Site icon TV Punjab | Punjabi News Channel

ਕੈਨੇਡਾ ਦੇ ਰੱਖਿਆ ਮੰਤਰੀ ਦਾ ਯੂ-ਟਰਨ, ਭਾਰਤ ਨਾਲ ਰਿਸ਼ਤਿਆਂ ਨੂੰ ਦੱਸਿਆ ਮਹੱਤਵਪੂਰਨ

ਕੈਨੇਡਾ ਦੇ ਰੱਖਿਆ ਮੰਤਰੀ ਦਾ ਯੂ-ਟਰਨ, ਭਾਰਤ ਨਾਲ ਰਿਸ਼ਤਿਆਂ ਨੂੰ ਦੱਸਿਆ ਮਹੱਤਵਪੂਰਨ

Ottawa- ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿਚਾਲੇ ਚੱਲ ਰਹੀ ਖਟਾਸ ਦਰਮਿਆਨ ਕੈਨੇਡਾ ਦੇ ਰੱਖਿਆ ਮੰਤਰੀ ਬਿੱਲ ਬਲੇਅਰ ਨੇ ਭਾਰਤ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਮਹੱਤਵਪੂਰਨ ਦੱਸਿਆ ਹੈ। ਭਾਰਤ ਨਾਲ ਚੱਲ ਰਹੀ ਤਲਖ਼ੀ ਵਿਚਾਲੇ ਬਲੇਅਰ ਦੇ ਇਸ ਬਿਆਨ ਨੂੰ ਇੱਕ ਯੂ-ਟਰਨ ਵਜੋਂ ਦੇਖਿਆ ਜਾ ਰਿਹਾ ਹੈ। ਬਲੇਅਰ ਨੇ ਕਿਹਾ ਕਿ ਕੈਨੇਡਾ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਜਾਂਚ ਵਿਚਾਲੇ ਕੈਨੇਡਾ ਭਾਰਤ ਦੇ ਨਾਲ ਹਿੰਦ-ਪ੍ਰਸ਼ਾਂਤ ਰਣਨੀਤੀ ਵਰਗੀ ਸਾਂਝੇਦਾਰੀ ਨੂੰ ਅੱਗੇ ਵਧਾਉਣਾ ਜਾਰੀ ਰੱਖੇਗਾ।
ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਗਰੋਂ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਵਿਚਾਲੇ ਖਿੱਚੋਤਾਣ ਉਸ ਵੇਲੇ ਸ਼ੁਰੂ ਹੋਈ, ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਹੱਤਿਆਕਾਂਡ ’ਚ ਭਾਰਤ ਦੇ ‘ਏਜੰਟਾਂ’ ਦੀ ਸ਼ਮੂਲੀਅਤ ਦਾ ਦੋਸ਼ ਲਾਇਆ। ਹਾਲਾਂਕਿ ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। ਐਤਵਾਰ ਨੂੰ ਦਿੱਤੀ ਇੱਕ ਇੰਟਰਵਿਊ ’ਚ ਬਲੇਅਰ ਨੇ ਭਾਰਤ ਦੇ ਨਾਲ ਆਪਣੇ ‘ਰਿਸ਼ਤਿਆਂ’ ਨੂੰ ਮਹੱਤਵਪੂਰਨ ਦੱਸਿਆ।
ਬਲੇਅਰ ਨੇ ਕਿਹਾ ਕਿ ਦੋਸ਼ਾਂ ਦੀ ਜਾਂਚ ਦੌਰਾਨ ਵੀ ਕੈਨੇਡਾ ਭਾਰਤ ਦੇ ਨਾਲ ਸਾਂਝੇਦਾਰੀਆਂ ਨੂੰ ਅੱਗੇ ਵਧਾਉਂਦਾ ਰਹੇਗਾ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਭਾਰਤ ਦੇ ਨਾਲ ਸਾਡੇ ਸੰਬੰਧਾਂ ’ਚ ਨਿੱਝਰ ਦੀ ਹੱਤਿਆ ਦਾ ਮਾਮਲਾ ਇੱਕ ਚੁਣੌਤੀਪੂਰਨ ਮੁੱਦਾ ਹੋ ਸਕਦਾ ਹੈ ਪਰ ਨਾਲ ਹੀ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਕਾਨੂੰਨ ਦੀ ਰੱਖਿਆ ਕਰੀਏ, ਆਪਣੇ ਨਾਗਰਿਕਾਂ ਦੀ ਰੱਖਆ ਕਰੀਏ ਅਤੇ ਇਹ ਯਕੀਨੀ ਬਣਾਈਏ ਕਿ ਅਸੀਂ ਪੂਰੀ ਜਾਂਚ ਕਰੀਏ ਅਤੇ ਸੱਚਾਈ ਤੱਕ ਪਹੁੰਚੀਏ।
ਬਲੇਅਰ ਨੇ ਕਿਹਾ ਕਿ ਜੇਕਰ ਦੋਸ਼ ਸਹੀ ਸਾਬਤ ਹੁੰਦੇ ਹਨ ਤਾਂ ਵੀ ਕੈਨੇਡਾ ਦੀ ਧਰਤੀ ’ਤੇ ਇੱਕ ਕੈਨੇਡੀਅਨ ਨਾਗਰਿਕ ਦੀ ਹੱਤਿਆ ’ਚ ਸਾਡੀ ਪ੍ਰਭੂਸੱਤਾ ਦੀ ਉਲੰਘਣਾ ਚਿੰਤਾ ਦੀ ਇੱਕ ਗੱਲ ਹੋਵੇਗੀ। ਉਨ੍ਹਾਂ ਕਿਹਾ ਕਿ ਹਿੰਦ-ਪ੍ਰਸ਼ਾਂਤ ਰਣਨੀਤੀ ਅਜੇ ਵੀ ਕੈਨੇਡਾ ਲਈ ਮਹੱਤਵਪੂਰਨ ਹੈ। ਇਸ ਨਾਲ ਖੇਤਰ ’ਚ ਫੌਜ ਮੌਜੂਦਗੀ ਅਤੇ ਹੋਰ ਵਚਨਵੱਧਤਾਵਾਂ ਵਧੀਆਂ ਹਨ।

Exit mobile version