Site icon TV Punjab | Punjabi News Channel

ਭਾਰਤ ਨਾਲ ਰਿਸ਼ਤੇ ਠੀਕ ਕਰਨ ’ਚ ਲੱਗਿਆ ਕੈਨੇਡਾ, ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਹੋ ਰਹੀ ਹੈ ਗੱਲਬਾਤ

ਭਾਰਤ ਨਾਲ ਰਿਸ਼ਤੇ ਠੀਕ ਕਰਨ ’ਚ ਲੱਗਿਆ ਕੈਨੇਡਾ

Ottawa- ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਇਨ੍ਹੀਂ ਦਿਨੀਂ ਖਰਾਬ ਦੌਰ ’ਚੋਂ ਲੰਘ ਰਹੇ ਹਨ। ਹੁਣ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੌਲੀ ਨੇ ਕਿਹਾ ਹੈ ਕਿ ਉਹ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਸੰਪਰਕ ’ਚ ਹਨ ਅਤੇ ਦੋਹਾਂ ਦੇਸ਼ਾਂ ਦੇ ਸਬੰਧਾਂ ’ਚ ਸੁਧਾਰ ਲਈ ਯਤਨ ਜਾਰੀ ਹਨ। ਜੌਲੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਲਈ ਇਹ ਔਖਾ ਸਮਾਂ ਹੈ ਕਿਉਂਕਿ ਉਨ੍ਹਾਂ ਦੇ ਸਬੰਧ ਦਹਾਕਿਆਂ ਤੋਂ ਮਜ਼ਬੂਤ ਹਨ। ਮੇਲਾਨੀ ਜੌਲੀ ਨੇ ਉਪਰੋਕਤ ਗੱਲਾਂ ਜਾਪਾਨ ਦੇ ਟੋਕੀਓ ’ਚ ਹੋਣ ਵਾਲੀ ਜੀ-7 ਮੀਟਿੰਗ ’ਚ ਸ਼ਾਮਲ ਹੋਣ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਹੀਆਂ।
ਪ੍ਰੈੱਸ ਕਾਨਫਰੰਸ ਦੌਰਾਨ ਕੈਨੇਡਾ ਦੇ ਜਦੋਂ ਉਨ੍ਹਾਂ ਤੋਂ ਭਾਰਤ ਨਾਲ ਸਬੰਧਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਭਾਰਤ ਦੀ ਗੱਲ ਆਉਂਦੀ ਹੈ, ਤਾਂ ਉਹ ਪਹਿਲਾਂ ਵੀ ਕਈ ਵਾਰ ਇਹ ਕਹਿ ਚੁੱਕੀ ਹੈ… ਉਹ ਆਪਣੇ ਹਮਰੁਤਬਾ ਐਸ. ਜੈਸ਼ੰਕਰ ਦੇ ਸੰਪਰਕ ’ਚ ਹਨ ਅਤੇ ਅਸੀਂ ਜਾਣਦੇ ਹਾਂ ਕਿ ਇਹ ਸਾਡੇ ਸਬੰਧਾਂ ਲਈ ਬੁਰਾ ਸਮਾਂ ਹੈ ਪਰ ਮੈਨੂੰ ਭਰੋਸਾ ਹੈ ਕਿ ਅਸੀਂ ਕਰਾਂਗੇ ਇਸ ਮੁਸ਼ਕਲ ਸਮੇਂ ’ਚੋਂ ਲੰਘ ਜਾਵਾਂਗੇ। ਸਾਡੇ ਸਾਂਝੇ ਹਿੱਤ ਹਨ ਅਤੇ ਅਸੀਂ ਮਿਲ ਕੇ ਹੱਲ ਲੱਭ ਸਕਦੇ ਹਾਂ। ਹਾਲ ਹੀ ’ਚ ਭਾਰਤ ਨੇ ਕੈਨੇਡਾ ਦੇ 41 ਡਿਪਲੋਮੈਟਾਂ ਨੂੰ ਵਾਪਸ ਭੇਜਿਆ ਸੀ। ਇਸ ’ਤੇ ਮੇਲਾਨੀ ਜੌਲੀ ਨੇ ਕਿਹਾ ਕਿ ਕੈਨੇਡੀਅਨ ਡਿਪਲੋਮੈਟਾਂ ਨੂੰ ਭਾਰਤ ਤੋਂ ਆਉਣਾ ਪਿਆ ਕਿਉਂਕਿ ਭਾਰਤ ਨੇ ਉਨ੍ਹਾਂ ਦੀ ਡਿਪਲੋਮੈਟਿਕ ਛੋਟ ਵਾਪਸ ਲੈ ਲਈ ਸੀ। ਅਜਿਹੇ ’ਚ ਅਸੀਂ ਉਨ੍ਹਾਂ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕਰ ਸਕਦੇ।
ਕੀ ਹੁਣ ਖਤਮ ਹੋ ਗਿਆ ਕੈਨੇਡਾ ਅਤੇ ਭਾਰਤ ਦਾ ਵਿਵਾਦ? ਇਸ ਦੇ ਜਵਾਬ ’ਚ ਕੈਨੇਡੀਅਨ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਨੇ 41 ਕੈਨੇਡੀਅਨ ਡਿਪਲੋਮੈਟਾਂ ਨੂੰ ਵਾਪਸ ਭੇਜਿਆ ਪਰ ਕੈਨੇਡਾ ਕੋਈ ਬਦਲਾ ਨਹੀਂ ਲਵੇਗਾ। ਤੁਹਾਨੂੰ ਦੱਸ ਦੇਈਏ ਕਿ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ’ਚ ਉਸ ਸਮੇਂ ਖਟਾਸ ਆ ਗਈ ਸੀ ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਸੰਸਦ ’ਚ ਸੰਬੋਧਨ ਕਰਦਿਆਂ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਦੋਸ਼ ਭਾਰਤ ’ਤੇ ਲਗਾਇਆ ਸੀ। ਹਾਲਾਂਕਿ ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਬੇਤੁਕਾ ਦੱਸਿਆ ਸੀ। ਇਸ ਤੋਂ ਬਾਅਦ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਮੁਅੱਤਲ ਕਰ ਦਿੱਤੀਆਂ। ਹਾਲਾਂਕਿ ਪਿਛਲੇ ਮਹੀਨੇ ਭਾਰਤ ਨੇ ਵੀਜ਼ਾ ਸੇਵਾਵਾਂ ਮੁੜ ਬਹਾਲ ਕਰ ਦਿੱਤੀਆਂ ਹਨ।

Exit mobile version