Site icon TV Punjab | Punjabi News Channel

ਕੈਨੇਡਾ ਵਿਚ ਭਤੀਜੇ ਦਾ ਕਤਲ ਕਰਨ ਵਾਲੇ ਪੰਜਾਬੀ ਨੂੰ ਉਮਰ ਕੈਦ ਦੀ ਸਜ਼ਾ

ਡੈਸਕ- ਕੈਨੇਡਾ ਵਿਚ ਭਤੀਜੇ ਦਾ ਕਤਲ ਕਰਨ ਵਾਲੇ ਪੰਜਾਬੀ ਨੂੰ ਐਡਮਿੰਟਨ ਦੀ ਇਕ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ਗਮਦੂਰ ਬਰਾੜ ਉਤੇ ਪਤਨੀ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰਨ ਦੇ ਵੀ ਇਲਜ਼ਾਮ ਸਨ। ਉਮਰ ਕੈਦ ਦੀ ਸਜ਼ਾ ਦੌਰਾਨ ਗਮਦੂਰ ਬਰਾੜ ਨੂੰ 16 ਸਾਲ ਤਕ ਪੈਰੋਲ ਨਹੀਂ ਮਿਲ ਸਕੇਗੀ।

ਜ਼ਿਕਰਯੋਗ ਹੈ ਕਿ ਬਰਾੜ ਨੂੰ ਪੁਲਿਸ ਵਲੋਂ 7 ਮਈ, 2021 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅਦਾਲਤ ਨੇ ਇਸ ਕੇਸ ਵਿਚ ਸਤੰਬਰ, 2023 ‘ਚ ਉਸ ਨੂੰ ਕਤਲ ਦਾ ਦੋਸ਼ੀ ਪਾਇਆ ਸੀ। ਜਾਣਕਾਰੀ ਮੁਤਾਬਕ, ਬਰਾੜ ਨੇ ਭਾਰੀ ਆਵਾਜਾਈ ਵਾਲੀ ਸੜਕ ‘ਤੇ ਅਪਣੀ ਪਤਨੀ ਤੇ ਭਤੀਜੇ ਉੱਪਰ ਗੋਲੀਆਂ ਚਲਾ ਦਿਤੀਆਂ ਸਨ। ਉਸ ਨੂੰ ਕਤਲ ਅਤੇ ਇਰਾਦੇ ਤਹਿਤ ਹਥਿਆਰ ਚਲਾਉਣ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਸ ਹਮਲੇ ਵਿਚ ਉਸ ਦੀ ਪਤਨੀ ਦੇ ਭਤੀਜੇ ਹਰਮਨਜੋਤ ਸਿੰਘ ਭੱਠਲ (19) ਦੀ ਮੌਤ ਹੋ ਗਈ ਸੀ। ਅਦਾਲਤ ‘ਚ ਬਚਾਅ ਧਿਰ ਦੇ ਵਕੀਲ ਨੇ ਕਿਹਾ ਕਿ ਗਮਦੂਰ ਬਰਾੜ ਘਟਨਾ ਸਮੇਂ ਤਣਾਅ ਦਾ ਸ਼ਿਕਾਰ ਸੀ।

ਅਦਾਲਤ ਨੇ ਇਸ ਘਟਨਾ ਨੂੰ ਬੇਰਹਿਮੀ ਵਾਲੀ ਤੇ ਲੋਕਾਂ ਵਿਚ ਡਰ ਭੈਅ ਪੈਦਾ ਕਰਨ ਵਾਲੀ ਦਸਿਆ ਗੈ। ਇਸ ਘਟਨਾ ਤੋਂ ਪਹਿਲਾਂ ਬਰਾੜ ਨੇ ਪੁਲਿਸ ਨੂੰ ਅਪਣੀ ਪਤਨੀ ਦੇ ਗੁੰਮ ਹੋਣ ਦੀ ਇਤਲਾਹ ਦਿਤੀ ਸੀ। ਪੁਲਿਸ ਨੇ ਉਸ ਨੂੰ ਕੁੱਝ ਸਮਾਂ ਇੰਤਜ਼ਾਰ ਕਰਨ ਲਈ ਕਿਹਾ ਸੀ ਜਦਕਿ ਲਗਪਗ ਅੱਧੇ ਤੇ ਘੰਟੇ ਬਾਅਦ ਹੀ ਗਮਦੂਰ ਬਰਾੜ ਨੇ ਅਪਣੀ ਪਤਨੀ ਦੀ ਗੱਡੀ ਦਾ ਪਿੱਛਾ ਕਰਦਿਆਂ ਉਨ੍ਹਾਂ ਉੱਪਰ ਗੋਲੀਆਂ ਚਲਾ ਦਿਤੀਆਂ ਸਨ। ਮ੍ਰਿਤਕ ਹਰਮਨਜੋਤ ਸਿੰਘ (19) ਬਰਨਾਲਾ ਜ਼ਿਲ੍ਹੇ ਦੇ ਪਿੰਡ ਭੱਠਲਾਂ ਨਾਲ ਸਬੰਧਤ ਸੀ।

Exit mobile version