ਕੈਲਗਰੀ ਏਅਰਪੋਰਟ ਨੂੰ ਦਿੱਤਾ ਜਾਵੇਗਾ ਨਵਾਂ ਰੂਪ

Share News:

Alberta: ਪੁਰਾਣੇ ਹੋ ਰਹੇ ਕੈਲਗਰੀ ਏਅਰਪੋਰਟ ਦੇ ਡੋਮੈਸਟਿਕ ਟਰਮਿਨਲ ਨੂੰ ਨਵਾਂ ਰੂਪ ਦਿੱਤਾ ਜਾਵੇਗਾ, ਤਾਂ ਕਿ ਯਾਤਰੀਆਂ ਲਈ ਸਫ਼ਰ ਨੂੰ ਹੋਰ ਵੀ ਨਿਰਵਿਘਨ ਬਣਾਇਆ ਜਾ ਸਕੇ। ਏਅਰਪੋਰਟ ਪ੍ਰਸਾਸ਼ਨ ਦੇ ਸੀ.ਈ.ਓ. ਬੌਬ ਸਾਰਟਰ ਨੇ ਇਹ ਐਲਾਨ ਕੀਤਾ ਹੈ।

C.E.O. Bob Sartorਸੀ.ਈ.ਓ. ਨੇ ਕਿਹਾ ਹੈ ਕਿ ਯਾਤਰੀਆਂ ਦੇ ਅਨੁਭਵ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਏਅਰਪੋਰਟ ’ਚ ਤਬਦੀਲੀਆਂ ਲਈ ਜੋ ਫ਼ੈਸਲੇ ਕੀਤੇ ਗਏ ਹਨ, ਉਨ੍ਹਾਂ ’ਚ ਡੋਮੈਸਟਿਕ ਟਰਮਿਨਲ ਨੂੰ ਸਭ ਤੋਂ ਖਾਸ ਬਣਾਇਆ ਜਾਵੇਗਾ। ਨਵੀਂ ਫਲੋਰਿੰਗ, ਨਵੀਂ ਲਾਈਟਿੰਗ ਨਾਲ ਏਅਰਪੋਰਟ ਨੂੰ ਨਵਾਂ ਰੂਪ ਦੇ ਦਿੱਤਾ ਜਾਵੇਗਾ। ਇਸਦੇ ਨਾਲ ਹੀ ਏਅਰਪੋਰਟ ’ਤੇ ਖਾਣ-ਪੀਣ ਲਈ ਵੀ ਨਵੀਂਆਂ ਥਾਵਾਂ ਬਣਾਈਆਂ ਜਾਣਗੀਆਂ, ਜਿੱਥੇ ਕਈ ਬਰੈਂਡਸ ਨੂੰ ਮੌਕਾ ਦਿੱਤਾ ਜਾਵੇਗਾ। ਸੀ.ਈ.ਓ. ਨੇ ਇਹ ਵੀ ਕਿਹਾ ਹੈ ਕਿ ਏਅਰਪੋਰਟ ਨੂੰ ਦਿੱਤੇ ਜਾ ਰਹੇ ਨਵੇਂ ਰੂਪ ’ਚ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸਨੂੰ ਪੂਰੇ ਸ਼ਹਿਰ ਦੀ ਝਲਕ ਦਿੱਤੀ ਜਾਵੇ। ਏਅਰਪੋਰਟ ’ਤੇ ਪਹੁੰਚਣ ਵਾਲੇ ਯਾਤਰੀਆਂ ਨੂੰ ਇਸ ’ਚੋਂ ਕੈਲਗਰੀ ਦੀ ਤਸਵੀਰ ਦਿਖਾਈ ਦਵੇਗੀ।
ਸਕਿਉਰਿਟੀ ਚੈੱਕ ’ਚ ਵੀ ਕਈ ਤਬਦੀਲੀਆਂ ਕੀਤੀਆਂ ਜਾਣਗੀਆਂ, ਤਾਂ ਕਿ ਯਾਤਰੀਆਂ ਨੂੰ ਲੰਮੇ ਚਿਰ ਲਈ ਕਤਾਰਾਂ ’ਚ ਰੁਕਣ ਦੀ ਲੋੜ ਨਾ ਪਵੇ। ਨਵੀਂ ਤੇ ਆਧੁਨਿਕ ਸਕਰੀਨਿੰਗ ਨਾਲ ਚੈਕਿੰਗ ਜਲਦੀ ਨਾਲ ਹੋਵੇਗੀ। ਸੀ.ਈ.ਓ. ਨੇ ਉਦਾਹਰਣ ਦਿੰਦੇ ਹੋਏ ਦੱਸਿਆ ਕਿ ਸਕਿਉਰਿਟੀ ਚੈੱਕ ਲਈ ਲੰਮੀਆਂ ਕਤਾਰਾਂ ਨਾਲ ਨਜਿੱਠਣ ਵਾਸਤੇ ਮੌਂਟਰੀਅਲ ਏਅਰਪੋਰਟ ’ਤੇ ਵੀ ਅਜਿਹਾ ਹੀ ਕੀਤਾ ਗਿਆ ਹੈ।
ਕੈਲਗਰੀ ਏਅਰਪੋਰਟ ’ਤੇ ਜਿੱਥੇ ਇਸ ਸਮੇਂ ਆਰਜ਼ੀ ਤੌਰ ’ਤੇ ਏਅਰ ਕੈਨੇਡਾ ਦਾ ਚੈੱਕ-ਇਨ ਬਣਿਆ ਹੋਇਆ ਹੈ, ਉੱਥੇ ਨਵੀਂ ਸਕਰੀਨਿੰਗ ਲਗਾਈ ਜਾਵੇਗੀ। ਪਰ ਇਸ ਲਈ ਕੁਝ ਸਾਲ ਇੰਤਜ਼ਾਰ ਕਰਨਾ ਪਵੇਗਾ। ਜਦੋਂ ਤੱਕ ਏਅਰ ਕੈਨੇਡਾ ਤੇ ਵੈਸਟ-ਜੈੱਟ ਦੇ ਨਵੇਂ ਚੈੱਕ-ਇਨ ਦਾ ਨਿਰਮਾਣ ਪੂਰਾ ਨਹੀਂ ਹੋ ਜਾਂਦਾ। ਰੈਨੋਵੇਸ਼ਨ ਦਾ ਕੰਮ ਚਾਰ ਸਾਲ ਤੱਕ ਚੱਲੇਗਾ। ਏਅਰਪੋਰਟ ਅਧਿਕਾਰੀਆਂ ਦਾ ਮਕਸਦ ਕੁਝ ਵਪਾਰੀਆਂ ਨੂੰ ਉਤਸ਼ਾਹਤ ਕਰਨਾ ਵੀ ਹੈ, ਤਾਂ ਕਿ ਇਸ ਨਾਲ ਕੈਲਗਰੀ ਦੀ ਆਰਥਿਕਤਾ ’ਚ ਹਿੱਸਾ ਪਾਇਆ ਜਾ ਸਕੇ। ਇਸ ਮੌਕੇ ਏਅਰਪੋਰਟ ਪ੍ਰਸਾਸ਼ਨ ਦੇ ਸੀ.ਈ.ਓ. ਨੇ ਵੈਨਕੂਵਰ ਏਅਰਪੋਰਟ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਵੀ ਜ਼ਿਕਰ ਕੀਤਾ।

leave a reply