Vancouver –ਕੈਨੇਡਾ ਤੇ ਯੂਕੇ ਵੱਲੋਂ ਭਾਰਤ ਤੋਂ ਆਉਣ ਵਾਲਿਆਂ ਯਾਤਰੀਆਂ ਲਈ ਕਈ ਪਾਬੰਦੀਆਂ ਲਗਾਈਆਂ ਹਨ। ਕੈਨੇਡਾ ਵੱਲੋਂ ਕਾਫ਼ੀ ਲੰਬੇ ਸਮੇਂ ਤੋਂ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਸਿਧੀਆਂ ਉਡਾਣਾਂ ‘ਤੇ ਰੋਕ ਲਗਾਈ ਹੈ। ਇਸ ਤੋਂ ਬਾਅਦ ਹੁਣ ਭਾਰਤ ਵੱਲੋਂ ਵੀ ਕੈਨੇਡਾ ਤੇ ਯੂਕੇ ਵਾਸਤੇ ਸਖ਼ਤੀ ਕੀਤੀ ਜਾ ਰਹੀ ਹੈ।
ਭਾਰਤ ਨੇ ਯੂਕੇ, ਕੈਨੇਡੀਅਨ ਨਾਗਰਿਕਾਂ ਨੂੰ ਹੁਣ ਈ-ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਜਾਣਕਾਰੀ ANI ਦੇ ਹਵਾਲੇ ਤੋਂ ਆ ਰਹੀ ਹੈ ਜਿਸ ਦੇ ਮੁਤਾਬਿਕ ਭਾਰਤ ਵੱਲੋਂ ਹੁਣ ਕੈਨੇਡਾ ਅਤੇ ਯੂਨਾਈਟਿਡ ਕਿੰਗਡਮ ਦੇ ਨਾਗਰਿਕਾਂ ਦੇ ਲਈ ਈ-ਵੀਜ਼ਾ ਸਹੂਲਤ ਵਾਪਸ ਲੈ ਲਈ ਹੈ।
ਗ੍ਰਹਿ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਕਿ ਕੋਵਿਡ ਤੋਂ ਬਾਅਦ, ਯੂਕੇ ਅਤੇ ਕੈਨੇਡਾ ਨੇ ਆਪਣੇ ਦੇਸ਼ ਵਿੱਚ ਭਾਰਤੀ ਨਾਗਰਿਕਾਂ ਦੇ ਦਾਖਲੇ ‘ਤੇ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਹਨ ਅਤੇ ਕਈ ਵਾਰ ਭਾਰਤ ਵੱਲੋਂ ਕੈਨੇਡਾ ਨੂੰ ਇਹ ਮੰਗ ਕੀਤੀ ਗਈ ਕਿ ਭਾਰਤ ਨਾਲ ਮੁੜ ਤੋਂ ਸਿਧੀਆਂ ਉਡਾਣਾਂ ਚਲਾਈਆਂ ਜਾਣ। ਇਸ ਸੰਬੰਧੀ ਭਾਰਤ ਵੱਲੋਂ ਯਾਤਰੀਆਂ ਨੂੰ ਆਉਣ ਵਾਲੀ ਪ੍ਰੇਸ਼ਾਨੀ ਦਾ ਵੀ ਜ਼ਿਕਰ ਕੀਤਾ ਗਿਆ। ਕਈ ਬੇਨਤੀਆਂ ਦੇ ਬਾਵਜੂਦ ਵੀ ਯਾਤਰੀਆਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ।
ਜਾਣਕਾਰੀ ਮੁਤਾਬਿਕ “ਯੂਕੇ ਅਤੇ ਕੈਨੇਡਾ ਦੇ ਨਾਗਰਿਕਾਂ ਨੂੰ ਈ-ਵੀਜ਼ਾ ਦੀ ਸਹੂਲਤ ਇਸ ਸਾਲ ਅਗਸਤ ਦੇ ਪਹਿਲੇ ਹਫਤੇ ਤੋਂ ਖ਼ਤਮ ਕੀਤੀ ਜਾ ਰਹੀ ਹੈ । ਹੁਣ, ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਭਾਰਤੀ ਦੂਤਾਵਾਸ ਵਿਖੇ ਨਿਯਮਤ ਸਟਿੱਕਰ ਵੀਜ਼ਾ ਲਈ ਅਰਜ਼ੀ ਦੇਣੀ ਪਵੇਗੀ। ਜ਼ਿਕਰਯੋਗ ਹੈ ਕਿ ਸੈਲਾਨੀ ਵੀਜ਼ਾ ਪਹਿਲਾਂ ਹੀ ਮੁਅੱਤਲ ਕੀਤੇ ਗਏ ਹਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ, ਗਲਵਾਨ ਘਾਟੀ ਦੀ ਘਟਨਾ ਤੋਂ ਬਾਅਦ ਚੀਨੀ ਨਾਗਰਿਕਾਂ ਨੂੰ ਈ-ਵੀਜ਼ਾ ਸਹੂਲਤ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਜਿਸ ਵਿੱਚ ਪਿਛਲੇ ਸਾਲ ਜੂਨ ਵਿੱਚ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ ਜਵਾਨਾਂ ਨਾਲ ਹਿੰਸਕ ਝੜਪਾਂ ਵਿੱਚ 20 ਭਾਰਤੀ ਸੈਨਿਕ ਮਾਰੇ ਗਏ ਸਨ।