ਅਮਰੀਕਾ ’ਚ ਇੱਕ ਕੈਨੇਡੀਅਨ ਵਿਅਕਤੀ ਨੂੰ ਅਮਰੀਕਾ ਵਿੱਚ ਕਥਿਤ ਤੌਰ ’ਤੇ ਹੱਥਾਂ ਦੀ ਸਫ਼ਾਈ ਤਕਨੀਕ ਦੀ ਵਰਤੋਂ ਕਰਕੇ ਦੇਸ਼ ਦੇ ਕਈ ਸੂਬਿਆਂ ’ਚ ਵਾਲਮਾਰਟ ਸਟੋਰਾਂ ਤੋਂ 64,000 ਡਾਲਰ ਦੀ ਨਕਦੀ ਨੂੰ ਹੂੰਝਾ ਫੇਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਹੈ। ਸੋਮਵਾਰ ਨੂੰ ਜਾਰੀ ਇੱਕ ਪ੍ਰੈਸ ਰਿਲੀਜ਼ ’ਚ, ਮਿਸੂਰੀ ਦੇ ਪੂਰਬੀ ਜ਼ਿਲ੍ਹੇ ਦੇ ਯੂਐਸ ਅਟਾਰਨੀ ਦੇ ਦਫ਼ਤਰ ਨੇ ਕਿਹਾ ਕਿ 37 ਸਾਲਾ ਮੋਹਸੇਨ ਅਕਬਰੀ ’ਤੇ 16 ਅਗਸਤ ਨੂੰ ਇੱਕ ਵਾਇਰ ਧੋਖਾਧੜੀ ਅਤੇ ਚੋਰੀ ਕੀਤੀ ਜਾਇਦਾਦ ਦੀ ਅੰਤਰਰਾਜੀ ਆਵਾਜਾਈ ਦੇ ਮਾਮਲੇ ’ਚ ਦੋਸ਼ ਆਇਦ ਕੀਤੇ ਗਏ ਸਨ। 5 ਸਤੰਬਰ ਨੂੰ ਗ੍ਰਿਫਤਾਰੀ ਤੋਂ ਬਾਅਦ, ਉਸਨੇ ਸੋਮਵਾਰ ਨੂੰ ਇਨ੍ਹਾਂ ਦੋਸ਼ਾਂ ਲਈ ਖ਼ੁਦ ਨੂੰ ਅਪਰਾਧੀ ਨਹੀਂ ਮੰਨਿਆ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਦੱਖਣੀ ਕੋਰੀਆ ਤੋਂ ਵਿਜ਼ਟਰ ਵੀਜ਼ੇ ’ਤੇ 1 ਮਾਰਚ, 2023 ਨੂੰ ਸੰਯੁਕਤ ਰਾਜ ਅਮਰੀਕਾ ’ਚ ਦਾਖਲ ਹੋਣ ਤੋਂ ਬਾਅਦ ਅਕਬਰੀ ਨੇ ਪੂਰੇ ਅਮਰੀਕਾ ’ਚ ਯਾਤਰਾ ਕੀਤੀ ਅਤੇ ਵੱਖ-ਵੱਖ ਪ੍ਰਚੂਨ ਸਟੋਰਾਂ ਦਾ ਦੌਰਾ ਕੀਤਾ ਅਤੇ ਨਕਦੀ ਚੋਰੀ ਕਰਨ ਲਈ ਹੱਥ ਦੀ ਸਫ਼ਾਈ ਦੇ ਤਰੀਕਿਆਂ ਦੀ ਵਰਤੋਂ ਕੀਤੀ।
ਯੂਐਸ ਅਟਾਰਨੀ ਦਫਤਰ ਦੇ ਅਨੁਸਾਰ, ਅਕਬਰੀ ਕੈਸ਼ੀਅਰਾਂ ਨੂੰ 100 ਡਾਲਰ ਬਿੱਲ ਦਿਖਾਉਣ ਲਈ ਕਹਿੰਦਾ ਸੀ ਅਤੇ ਇਸ ਮਗਰੋਂ ਉਹ ਗੱਲਬਾਤ ਦੌਰਾਨ ਚੋਰੀ ਜਿਹੇ ਕੁਝ ਬਿੱਲ ਆਪਣੇ ਕੋਲ ਰੱਖ ਲੈਂਦਾ। ਅਧਿਕਾਰੀਆਂ ਨੇ ਦੱਸਿਆ ਕਿ ਉਹ ਇੱਥੇ ਨਹੀਂ ਰੁਕਿਆ। ਉਨ੍ਹਾਂ ਦੱਸਿਆ ਕਿ ਉਸ ਨੇ 12 ਜੂਨ ਤੋਂ 15 ਜੂਨ, 2023 ਦੇ ਦਰਮਿਆਨ ਮਿਸੂਰੀ ਅਤੇ ਇਲੀਨੋਇਸ ਦੇ ਛੇ ਵਾਲਮਾਰਟ ਸਟੋਰਾਂ ਤੋਂ 16,320 ਅਮਰੀਕੀ ਡਾਲਰ ਚੋਰੀ ਕੀਤੇ ਹਨ। 20 ਜੂਨ ਤੋਂ 18 ਜੁਲਾਈ, 2023 ਦੇ ਵਿਚਕਾਰ, ਅਧਿਕਾਰੀਆਂ ਨੇ ਅਕਬਰੀ ’ਤੇ 13,992 ਡਾਲਰ ਦੀ ਚੋਰੀ ਕਰਨ ਦਾ ਦੋਸ਼ ਲਗਾਇਆ ਹੈ।
ਯੂਐਸ ਅਟਾਰਨੀ ਦਫ਼ਤਰ ਦਾ ਕਹਿਣਾ ਹੈ ਕਿ ਅਕਬਰੀ ਦੀ ਕਥਿਤ ਯੋਜਨਾ ਵਿੱਚ ਚੋਰੀ ਹੋਏ ਪੈਸੇ ਨੂੰ ਇੱਕ ਯੂਐਸ ਬੈਂਕ ਖਾਤੇ ਵਿੱਚ ਜਮ੍ਹਾਂ ਕਰਨਾ ਅਤੇ ਫਿਰ ਉਸਦੇ ਕੈਨੇਡੀਅਨ ਬੈਂਕ ਖਾਤਿਆਂ ਵਿੱਚ ਫੰਡ ਟਰਾਂਸਫਰ ਕਰਨਾ ਸ਼ਾਮਲ ਸੀ। ਅਟਾਰਨੀ ਦਫ਼ਤਰ ਮੁਤਾਬਕ ਦੋਹਾਂ ਮਾਮਲਿਆਂ ’ਚ ਅਕਬਰੀ ਨੂੰ ਲੰਬੀ ਕੈਦ ਅਤੇ ਲੱਖਾਂ ਡਾਲਰ ਦਾ ਜ਼ੁਰਮਾਨਾ ਹੋ ਸਕਦਾ ਹੈ।