿਲਾਂ ਵਪਾਰਕ ਗੱਲਬਾਤ ਤੇਜ਼ ਹੋਣ ਕਾਰਨ ਕੈਨੇਡੀਅਨ ਡੇਅਰੀ ਕਿਸਾਨਾਂ ਨੇ ਸਰਕਾਰ ਨੂੰ ਆਪਣੇ ਖੇਤਰ ਵਿੱਚ ਕਿਸੇ ਵੀ ਤਰ੍ਹਾਂ ਦੀ ਛੋਟ ਨਾ ਦੇਣ ਦੀ ਤਾਕੀਦ ਕੀਤੀ ਹੈ। ਅਮਰੀਕਾ ਵੱਲੋਂ ਕੈਨੇਡੀਅਨ ਵਸਤੂਆਂ ‘ਤੇ 50 ਪ੍ਰਤੀਸ਼ਤ ਦੀਆਂ ਨਵੀਂਆਂ ਟੈਰਿਫ ਦਰਾਂ ਲਾਗੂ ਕਰਨ ਦੀ ਧਮਕੀ ਦਿੱਤੀ ਗਈ ਹੈ, ਜਿਸ ਵਿੱਚ ਕੈਨੇਡਾ-ਅਮਰੀਕਾ-ਮੈਕਸੀਕੋ ਵਪਾਰ ਸਮਝੌਤੇ ਦੀਆਂ ਛੋਟਾਂ ਵੀ ਸ਼ਾਮਲ ਨਹੀਂ ਹੋਣਗੀਆਂ। ਅਮਰੀਕਾ ਲਗਾਤਾਰ ਕੈਨੇਡਾ ਦੇ ‘ਸਪਲਾਈ ਮੈਨੇਜਮੈਂਟ ਸਿਸਟਮ’ ਦਾ ਵਿਰੋਧ ਕਰ ਰਿਹਾ ਹੈ ਅਤੇ ਆਪਣੇ ਡੇਅਰੀ ਕਿਸਾਨਾਂ ਲਈ ਕੈਨੇਡੀਅਨ ਬਾਜ਼ਾਰ ਵਿੱਚ ਵਧੇਰੇ ਪਹੁੰਚ ਦੀ ਮੰਗ ਕਰ ਰਿਹਾ ਹੈ। ਡੇਅਰੀ ਫਾਰਮਰਜ਼ ਆਫ਼ ਕੈਨੇਡਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਦੇਸ਼ ਦੀ ਭੋਜਨ ਸੰਪ੍ਰਭੁਤਾ ਵਿਕਾਊ ਨਹੀਂ ਹੈ। ਉਨ੍ਹਾਂ ਅਨੁਸਾਰ ਕੈਨੇਡਾ ਪਹਿਲਾਂ ਵੀ ਕਈ ਛੋਟਾਂ ਦੇ ਚੁੱਕਾ ਹੈ, ਪਰ ਅਮਰੀਕਾ ਹਰ ਵਾਰ ਨਵੀਂਆਂ ਮੰਗਾਂ ਰੱਖ ਦਿੰਦਾ ਹੈ। ਦੂਜੇ ਪਾਸੇ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਸਪਲਾਈ ਮੈਨੇਜਮੈਂਟ ਸਿਸਟਮ ਦੇ ਨਾਲ ਦ੍ਰਿੜਤਾ ਨਾਲ ਖੜ੍ਹੀ ਹੈ। ਡੇਅਰੀ ਤੋਂ ਇਲਾਵਾ ਅਮਰੀਕਾ ਨੇ ਕੈਨੇਡਾ ਦੀ ‘ਬਾਈ ਕੈਨੇਡੀਅਨ’ ਨੀਤੀ, ਅਮਰੀਕੀ ਵਾਹਨਾਂ ‘ਤੇ ਕੋਟਾ ਅਤੇ ਅਮਰੀਕੀ ਸ਼ਰਾਬ ‘ਤੇ ਲਗਾਈਆਂ ਸੂਬਾਈ ਪਾਬੰਦੀਆਂ ‘ਤੇ ਵੀ ਇਤਰਾਜ਼ ਜਤਾਇਆ ਹੈ।
ਸਾਲ 2020 ਵਿੱਚ ਕੈਨੇਡਾ ਰੈਵੇਨਿਊ ਏਜੰਸੀ ਦੇ ਡਾਟਾ ਲੀਕ ਤੋਂ ਪ੍ਰਭਾਵਿਤ ਹਜ਼ਾਰਾਂ ਕੈਨੇਡੀਅਨ ਨਾਗਰਿਕ ਹੁਣ ਵਿੱਤੀ ਮੁਆਵਜ਼ੇ ਲਈ ਅਪਲਾਈ ਕਰ ਸਕਦੇ ਹਨ। ਮਈ ਵਿੱਚ ਹੋਏ ਇੱਕ ਸਮੂਹਿਕ ਮੁਕੱਦਮੇ ਦੇ ਸਮਝੌਤੇ ਤਹਿਤ ਕੈਨੇਡਾ ਦੀ ਸੰਘੀ ਸਰਕਾਰ ਪ੍ਰਭਾਵਿਤ ਲੋਕਾਂ ਨੂੰ 87 ਲੱਖ ਡਾਲਰ ਤੋਂ ਵੱਧ ਦਾ ਮੁਆਵਜ਼ਾ ਦੇਣ ਲਈ ਸਹਿਮਤ ਹੋਈ ਹੈ। ਮਾਰਚ 1 ਤੋਂ 31 ਦਸੰਬਰ 2020 ਦੇ ਦਰਮਿਆਨ ਤੀਜੀ ਧਿਰ ਨੇ ਹਜ਼ਾਰਾਂ ਨਾਗਰਿਕਾਂ ਦੀ ਨਿੱਜੀ ਅਤੇ ਵਿੱਤੀ ਜਾਣਕਾਰੀ ਸੰਨ੍ਹ ਲਗਾ ਕੇ ਹਾਸਲ ਕਰ ਲਈ ਸੀ। ਦਾਅਵਾ ਪ੍ਰਬੰਧਕ ਕੇਪੀਐਮਜੀ ਅਨੁਸਾਰ, ਸਰਕਾਰੀ ਸੁਰੱਖਿਆ ਪ੍ਰਬੰਧਾਂ ਵਿੱਚ ਕਮੀ ਕਾਰਨ ਹੈਕਰਾਂ ਨੇ CRA ‘ਮਾਈ ਅਕਾਊਂਟ’, ਮਾਈ ਸਰਵਿਸ ਕੈਨੇਡਾ ਅਤੇ GCKey ਰਾਹੀਂ ਵਰਤੇ ਜਾਂਦੇ ਹੋਰ ਖਾਤਿਆਂ ਤੱਕ ਪਹੁੰਚ ਬਣਾਈ। ਕੁਝ ਮਾਮਲਿਆਂ ਵਿੱਚ ਬਿਨੈਕਾਰਾਂ ਦੇ ਨਾਂ ‘ਤੇ ਗਲਤ ਤਰੀਕੇ ਨਾਲ ਸਰਕਾਰੀ ਭੱਤਿਆਂ ਦੀ ਮੰਗ ਵੀ ਕੀਤੀ ਗਈ। ਹਾਲਾਂਕਿ, ਕੈਨੇਡਾ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੀ ਗੜਬੜੀ ਜਾਂ ਆਪਣੀ ਗਲਤੀ ਤੋਂ ਇਨਕਾਰ ਕੀਤਾ ਹੈ। ਮੁਆਵਜ਼ੇ ਦੀ ਰਾਸ਼ੀ ਪ੍ਰਭਾਵਿਤ ਵਿਅਕਤੀ ਦੇ ਨੁਕਸਾਨ ਦੇ ਅਧਾਰ ‘ਤੇ ਤਿੰਨ ਸ਼੍ਰੇਣੀਆਂ ਵਿੱਚ ਵੰਡੀ ਗਈ ਹੈ। ਸਮੱਸਿਆ ਨੂੰ ਸੁਲਝਾਉਣ ਵਿੱਚ ਲੱਗੇ ਸਮੇਂ ਲਈ 80 ਡਾਲਰ ਤੱਕ, ਨਿੱਜੀ ਜਾਣਕਾਰੀ ਦੀ ਗਲਤ ਵਰਤੋਂ ਨਾਲ ਨਜਿੱਠਣ ਲਈ 200 ਡਾਲਰ ਤੱਕ, ਅਤੇ ਪਛਾਣ ਚੋਰੀ ਜਾਂ ਹੋਏ ਵਿੱਤੀ ਨੁਕਸਾਨ ਦੇ ਖਰਚਿਆਂ ਲਈ ਵਿਸ਼ੇਸ਼ ਫੰਡ ਵਿੱਚੋਂ 5,000 ਡਾਲਰ ਤੱਕ ਦਾ ਮੁਆਵਜ਼ਾ ਮਿਲ ਸਕਦਾ ਹੈ।
ਜੁਲਾਈ ਮਹੀਨੇ ਦੌਰਾਨ ਕੈਨੇਡਾ ਵਿੱਚ 75,000 ਨਵੀਆਂ ਨੌਕਰੀਆਂ ਸ਼ਾਮਲ ਹੋਈਆਂ। ਇਸ ਦੇ ਨਾਲ ਹੀ ਬੇਰੁਜ਼ਗਾਰੀ ਦਰ ਘਟ ਕੇ 6.4 ਫ਼ੀਸਦੀ ਰਹਿ ਗਈ, ਜੋ ਪਿਛਲੇ ਦੋ ਸਾਲਾਂ ਵਿੱਚ ਸਭ ਤੋਂ ਘੱਟ ਹੈ। ਸਟੈਟਿਸਟਿਕਸ ਕੈਨੇਡਾ ਦੇ ਲੇਬਰ ਫੋਰਸ ਸਰਵੇਖਣ ਅਨੁਸਾਰ, ਨਵੀਆਂ ਨੌਕਰੀਆਂ ਦਾ ਵੱਡਾ ਹਿੱਸਾ ਫੁੱਲ-ਟਾਈਮ ਅਤੇ ਪਾਰਟ-ਟਾਈਮ ਰੁਜ਼ਗਾਰ ਵਿੱਚ ਵੰਡਿਆ ਗਿਆ। ਇਕੱਲੇ ਹੋਲਸੇਲ ਅਤੇ ਰਿਟੇਲ ਟਰੇਡ ਖੇਤਰ ਵਿੱਚ ਹੀ 21,000 ਨਵੀਆਂ ਨੌਕਰੀਆਂ ਸ਼ਾਮਲ ਹੋਈਆਂ। ਅੰਕੜਾ ਏਜੰਸੀ ਨੇ ਦੱਸਿਆ ਕਿ ਰੁਜ਼ਗਾਰ ਵਿੱਚ ਵਾਧਾ ਮੁੱਖ ਤੌਰ ‘ਤੇ 25 ਤੋਂ 54 ਸਾਲ ਦੀ ਉਮਰ ਵਾਲੇ ਲੋਕਾਂ ਵਿੱਚ ਦਰਜ ਕੀਤਾ ਗਿਆ ਅਤੇ ਇਸ ਉਮਰ ਵਰਗ ਵਿੱਚ ਸਭ ਤੋਂ ਵੱਧ ਲਾਭ ਔਰਤਾਂ ਨੂੰ ਮਿਲਿਆ। ਸਟੈਟਿਸਟਿਕਸ ਕੈਨੇਡਾ ਮੁਤਾਬਕ 25 ਤੋਂ 54 ਸਾਲ ਦੀ ਉਮਰ ਵਾਲੇ ਮਰਦਾਂ ਦੀ ਬੇਰੁਜ਼ਗਾਰੀ ਦਰ 5.8 ਫ਼ੀਸਦੀ ‘ਤੇ ਸਥਿਰ ਰਹੀ, ਜਦਕਿ ਇਸੇ ਉਮਰ ਵਰਗ ਦੀਆਂ ਔਰਤਾਂ ਦੀ ਬੇਰੁਜ਼ਗਾਰੀ ਦਰ ਘਟ ਕੇ 5.2 ਫ਼ੀਸਦੀ ਹੋ ਗਈ। ਓਨਟੇਰਿਓ ਵਿੱਚ ਸਭ ਤੋਂ ਵੱਧ 52,000 ਨਵੀਆਂ ਨੌਕਰੀਆਂ ਸ਼ਾਮਲ ਹੋਈਆਂ, ਜੋ 0.6 ਫ਼ੀਸਦੀ ਦਾ ਵਾਧਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨੌਕਰੀਆਂ ਪੇਸ਼ੇਵਰ, ਵਿਗਿਆਨਕ ਅਤੇ ਤਕਨੀਕੀ ਸੇਵਾਵਾਂ ਵਾਲੇ ਖੇਤਰ ਵਿੱਚ ਬਣੀਆਂ। ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਇਸੇ ਤਰ੍ਹਾਂ ਦਾ ਵਾਧਾ ਦਰਜ ਕੀਤਾ ਗਿਆ, ਜਿੱਥੇ 18,000 ਨਵੀਆਂ ਨੌਕਰੀਆਂ ਸ਼ਾਮਲ ਹੋਈਆਂ। ਮੈਨੀਟੋਬਾ ਵਿੱਚ ਰੁਜ਼ਗਾਰ 0.8 ਫ਼ੀਸਦੀ ਵਧਿਆ ਅਤੇ 5,900 ਨਵੀਆਂ ਨੌਕਰੀਆਂ ਸ਼ਾਮਲ ਹੋਈਆਂ। ਨੋਵਾ ਸਕੋਸ਼ੀਆ ਵਿੱਚ ਵੀ ਰੁਜ਼ਗਾਰ 0.8 ਫ਼ੀਸਦੀ ਵਧਿਆ, ਜਿੱਥੇ 4,600 ਨਵੀਆਂ ਨੌਕਰੀਆਂ ਸ਼ਾਮਲ ਹੋਈਆਂ।
