Vancouver – ਕੈਨੇਡਾ ‘ਚ 20 ਸਤੰਬਰ ਨੂੰ ਫ਼ੈਡਰਲ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਤੋਂ ਪਹਿਲਾਂ ਅੱਜ ਇਕ ਡਿਬੇਟ ਹੋਣ ਜਾ ਰਹੀ ਹੈ। ਇਸ ਦੌਰਾਨ ਸਿਆਸੀ ਲੀਡਰ ਆਹਮੋ -ਸਾਹਮਣੇ ਨਜ਼ਰ ਆਉਣਗੇ। ਇਸ ਡਿਬੇਟ ਵਾਸਤੇ ਸਿਆਸੀ ਪਾਰਟੀਆਂ ਦੇ ਲੀਡਰ ਅੱਜ ਓਟਵਾ ਪਹੁੰਚ ਰਹੇ ਹਨ। ਅੱਜ ਫ਼੍ਰੈਂਚ ਭਾਸ਼ਾ ਵਿਚ ਡਿਬੇਟ ਆਯੋਜਿਤ ਕੀਤੀ ਗਈ ਹੈ ਅਤੇ ਵੀਰਵਾਰ ਜਾਣੀ ਕੱਲ ਨੂੰ ਅੰਗ੍ਰੇਜ਼ੀ ਭਾਸ਼ਾ ਵਿਚ ਲੀਡਰਾਂ ਦੀ ਡਿਬੇਟ ਹੋਵੇਗੀ। ਇਸ ਡਿਬੇਟ ‘ਤੇ ਕੈਨੇਡਾ ਵਾਸੀਆਂ ਦੀਆਂ ਨਿਗਾਹਾਂ ਟਿਕੀਆਂ
ਹੋਇਆਂ ਹਨ।
ਅੱਜ 8 ਵਜੇ ET ਅਤੇ 5 ਵਜੇ PT , ਡਿਬੇਟ ਲਈ ਪੰਜ ਲੀਡਰ ਕਿਉਬੈਕ ਦੇ ਕਨੇਡੀਅਨ ਮਿਉਜ਼ੀਅਮ ਔਫ਼ ਹਿਸਟਰੀ ਵਿਚ ਸ਼ਾਮਲ ਹੋਣਗੇ। ਵੀਰਵਾਰ ਨੂੰ 9 ਵਜੇ ਅੰਗ੍ਰੇਜ਼ੀ ਭਾਸ਼ਾ ਵਿਚ ਲੀਡਰਾਂ ਦੀ ਡਿਬੇਟ ਹੋਵੇਗੀ। ਇਸ ਦੌਰਾਨ ਲਿਬਰਲ ਲੀਡਰ ਜਸਟਿਨ ਟਰੂਡੋ,ਕੰਜ਼ਰਵੇਟਿਵ ਲੀਡਰ ਐਰਿਨ ੳ’ਟੂਲ,ਐਨਡੀਪੀ ਲੀਡਰ ਜਗਮੀਤ ਸਿੰਘ,ਗ੍ਰੀਨ ਪਾਰਟੀ ਲੀਡਰ ਅਨੈਮੀ ਪੌਲ,ਬਲੌਕ ਕਿਉਬੈਕਵਾ ਲੀਡਰ ਈਵ ਫ਼੍ਰੈਂਸੁਆ ਬਲੌਂਸ਼ੇ ਇਹ ਲੀਡਰ ਆਹਮੋ ਸਾਹਮਣੇ ਨਜ਼ਰ ਆਉਣਗੇ।
ਸਿਆਸੀ ਮਾਹਿਰ ਵੀ ਆਪਣੇ ਵਿਚਾਰ ਇਸ ਸੰਬੰਧੀ ਪ੍ਰਗਟ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 20 ਸਤੰਬਰ ਨੂੰ ਹੋਣ ਵਾਲੀਆਂ ਫ਼ੈਡਰਲ ਚੋਣਾਂ ਵਿਚ ਲੀਡਰਾਂ ਦੀ ਡਿਬੇਟ ਕਾਫ਼ੀ ਅਹਿਮ ਭੂਮਿਕਾ ਨਿਭਾ ਸਕਦੀ ਹੈ। ਉਨ੍ਹਾਂ ਮੁਤਾਬਿਕ ਇਹ ਲੀਡਰਾਂ ਦੀ ਡਿਬੇਟ ਬਹੁਤ ਮਹੱਤਵਪੂਰਨ ਹੋਵੇਗੀ।
ਦੱਸਦਈਏ ਕਿ ਸੀਬੀਸੀ ਦੇ ਪੋਲ ਟ੍ਰੈਕਰ ਦੇ ਮੁਤਾਬਿਕ ਨਾਲ ਕੰਜ਼ਰਵੇਟਿਵਜ਼ ਅਤੇ ਲਿਬਰਲਜ਼ ਵਿਚ ਫ਼ਸਵਾਂ ਮੁਕਾਬਲਾ ਦੇਖਿਆ ਜਾ ਰਿਹਾ ਹੈ। ਟ੍ਰੈਕਰ ਮੁਤਾਬਕ ਕੰਜ਼ਰਵੇਟਿਵਜ਼ ਨੂੰ ਵੱਧ ਵੋਟਰਾਂ ਦੀ ਸੁਪੋਰਟ ਮਿਲਦੀ ਨਜ਼ਰ ਆ ਰਹੀ ਹੈ ਪਰ ਵਧੇਰੇ ਸੀਟਾਂ ਲਿਬਲਰਾਂ ਦੀ ਝੋਲੀ ਪੈਂਦੀਆਂ ਦਿਖਾਈ ਦੇ ਰਹੀਆਂ ਹਨ। ਇਸੇ ਕਰਕੇ ਮੰਨਿਆ ਜਾ ਰਿਹਾ ਹੈ ਕਿ ਲੀਡਰਾਂ ਦੀ ਡਿਬੇਟ ਆਉਂਦੇ ਕੁਝ ਦਿਨਾਂ ਵਿਚ ਇਸ ਰੁਝਾਨ ਵਿਚ ਵੱਡਾ ਉਲਟ ਫ਼ੇਰ ਵੀ ਕਰ ਸਕਦੀ ਹੈ।