
Ottawa: ਕੈਨੇਡਾ ਦੀ ਸਰਕਾਰ ਨੇ ਅਮਰੀਕਾ ਦੇ ਪੱਤਰਕਾਰ ਜਮਾਲ ਖਾਸ਼ੋਗੀ ਕਤਲ ਕੇਸ ‘ਚ ਸਾਊਦੀ ਅਰਬ ਦੇ 17 ਵਿਅਕਤੀਆਂ ‘ਤੇ ਪਾਬੰਦੀ ਲਗਾਉਣ ਦਾ ਐਲਾਨ ਕਰ ਦਿੱਤਾ ਹੈ।
ਖਾਸ਼ੋਗੀ ਸਾਊਦੀ ਰੌਇਲ ਪਰਿਵਾਰ ਦੇ ਆਲੋਚਕ ਸੀ। ਜਿਸਨੂੰ ਅਕਤੂਬਰ ‘ਚ ਤੁਰਕੀ ਦਰਮਿਆਨ ਸਾਊਦੀ ਸਫ਼ਾਰਤਖਾਨੇ ‘ਚ ਕਤਲ ਕਰ ਦਿੱਤਾ ਗਿਆ।
ਇਸ ਪਾਬੰਦੀ ਦੇ ਐਲਾਨ ਤੋਂ ਬਾਅਦ 17 ਵਿਅਕਤੀਆਂ ਦੀ ਕੈਨੇਡਾ ‘ਚ ਜਾਇਦਾਦ ਜਾਂ ਪੈਸੇ ਸਰਕਾਰ ਦੇ ਕਬਜ਼ੇ ‘ਚ ਲੈ ਲਏ ਗਏ ਹਨ ਤੇ ਇਨ੍ਹਾਂ ਵਿਅਕਤੀਆਂ ਦੇ ਕੈਨੇਡਾ ਆਉਣ ‘ਤੇ ਅਣਮਿੱਥੇ ਸਮੇਂ ਲਈ ਬੈਨ ਲਗਾ ਦਿੱਤਾ ਗਿਆ ਹੈ।
ਜੀ20 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਨਾਲ਼ ਹੀ ਸਾਊਦੀ ਕਰਾਊਨ ਪਿੰ੍ਰਸ ਮੋਹੰਮਦ ਬਿਨ ਸਲਮਾਨ ਵੀ ਪਹੁੰਚ ਰਹੇ ਹਨ। ਇਹ ਅਜੇ ਸਾਫ਼ ਨਹੀਂ ਕੀਤਾ ਗਿਆ ਹੈ ਕਿ ਇਸ ਦੌਰਾਨ ਜਸਟਿਨ ਟਰੂਡੋ ਸਾਊਦੀ ਲੀਡਰ ਨਾਲ਼ ਮੁਲਾਕਾਤ ਕਰਨਗੇ ਜਾਂ ਨਹੀਂ।
ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਮਾਮਲੇ ਦੀ ਪਾਰਦਰਸ਼ੀ ਤੇ ਭਰੋਸੇਯੋਗ ਜਾਂਚ ਹੋਵੇ ਤਾਂ ਕਿ ਖਾਸ਼ੋਗੀ ਦੇ ਕਤਲ ਕੇਸ ‘ਚ ਦੋਸ਼ੀਆਂ ਦਾ ਪਤਾ ਲਗਾਇਆ ਜਾ ਸਕੇ।
ਵਿਦੇਸ਼ ਮੰਤਰੀ ਮੁਤਾਬਕ ਇਸ ਸਬੰਧੀ ਚੁੱਕਿਆ ਜਾਣ ਵਾਲ਼ਾ ਕੋਈ ਵੀ ਕਦਮ ਹਲਕੇ ‘ਚ ਨਹੀਂ ਲੈਣਾ ਚਾਹੀਦਾ।
ਜਿਨ੍ਹਾਂ ਵਿਅਕਤੀਆਂ ‘ਤੇ ਕੈਨੇਡਾ ਨੇ ਪਾਬੰਦੀ ਲਗਾਈ ਹੈ ਇਨ੍ਹਾਂ ‘ਤੇ ਅਮਰੀਕੀ ਸਰਕਾਰ ਨੇ ਨਵੰਬਰ ਦੀ ਸ਼ੁਰੂਆਤ ‘ਚ ਹੀ ਪਾਬੰਦੀ ਲਗਾ ਦਿੱਤੀ ਸੀ, ਯਾਨੀ ਇਨ੍ਹਾਂ ਸਭ ਦੀ ਅਮਰੀਕਾ ‘ਚ ਜੇਕਰ ਕੋਈ ਜਾਇਦਾਦ ਹੈ ਉਹ ਵੀ ਸੀਲ ਕਰ ਦਿੱਤੀ ਗਈ ਹੈ।
ਕੈਨੇਡਾ ਦੀ ਜਾਸੂਸ ਏਜੰਸੀ ਦੇ ਮੁਖੀ ਮਾਮਲੇ ਸਬੰਧੀ ਜਾਣਕਾਰੀ ਲਈ ਤੁਰਕੀ ਗਏ ਸੀ ਜਿੱਥੇ ਉਨ੍ਹਾਂ ਨੇ ਤੁਰਕੀ ਅਧਿਕਾਰੀਆਂ ਕੋਲ਼ ਮੌਜੂਦ ਖਾਸ਼ੋਗੀ ਕਤਲ ਸਬੰਧੀ ਆਡੀਓ ਰਿਕਾਰਡਿੰਗ ਵੀ ਸੁਣੀ। ਵਾਪਸ ਕੈਨੇਡਾ ਪਰਤਣ ਤੋਂ ਬਾਅਦ ਸੀ.ਐੱਸ.ਆਈ.ਐੱਸ. ਡਾਇਰੈਕਟਰ ਡੇਵਿਡ ਨੇ ਇਸਦੀ ਸਾਰੀ ਜਾਣਕਾਰੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ ਦਿੱਤੀ ਹੈ।