Vancouver – ਸਤੰਬਰ ਮਹੀਨੇ ਕੈਨੇਡਾ ਤੋਂ ਇਕ ਪੰਜਾਬੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ‘ਚ ਹੁਣ ਤਾਜ਼ਾ ਅਪਡੇਟ ਸਾਹਮਣੇ ਆਈ ਹੈ। ਇਸ ਮਾਮਲੇ ‘ਚ ਹੁਣ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਅਸਲ ਸਤੰਬਰ ਮਹੀਨੇ ਦੀ ਪੰਜ ਤਾਰੀਖ਼ ਨੂੰ ਕੈਨੇਡਾ ਦੇ ਸੂਬੇ ਨੋਵਾ ਸਕੋਸ਼ੀਆ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿਸ ‘ਚ ਪੰਜਾਬੀ ਨੌਜਵਾਨ ਪ੍ਰਭਜੋਤ ਸਿੰਘ ਕਤਰੀ ਦੀ ਮੌਤ ਹੋ ਗਈ ਸੀ। ਇਸ ਮਾਮਲੇ ‘ਚ ਇੱਕ ਵਿਅਕਤੀ ‘ਤੇ ਚਾਰਜ ਲਗਾਏ ਗਏ ਹਨ।
ਜਾਣਕਾਰੀ ਮੁਤਾਬਿਕ ਨੋਵਾ ਸਕੋਸ਼ੀਆ ਦੇ ਵੈਲੀ ਸ਼ਹਿਰ ਦੇ ਰਹਿਣ ਵਾਲੇ, 21 ਸਾਲ ਦੇ ਡਾਇਲਨ ਰੌਬਰਟ ਮਕਡੌਨਲਡ ਨੂੰ, ਕਤਲ ਵਿਚ ਮਦਦ ਕਰਨ ਦੇ ਦੋਸ਼ਾਂ ਤਹਿਤ ਚਾਰਜ ਕੀਤਾ ਗਿਆ ਹੈ। ਉਸ ਉੱਤੇ ਇਲਜ਼ਾਮ ਹੈ ਕਿ ਉਸਨੇ ਕਾਤਿਲ ਦੀ ਫ਼ਰਾਰ ਹੋਣ ਵਿਚ ਮਦਦ ਕੀਤੀ ਸੀ।
ਮਕਡੌਨਲਡ ਨੂੰ ਪੁਲਿਸ ਦੇ ਕਹਿਣ ‘ਤੇ ਗੱਡੀ ਨਾ ਰੋਕਣ, ਪੁਲਿਸ ਨਾਲ ਝਗੜਾ ਕਰਨ ਅਤੇ ਖ਼ਤਰਨਾਕ ਡਰਾਇਵਿੰਗ ਲਈ ਵੀ ਚਾਰਜ ਕੀਤਾ ਗਿਆ ਹੈ।ਚਾਰਜ ਲਗਾਏ ਜਾਣ ਤੋਂ ਬਾਅਦ ਕਥਿਤ ਦੋਸ਼ੀ ਨੂੰ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।
ਪੁਲਿਸ ਦੇ ਦੱਸਣ ਮੁਤਾਬਿਕ ਇਸ ਮਾਮਲੇ ਵਿਚ ਇੱਕ ਹੋਰ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਫ਼ਿਲਹਾਲ ਉਸ ਉੱਪਰ ਅਜੇ ਚਾਰਜ ਨਹੀਂ ਲਗਾਏ ਗਏ। ਪੁਲਿਸ ਵੱਲੋਂ ਇਸ ਦਾ ਨਾਮ ਵੀ ਜਨਤਕ ਨਹੀਂ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਉਮਰ 20 ਸਾਲ ਦੇ ਕਰੀਬ ਹੈ।ਫਿਲਹਾਲ ਇਸ ਮਾਮਲੇ ਦੀ ਜਾਂਚ ਜਾਰੀ ਹੈ।