Ottawa- ਗਲੋਬਲ ਅਫੇਅਰਜ਼ ਕੈਨੇਡਾ ਨੇ LGBTQ ਲੋਕਾਂ ਨੂੰ ਚਿਤਵਾਨੀ ਦਿੰਦਿਆਂ ਸੰਯੁਕਤ ਰਾਜ ਅਮਰੀਕਾ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ ਕਿ ਦੇਸ਼ ਦੇ ਕੁਝ ਸੂਬਿਆਂ ਦੇ ਕਾਨੂੰਨ ਉਨ੍ਹਾਂ ਦੀ ਯਾਤਰਾ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਗਲੋਬਲ ਅਫੇਅਰਜ਼ ਵਲੋਂ ਮੰਗਲਵਾਰ ਨੂੰ ਪੋਸਟ ਕੀਤੀ ਗਈ ਨਵੀਂ ਐਡਵਾਇਜ਼ਰੀ ’ਚ ਕਿਹਾ ਗਿਆ ਹੈ, ‘‘ਕੁਝ ਰਾਜਾਂ ਨੇ ਕਾਨੂੰਨ ਅਤੇ ਨੀਤੀਆਂ ਲਾਗੂ ਕੀਤੀਆਂ ਹਨ ਜੋ LGBTQ2S+ ਵਿਅਕਤੀਆਂ ਨੂੰ ਪ੍ਰਭਾਵਤ ਕਰ ਸਕਦੀਆਂ ਹਨ। ਸੰਬੰਧਿਤ ਸੂਬੇ ਅਤੇ ਸਥਾਨਕ ਕਾਨੂੰਨਾਂ ਦੀ ਜਾਂਚ ਕਰੋ।’’
ਇਸ ਐਡਵਾਈਜ਼ਰੀ ’ਚ ਵਿਜ਼ਟਰਾਂ ਨੂੰ ਇੱਕ ਸਰਕਾਰੀ ਵੈਬ ਪੇਜ ’ਤੇ ਜਾਣ ਲਈ ਕਿਹਾ ਗਿਆ ਹੈ, ਜੋ ਇਸ ਬਾਰੇ ਵਿਆਪਕ ਜਾਣਕਾਰੀ ਪ੍ਰਦਾਨ ਕਰਦਾ ਹੈ ਕਿ ਵਿਦੇਸ਼ਾਂ ਦੀ ਯਾਤਰਾ ਦੌਰਾਨ ਭਾਈਚਾਰੇ ਦੇ ਮੈਂਬਰਾਂ ਨੂੰ ਕਿਵੇਂ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇਹ ਸਲਾਹ ਯਾਤਰੀਆਂ ਨੂੰ ਉਨ੍ਹਾਂ ਕਾਨੂੰਨਾਂ ਤੋਂ ਸਾਵਧਾਨ ਰਹਿਣ ਲਈ ਕਹਿੰਦੀ ਹੈ ਜੋ ਸਮਲਿੰਗੀ ਗਤੀਵਿਧੀਆਂ ਅਤੇ ਸੰਬੰਧਾਂ ਨੂੰ ਅਪਰਾਧ ਮੰਨਦੇ ਹਨ।
ਇਹ ਸਲਾਹ ਯਾਤਰੀਆਂ ਨੂੰ ਇਹ ਵੀ ਚਿਤਾਵਨੀ ਦਿੰਦੀ ਹੈ ਕਿ ਅਵਾਰਾਗਰਦੀ ਅਤੇ ਜਨਤਕ ਪਰੇਸ਼ਾਨੀ ਦੀਆਂ ਘਟਨਾਵਾਂ ’ਤੇ ਰੋਕ ਲਗਾਉਣ ਲਈ ਕਾਨੂੰਨਾਂ ਦੀ ਵਰਤੋਂ LGBTQ2S+ ਲੋਕਾਂ ਨੂੰ ਅਪਰਾਧੀ ਬਣਾਉਣ ਦੇ ਯਤਨ ’ਚ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਲਈ ਵੀ ਕੀਤੀ ਜਾ ਸਕਦੀ ਹੈ।
ਅਪਡੇਟ ਕੀਤੀ ਸਲਾਹ ’ਚ ਕਿਸੇ ਖਾਸ ਕਾਨੂੰਨ ਜਾਂ ਸੂਬੇ ਦੀ ਨੀਤੀ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ, ਨਾ ਹੀ ਇਹ ਕਿਸੇ ਖਾਸ ਸੂਬੇ ਤੋਂ ਦੂਰ ਰਹਿਣ ਦਾ ਸੁਝਾਅ ਦਿੱਤਾ ਗਿਆ ਹੈ। ਵੇਰਵਿਆਂ ਲਈ ਪੁੱਛੇ ਜਾਣ ’ਤੇ, ਵਿਭਾਗ ਦੇ ਬੁਲਾਰੇ ਨੇ ਟਰਾਂਸਜੈਂਡਰ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੇ ਕਾਨੂੰਨਾਂ ਵੱਲ ਇਸ਼ਾਰਾ ਕੀਤਾ।
ਬੁਲਾਰੇ ਨੇ ਇੱਕ ਮੀਡੀਆ ਬਿਆਨ ’ਚ ਕਿਹਾ, ‘‘2023 ਦੀ ਸ਼ੁਰੂਆਤ ਤੋਂ, ਅਮਰੀਕਾ ’ਚ ਕੁਝ ਸੂਬਿਆਂ ਨੇ ਡਰੈਗ ਸ਼ੋਅ ’ਤੇ ਪਾਬੰਦੀ ਲਗਾਉਣ ਅਤੇ ਟਰਾਂਸਜੈਂਡਰ ਭਾਈਚਾਰੇ ਨੂੰ ਲਿੰਗ ਪੁਸ਼ਟੀਕਰਨ ਦੇਖਭਾਲ ਤੱਕ ਪਹੁੰਚ ਅਤੇ ਖੇਡ ਸਮਾਗਮਾਂ ’ਚ ਭਾਗ ਲੈਣ ’ਤੇ ਪਾਬੰਦੀ ਲਗਾਉਣ ਵਾਲੇ ਕਾਨੂੰਨ ਪਾਸ ਕੀਤੇ ਹਨ।’’
ਗਲੋਬਲ ਅਫੇਅਰਜ਼ ਕੈਨੇਡਾ ਨੇ ਆਪਣੀ ਅਪਡੇਟ ਕੀਤੀ ਐਡਵਾਈਜ਼ਰੀ ’ਚ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਜਾਣ ਵਾਲੇ LGBTQ ਯਾਤਰੀਆਂ ਨੂੰ ਰਾਜ ਅਤੇ ਸਥਾਨਕ ਕਾਨੂੰਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਕਿਹਾ ਕਿ ਉਨ੍ਹਾਂ ਨੇ ਯਾਤਰਾ ਐਡਵਾਇਜ਼ਰੀ ਨੂੰ ਅਪਡੇਟ ਕਰਨ ਦੇ ਫੈਸਲੇ ਦਾ ਸਮਰਥਨ ਕੀਤਾ ਹੈ।
ਮੋਨਕਟਨ ਐਨ. ਬੀ. ’ਚ ਬੋਲਦਿਆਂ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਕਿਹਾ ਕਿ ਉਹ ਯਾਤਰਾ ਐਡਵਾਇਜ਼ਰੀ ਨੂੰ ਅਪਡੇਟ ਕਰਨ ਦੇ ਫ਼ੈਸਲੇ ਦਾ ਸਮਰਥਨ ਕਰਦੇ ਹਨ ਪਰ ਉਨ੍ਹਾਂ ਨੇ ਇਸ ਬਾਰੇ ’ਚ ਕਿਸੇ ਵੀ ਤਰ੍ਹਾਂ ਦੀ ਟਿੱਪਣ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਅਜਿਹੀ ਐਡਾਵਾਇਜ਼ਰੀ ਜਾਰੀ ਕਰਨ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਸੂਚਿਤ ਕੀਤ ਗਿਆ ਸੀ ਜਾਂ ਨਹੀਂ।