Site icon TV Punjab | Punjabi News Channel

ਚੰਡੀਗੜ੍ਹ ‘ਚ ਵਪਾਰੀ ਤੋਂ 1 ਕਰੋੜ ਦੀ ਲੁੱਟ ਦਾ ਮਾਮਲਾ: 2 ਕਾਂਸਟੇਬਲ ਗ੍ਰਿਫ਼ਤਾਰ, ਮੁਲਜ਼ਮ SI ਦੀ ਭਾਲ ਜਾਰੀ

ਡੈਸਕ- ਚੰਡੀਗੜ੍ਹ ਵਿੱਚ ਬਠਿੰਡਾ ਦੇ ਇੱਕ ਵਪਾਰੀ ਤੋਂ ਇੱਕ ਕਰੋੜ ਦੀ ਲੁੱਟ ਮਾਮਲੇ ਵਿੱਚ ਪੁਲਿਸ ਨੇ 2 ਕਾਂਸਟੇਬਲ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦਕਿ ਸਬ-ਇੰਸਪੈਕਟਰ ਨਵੀਨ ਫੋਗਾਟ ਅਜੇ ਤੱਕ ਫਰਾਰ ਹੈ। ਮੁਲਜ਼ਮ SI ਨੇ ਇਮੀਗ੍ਰੇਸ਼ਨ ਕੰਪਨੀ ਦੇ ਸਰਵੇਸ਼ ਕੌਸ਼ਲ, ਗਿੱਲ ਅਤੇ ਜਤਿੰਦਰ ਨਾਂ ਦੇ ਵਿਅਕਤੀ ਨਾਲ ਮਿਲ ਕੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਚੰਡੀਗੜ੍ਹ ਦੀ SSP ਕੰਵਰਦੀਪ ਕੌਰ ਨੇ ਐਤਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਲੁੱਟੇ ਗਏ ਇੱਕ ਕਰੋੜ ਵਿੱਚੋਂ 75 ਲੱਖ ਰੁਪਏ ਬਰਾਮਦ ਕਰ ਲਏ ਗਏ ਹਨ।

ਪੁਲਿਸ ਸੂਤਰਾਂ ਅਨੁਸਾਰ ਸੈਕਟਰ-39 ਥਾਣੇ ਦੇ ਕਾਂਸਟੇਬਲ ਵਰਿੰਦਰ ਅਤੇ ਸੁਰੱਖਿਆ ਵਿੰਗ ਵਿੱਚ ਤਾਇਨਾਤ ਕਾਂਸਟੇਬਲ ਸ਼ਿਵਾ ਨੂੰ ਲੁੱਟ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਿਵ ਅਕਸਰ ਮੁਲਜ਼ਮ ਨਵੀਨ ਫੋਗਾਟ ਨਾਲ ਰਹਿੰਦਾ ਸੀ, ਜਦਕਿ ਵਰਿੰਦਰ ਸੈਕਟਰ-40 ਬੀਟ ਵਿੱਚ ਤਾਇਨਾਤ ਸੀ। ਜਦੋਂ ਬਠਿੰਡਾ ਤੋਂ ਕਾਰੋਬਾਰੀ ਸੈਕਟਰ-39 ਪੁੱਜੇ ਤਾਂ ਬੋਰਡ ’ਤੇ ਲੱਗੀ ਫੋਟੋ ਵਿੱਚ ਵਰਿੰਦਰ ਦੇ ਨਾਲ ਥਾਣੇ ਦੇ ਸਾਬਕਾ ਇੰਚਾਰਜ ਦੀ ਫੋਟੋ ਵੀ ਸੀ।

ਇਹ ਦੇਖ ਕੇ ਉਸ ਨੇ ਮੁਲਜ਼ਮ ਨੂੰ ਪਛਾਣ ਲਿਆ ਅਤੇ ਥਾਣਾ ਇੰਚਾਰਜ ਨੂੰ ਦੱਸਿਆ ਕਿ ਇਹ ਉਹੀ ਕਾਂਸਟੇਬਲ ਹੈ ਜਿਸ ਨੇ SI ਫੋਗਟ ਨਾਲ ਮਿਲ ਕੇ ਉਸ ਨੂੰ ਡਰਾ ਧਮਕਾ ਕੇ ਇਕ ਕਰੋੜ ਰੁਪਏ ਲੁੱਟ ਲਏ। ਇੱਕ ਕਰੋੜ ਦੀ ਲੁੱਟ ਦਾ ਮਾਮਲਾ ਸੈਕਟਰ-39 ਥਾਣੇ ਨਾਲ ਸਬੰਧਤ ਹੈ, ਜਿੱਥੇ ਨਵੀਨ ਫੋਗਾਟ ਐਡੀਸ਼ਨਲ SHO ਦੀ ਜ਼ਿੰਮੇਵਾਰੀ ਵੀ ਸੰਭਾਲ ਰਹੇ ਸਨ। ਨਵੀਨ ਅਤੇ ਉਸਦੇ ਸਾਥੀ ਪੁਲਿਸ ਮੁਲਾਜ਼ਮਾਂ ‘ਤੇ ਯੋਜਨਾਬੱਧ ਤਰੀਕੇ ਨਾਲ ਅਪਰਾਧ ਕਰਨ ਦਾ ਦੋਸ਼ ਹੈ।

ਮੁਲਜ਼ਮ SI ਨਵੀਨ ਫੋਗਾਟ ਅਤੇ ਉਸ ਦੇ ਸਾਥੀ ਪੁਲਿਸ ਮੁਲਾਜ਼ਮਾਂ ਨੇ ਬਠਿੰਡਾ ਦੇ ਵਪਾਰੀ ਸੰਜੇ ਗੋਇਲ ਤੋਂ 2000 ਰੁਪਏ ਦੇ ਨੋਟ ਬਦਲਣ ਦੇ ਨਾਂ ’ਤੇ ਇੱਕ ਕਰੋੜ ਰੁਪਏ ਲੁੱਟ ਲਏ। ਪੁਲਿਸ ਮੁਲਾਜ਼ਮ ਸੰਜੇ ਗੋਇਲ ਨੂੰ ਅਗਵਾ ਕਰਕੇ ਇਕ ਸੁੰਨਸਾਨ ਥਾਂ ’ਤੇ ਲੈ ਗਏ ਅਤੇ ਫਿਰ ਉਸ ਨੂੰ ਐਨਕਾਊਂਟਰ ਦਾ ਡਰਾਵਾ ਦੇ ਕੇ ਉਸ ਤੋਂ ਪੈਸੇ ਵਸੂਲ ਕੀਤੇ। ਮੁਲਜ਼ਮ SI ਨੂੰ ਹਾਲ ਹੀ ਵਿਚ ਬਲਾਤਕਾਰ ਦੇ ਮਾਮਲੇ ਵਿਚ ਬਰੀ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਡਿਊਟੀ ‘ਤੇ ਵੀ ਲਗਾ ਦਿੱਤਾ ਗਿਆ। ਹੁਣ ਫਿਰ ਲੁੱਟ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।

Exit mobile version