Site icon TV Punjab | Punjabi News Channel

ਕੈਨੇਡਾ ਦੇ ਹਾਈਵੇ ‘ਤੇ ਭਿਆਨਕ ਹਾਦਸਾ,15 ਲੋਕਾਂ ਦੀ ਗਈ ਜਾਨ

ਡੈਸਕ- ਕੈਨੇਡਾ ਦੇ ਮੈਨੀਟੋਬਾ ਸੂਬੇ ਵਿਚ ਇਕ ਸੈਮੀ ਟ੍ਰੇਲਰ ਟਰੱਕ ਤੇ ਬਜ਼ੁਰਗਾਂ ਨਾਲ ਭਰੀ ਬੱਸ ਦੇ ਵਿਚ ਟੱਕਰ ਹੋ ਗਈ। ਇਸ ਭਿਆਨਕ ਟੱਕਰ ਵਿਚ 15 ਲੋਕਾਂ ਦੀ ਮੌਤ ਹੋ ਗਈ ਤੇ 10 ਜ਼ਖਮੀ ਹੋ ਗਏ। ਕੈਨੇਡਾ ਦੀ ਪੁਲਿਸ ਨੇ ਟਵਿੱਟਰ ‘ਤੇ ਕਿਹਾ ਕਿ ਕਾਰਬੇਰੀ ਸ਼ਹਿਰ ਕੋਲ ਹਾਦਸਾ ਹੋਣ ਦੇ ਬਾਅਦ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਯੂਨਿਟ ਮੌਕੇ ‘ਤੇ ਘਟਨਾ ਵਾਲੀ ਥਾਂ ‘ਤੇ ਪਹੁੰਚ ਗਈ ਸੀ।

ਮੈਨੀਟੋਬਾ ਦੇ ਅਧਿਕਾਰੀ ਰਾਬ ਹਿਲ ਨੇ ਦੁਰਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਲਗਭਗ 25 ਲੋਕਾਂ ਨੂੰ ਲਿਜਾ ਰਹੀ ਇਕ ਬੱਸ ਹਾਈਵੇ ਵਨ ਅਤੇ ਹਾਈਵੇ ਫਾਈਵ ਦੇ ਚੌਰਾਹੇ ‘ਤੇ ਇਕ ਸੈਮੀ ਨਾਲ ਟਕਰਾ ਗਈ। ਮਿਨੀ ਬੱਸ ਵਿਚ ਜ਼ਿਆਦਾਤਰ ਲੋਕ ਬਜ਼ੁਰਗ ਸਨ। ਦੁਰਘਟਨਾ ਕਾਰਬੇਰੀ ਸ਼ਹਿਰ ਦੇ ਉੱਤਰ ਵਿਚ ਟ੍ਰਾਂਸ-ਕੈਨੇਡਾ ਰਾਜਮਾਰਗ ‘ਤੇ ਹੋਈ। ਦੁਰਘਟਨਾ ਵਿਚ 15 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 10 ਲੋਕ ਗੰਭੀਰ ਤੌਰ ਤੋਂ ਜ਼ਖਮੀ ਹੋ ਗਏ ਹਨ। ਦੁਰਘਟਨਾ ਦੇ ਬਾਅਦ ਇਲਾਕੇ ਦੇ ਆਸ-ਪਾਸ ਦੇ ਵੱਖ-ਵੱਖ ਹਸਪਤਾਲਾਂ ਵਿਚ ਲੋਕਾਂ ਨੂੰ ਭਰਤੀ ਕੀਤਾ ਗਿਆ ਹੈ। ਸਾਰੇ ਹਸਪਤਾਲ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਮੁਤਾਬਕ ਹਾਈਵੇ ਕੋਲ ਦੁਰਘਟਨਾ ਦੇ ਬਾਅਦ ਮਿੰਨੀ ਬੱਸ ਖੱਡ ਵਿਚ ਡਿੱਗ ਗਈ ਸੀ ਤੇ ਉਸ ਵਿਚ ਅੱਗ ਲੱਗ ਗਈ ਸੀ।

ਦੁਰਘਟਨਾ ਵਾਲੀ ਥਾਂ ਦੇ ਕੋਲ ਇਕ ਹੋਟਲ ਵਿਚ ਕੰਮ ਕਰਨ ਵਾਲੇ ਨਿਰਮੇਸ਼ ਵਡੇਰਾ ਮੁਤਾਬਕ ਦੁਰਘਟਨਾ ਵਾਲੀ ਥਾਂ ‘ਤੇ ਕਈ ਐਮਰਜੈਂਸੀ ਗੱਡੀਆਂ ਤੇ ਦੋ ਹੈਲੀਕਾਪਟਰ ਮੌਜੂਦ ਸਨ। ਵਡੇਰਾ ਨੇ ਟੈਲੀਫੋਨ ‘ਤੇ ਦੱਸਿਆ ਕਿ ਦੁਰਘਟਨਾ ਨੂੰ ਦੇਖਣਾ ਅਸਲ ਵਿਚ ਹੈਰਾਨੀਜਨਕ ਸੀ ਕਿਉਂਕਿ ਕਦੇ ਗੱਡੀ ਵਿਚ ਇਸ ਤਰ੍ਹਾਂ ਦੀ ਅੱਗ ਨਹੀਂ ਦੇਖੀ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੁਰਘਟਨਾ ‘ਤੇ ਦੁੱਖ ਜ਼ਾਹਿਰ ਕਰਦੇ ਹੋਏ ਕਿਹਾ ਕਿ ਕਾਰਬੇਰੀ, ਮੈਨੀਟੋਬਾ ਦੀ ਖਬਰ ਤੋਂ ਉਹ ਬਹੁਤ ਦੁਖੀ ਹਨ। ਮੈਂ ਉਸ ਦਰਦ ਦੀ ਕਲਪਨਾ ਵੀ ਨਹੀਂ ਕਰ ਸਕਦਾ ਜੋ ਤੁਸੀਂ ਮਹਿਸੂਸ ਕਰ ਰਹੇ ਹੋ ਪਰ ਪੂਰਾ ਦੇਸ਼ ਤੁਹਾਡੇ ਨਾਲ ਹੈ।

Exit mobile version