Ottawa/New Delhi- ਕਈ ਸਾਲਾਂ ਦੀ ਤਣਾਅ ਭਰੀ ਸਥਿਤੀ ਤੋਂ ਬਾਅਦ, ਕੈਨੇਡਾ ਭਾਰਤ ਨਾਲ ਵਪਾਰਕ ਰਿਸ਼ਤਿਆਂ ਨੂੰ ਦੁਬਾਰਾ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਕੈਨੇਡਾ ਦੇ ਵਪਾਰ ਮੰਤਰੀ ਨੇ ਕਿਹਾ ਕਿ ਓਟਾਵਾ ਨਵੀਂ ਦਿੱਲੀ ਤੋਂ ਹੋਰ ਨਿਵੇਸ਼ ਖਿੱਚਣਾ ਚਾਹੁੰਦਾ ਹੈ।
ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ, ਜੋ ਤਿੰਨ ਦਿਨਾਂ ਦੇ ਦੌਰੇ ‘ਤੇ ਭਾਰਤ ਵਿਚ ਹਨ, ਨੇ ਨਵੀਂ ਦਿੱਲੀ ਵਿੱਚ ਰਾਇਟਰਜ਼ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦੀ ਭਾਰਤ ਦੇ ਵਪਾਰ ਮੰਤਰੀ ਪੀਯੂਸ਼ ਗੋਯਲ ਨਾਲ ਚੰਗੀ ਮੀਟਿੰਗ ਹੋਈ।
ਸਿੱਧੂ ਦਾ ਇਹ ਦੌਰਾ ਕੈਨੇਡਾ ਅਤੇ ਭਾਰਤ ਵਿੱਚ ਉੱਚ-ਪੱਧਰੀ ਵਪਾਰਕ ਸੰਪਰਕਾਂ ਵਿਚੋਂ ਇੱਕ ਹੈ, ਖ਼ਾਸ ਕਰਕੇ ਉਸ ਤਣਾਅ ਤੋਂ ਬਾਅਦ ਜਦੋਂ 2023 ਵਿੱਚ ਕੈਨੇਡੀਅਨ ਸਿੱਖ ਆਗੂ ਹੱਤਿਆ ਨੂੰ ਲੈ ਕੇ ਦੋਵੇਂ ਦੇਸ਼ਾਂ ਵਿੱਚ ਕੂਟਨੀਤਿਕ ਸੰਕਟ ਵਧ ਗਿਆ ਸੀ।
ਉਸ ਵੇਲੇ ਦੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਅਤੇ ਹਰਦੀਪ ਸਿੰਘ ਨਿੱਝਰ ਦੀ ਬ੍ਰਿਟਿਸ਼ ਕੋਲੰਬੀਆ ਵਿੱਚ ਹੋਈ ਹੱਤਿਆ ਵਿਚ “ਭਰੋਸੇਯੋਗ ਲਿੰਕ” ਹਨ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਸੀ ਅਤੇ ਦੋਵੇਂ ਦੇਸ਼ਾਂ ਨੇ ਇਕ ਦੂਜੇ ਦੇ ਕੂਟਨੀਤਿਕਾਂ ਨੂੰ ਬਾਹਰ ਕੱਢ ਦਿੱਤਾ ਸੀ। ਭਾਰਤ ਨੇ ਕੈਨੇਡਾ ਲਈ ਵੀਜ਼ਾ ਸੇਵਾਵਾਂ ਵੀ ਰੋਕ ਦਿੱਤੀਆਂ ਸਨ।
ਇਸ ਤਣਾਅ ਦੇ ਬਾਵਜੂਦ, ਟਰੂਡੋ ਤੋਂ ਬਾਅਦ ਮਾਰਕ ਕਾਰਨੀ ਦੀ ਸਰਕਾਰ ਨੇ ਇਸ ਸਾਲ ਸੱਤਾ ਵਿਚ ਆਉਣ ਤੋਂ ਬਾਅਦ ਭਾਰਤ ਨਾਲ ਸੰਬੰਧਾਂ ਨੂੰ ਮੁੜ ਸਹੀ ਪਟੜੀ ‘ਤੇ ਲਿਆਂਦਾ ਹੈ। ਕਾਰਨੀ ਨੇ ਜੂਨ ਵਿਚ ਅਲਬਰਟਾ ਵਿੱਚ ਹੋਏ G7 ਸਮਿਟ ਦੌਰਾਨ ਮੋਦੀ ਨਾਲ ਮੁਲਾਕਾਤ ਵੀ ਕੀਤੀ।
ਦੋਵੇਂ ਨੇਤਾਵਾਂ ਨੇ ਨਵੇਂ ਹਾਈ ਕਮਿਸ਼ਨਰ ਨਿਯੁਕਤ ਕਰਨ ਅਤੇ ਦੋਵੇਂ ਦੇਸ਼ਾਂ ਵਿੱਚ ਸੇਵਾਵਾਂ ਨੂੰ ਨਾਰਮਲ ਕਰਨ ‘ਤੇ ਸਹਿਮਤੀ ਜਤਾਈ।
ਨਵੀਂ ਦਿੱਲੀ ਵਿੱਚ ਵੀਰਵਾਰ ਦੀਆਂ ਗੱਲਬਾਤਾਂ ਉਸ ਵੇਲੇ ਹੋਈਆਂ ਹਨ ਜਦੋਂ ਕੈਨੇਡਾ ਅਤੇ ਭਾਰਤ ਦੋਵੇਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਏ ਗਏ ਭਾਰੀ ਟੈਰਿਫ਼ਾਂ ਕਾਰਨ ਵਧ ਰਹੀ ਆਰਥਿਕ ਅਣਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਹਨ।
ਸਿੱਧੂ ਨੇ ਰਾਇਟਰਜ਼ ਨੂੰ ਦੱਸਿਆ ਕਿ ਕਾਰਨੀ ਦੀ ਸਰਕਾਰ ਭਾਰਤ ਨਾਲ ਊਰਜਾ ਅਤੇ ਕ੍ਰਿਟਿਕਲ ਮਿਨਰਲਜ਼ ਖੇਤਰ ਵਿੱਚ ਨਿਵੇਸ਼ ਵਧਾਉਣ ਲਈ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ, “ਕੈਨੇਡਾ ਕੋਲ ਇੱਕ ਇਲੈਕਟ੍ਰਿਕ ਬੈਟਰੀ ਤਿਆਰ ਕਰਨ ਲਈ ਲੋੜੀਂਦੇ ਸਾਰੇ ਤੱਤ ਹਨ। ਅਸੀਂ ਭਾਰਤ ਦਾ ਨਿਵੇਸ਼ ਸਵਾਗਤ ਕਰਦੇ ਹਾਂ, ਖ਼ਾਸ ਤੌਰ ‘ਤੇ ਮਾਇਨਿੰਗ, ਕ੍ਰਿਟਿਕਲ ਮਿਨਰਲਜ਼ ਅਤੇ ਇਨਫਰਾਸਟਰਕਚਰ ਪ੍ਰੋਜੈਕਟਾਂ ਵਿੱਚ।”
ਕਈ ਸਾਲਾਂ ਦੇ ਤਣਾਅ ਤੋਂ ਬਾਅਦ ਕੈਨੇਡਾ-ਭਾਰਤ ਵਪਾਰਕ ਸੰਬੰਧ ਮੁੜ ਸਧਾਰਨ ਪੱਟੜੀ ‘ਤੇ
