Site icon TV Punjab | Punjabi News Channel

ਮੁੱਖ ਮੰਤਰੀ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਚੁਨੌਤੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੂੰ ਚੁਨੌਤੀ ਦਿੱਤੀ ਹੈ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਵਧਦੀ ਲੋਕਪ੍ਰਿਅਤਾ ਦੇ ਮੱਦੇਨਜ਼ਰ ਆਪਣੀ ਨਿਰਾਸ਼ਾ ਨੂੰ ਦਰਸਾਉਂਦੇ ਹੋਏ ਕਾਂਗਰਸ ਵਿਰੁੱਧ ਗੈਰ-ਜ਼ਿਮੇਵਾਰ ਬਿਆਨਬਾਜ਼ੀ ਕਰਕੇ ਜ਼ਹਿਰ ਉਗਲਣਾ ਬੰਦ ਕਰਨ।

ਉਸ ਨੂੰ ਝੂਠ ਬੋਲਣ ‘ਤੇ ਚੁੱਪ ਕਰਾਉਂਦੇ ਹੋਏ ਕਿ ਸਰਕਾਰ ਨੇ ਰੇਤ ਅਤੇ ਬਜਰੀ ਦੇ ਸਸਤੇ ਰੇਟਾਂ ‘ਤੇ ਅਜੇ ਤੱਕ ਨੋਟੀਫ਼ਿਕੇਸ਼ਨ ਜਾਰੀ ਨਹੀਂ ਕੀਤਾ ਹੈ, ਮੁੱਖ ਮੰਤਰੀ ਚੰਨੀ ਨੇ ਉਨ੍ਹਾਂ ਨੂੰ ਸੌੜੇ ਸਵਾਰਥਾਂ ਲਈ ਜਨਤਾ ਨੂੰ ਗੁਮਰਾਹ ਕਰਨ ਦੇ ਇਕੋ ਉਦੇਸ਼ ਨਾਲ ਸਿਆਸੀ ਤੌਰ ‘ਤੇ ਪ੍ਰੇਰਿਤ ਬਿਆਨ ਦੇਣ ਤੋਂ ਪਹਿਲਾਂ ਸਰਕਾਰੀ ਰਿਕਾਰਡ ਦੀ ਬਿਹਤਰ ਜਾਂਚ ਅਤੇ ਤਸਦੀਕ ਕਰਨ ਲਈ ਕਿਹਾ ਹੈ।

ਭਾਰਤ-ਪਾਕਿ ਸਰਹੱਦ ਤੋਂ ਪਾਕਿਸਤਾਨੀ ਨੌਜਵਾਨ ਗ੍ਰਿਫ਼ਤਾਰ
ਅੰਮ੍ਰਿਤਸਰ : ਬੀਤੀ ਰਾਤ ਬੀ.ਐੱਸ.ਐਫ. ਦੇ ਜਵਾਨਾਂ ਵਲੋਂ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ‘ਤੇ ਕੰਡਿਆਲੀ ਤਾਰ ਦੇ ਪਾਰੋਂ ਇਕ ਪਾਕਿਸਤਾਨੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਪਾਕਿਸਤਾਨੀ ਨੌਜਵਾਨ ਦਾ ਨਾਮ ਇਮਰਾਨ ਅਹਿਮਦ ਹੈ ਅਤੇ ਉਸ ਦੀ ਉਮਰ ਕਰੀਬ 17 ਸਾਲ ਦੱਸੀ ਜਾ ਰਹੀ ਹੈ। ਪਕਿਸਤਾਨੀ ਨੌਜਵਾਨ ਕੋਲੋਂ ਪਾਕਿਸਤਾਨੀ ਕਰੰਸੀ ਤੋਂ ਇਲਾਵਾ ਹੋਰ ਕੋਈ ਵੀ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ।

ਅਜਨਾਲਾ ‘ਚ 4.75 ਲੱਖ ਰੁਪਏ ਦੀ ਲੁੱਟ
ਅਜਨਾਲਾ ‘ਚ ਡੇਰਾ ਬਾਬਾ ਨਾਨਕ ਰੋਡ ‘ਤੇ ਕਰਿਆਨੇ ਦੀ ਦੁਕਾਨ ਕਰਦੇ ਇਕ ਵਿਅਕਤੀ ਕੋਲੋਂ ਦੇਰ ਰਾਤ 2 ਐਕਟਿਵਾ ‘ਤੇ ਸਵਾਰ 4 ਲੁਟੇਰੇ 4.75 ਲੱਖ ਰੁਪਏ ਲੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਅਤੁਲ ਤਨੇਜਾ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਦੇਰ ਰਾਤ ਆਪਣੀ ਦੁਕਾਨ ਬੰਦ ਕਰਕੇ ਐਕਟਿਵਾ ‘ਤੇ ਆਪਣੇ ਘਰ ਜਾ ਰਿਹਾ ਸੀ ਤਾਂ 2 ਐਕਟਿਵਾ ‘ਤੇ ਸਵਾਰ ਚਾਰ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਤੇ ਉਸ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਹੱਥੋਪਾਈ ਦੌਰਾਨ ਇਕ ਵਿਅਕਤੀ ਨੇ ਉਸ ਦੀ ਐਕਟਿਵਾ ਦੇ ਅੱਗੇ ਪਿਆ ਬੈਗ ਜਿਸ ਵਿਚ 4.75 ਲੱਖ ਰੁਪਏ ਅਤੇ ਦੁਕਾਨ ਦੇ ਜ਼ਰੂਰੀ ਕਾਗ਼ਜ਼ਾਤ ਸਨ ਖੋਹ ਲਏ ਤੇ ਉਹ ਸਾਰੇ ਮੌਕੇ ਤੋਂ ਫ਼ਰਾਰ ਹੋ ਗਏ।

ਖੰਨਾ ਨੇੜਲੇ ਪਿੰਡ ਆਲੋੜ ‘ਚ ਗੋਲੀ ਚੱਲੀ
ਲੁਧਿਆਣਾ : ਖੰਨਾ ਨੇੜਲੇ ਪਿੰਡ ਆਲੋੜ ਵਿਚ ਗੋਲੀ ਚੱਲਣ ਦੀ ਖਬਰ ਮਿਲੀ ਹੈ। ਜਿਸ ਦੀ ਪੁਸ਼ਟੀ ਖੰਨਾ ਦੇ ਐੱਸ.ਐੱਸ.ਪੀ. ਗੁਰਸ਼ਰਨ ਦੀਪ ਸਿੰਘ ਨੇ ਕੀਤੀ । ਘਟਨਾ ਵਿਚ 2 ਵਿਅਕਤੀਆਂ ਨੂੰ ਗੋਲੀ ਲੱਗਣ ਦਾ ਸਮਾਚਾਰ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

ਇਸੇ ਤਰਾਂ ਕੋਟ ਈਸੇ ਖਾਂ ‘ਚ ਭਰੇ ਬਾਜ਼ਾਰ ਮੇਨ ਚੌਕ ਨਜ਼ਦੀਕ ਅੰਮ੍ਰਿਤਸਰ ਰੋਡ ‘ਤੇ ਅਣਪਛਾਤੇ ਕਰੇਟਾ ਸਵਾਰ ਨੌਜਵਾਨਾਂ ਵਲੋਂ ਇਕ ਆਈ ਟਵੰਟੀ ਕਾਰ ਸਵਾਰ ‘ਤੇ ਹਮਲਾ ਕਰ ਦਿੱਤਾ, ਹਮਲੇ ਦੌਰਾਨ ਆਈ ਟਵੰਟੀ ਕਾਰ ਸਵਾਰ ਭੱਜ ਕੇ ਆਪਣੀ ਜਾਨ ਬਚਾਉਣ ‘ਚ ਸਫ਼ਲ ਹੋ ਗਿਆ।

ਦੱਸਣਯੋਗ ਹੈ ਕਿ ਗੁੱਸੇ ‘ਚ ਆਏ ਹਮਲਾਵਰਾਂ ਵਲੋਂ ਬਿਨਾਂ ਕਿਸੇ ਡਰ ਭੈਅ ਦੇ ਹਵਾਈ ਫਾਇਰ ਕਰਦਿਆਂ ਆਈ ਟਵੰਟੀ ਗੱਡੀ ਦੀ ਭੰਨਤੋੜ ਕੀਤੀ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰਾਂ ਨੇ ਪਹਿਲਾਂ ਪਿੱਛੇ ਵੱਲ ਨੂੰ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਪਿੱਛੇ ਆਵਾਜਾਈ ਜਾਮ ਹੋਣ ਕਰਕੇ ਫ਼ਿਰ ਚੌਕ ਵਾਲੇ ਪਾਸੇ ਨੂੰ ਗੱਡੀ ਭਜਾ ਕੇ ਨਿਕਲਣ ‘ਚ ਸਫਲ ਹੋ ਗਏ।

ਕਹਾਣੀਕਾਰ ਮੋਹਨ ਭੰਡਾਰੀ ਨਹੀਂ ਰਹੇ
ਚੰਡੀਗੜ੍ਹ : ਪੰਜਾਬੀ ਦੇ ਨਾਮਵਰ ਕਹਾਣੀਕਾਰ ਮੋਹਨ ਭੰਡਾਰੀ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ ਹਨ। ਉਨ੍ਹਾਂ ਦਾ ਪੰਜਾਬੀ ਕਹਾਣੀ ਵਿੱਚ ਯੋਗਦਾਨ ਕਿਸੇ ਵੀ ਪੰਜਾਬੀ ਲੇਖਕ ਅਤੇ ਚਿੰਤਕ ਤੋਂ ਅੱਖੋਂ ਪਰੋਖਾ ਨਹੀਂ। ਉਨ੍ਹਾਂ ਨੇ ਪੰਜਾਬੀ ਕਹਾਣੀ ਨੂੰ ਨਿਰੰਤਰ ਅਮੀਰ ਬਣਾਉਣ ਦਾ ਸਫਲ ਯਤਨ ਕੀਤਾ।

ਲਗਭਗ ਸਾਢੇ ਪੰਜ ਦਹਾਕੇ ਉਹ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਸਰਗਰਮ ਰਹੇ। ਉਨ੍ਹਾਂ ਦੀਆਂ ਚਰਚਿਤ ਪੁਸਤਕਾਂ ‘ਮਨੁੱਖ ਦੀ ਪੈੜ’, ‘ਪਛਾਣ’, ‘ਮੋਮ ਦੀ ਅੱਖ’, ‘ਗੋਰਾ ਬਾਸ਼ਾ’ ਪੰਜਾਬੀ ਕਥਾ ਜਗਤ ਵਿਚ ਚਰਚਿਤ ਪੁਸਤਕਾਂ ਰਹੀਆਂ।

ਉਨ੍ਹਾਂ ਨੂੰ ‘ਮੋਮ ਦੀ ਅੱਖ’ ਪੁਸਤਕ ਉੱਪਰ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਪ੍ਰਾਪਤ ਹੋਇਆ ਸੀ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਉਨ੍ਹਾਂ ਨੂੰ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਨਾਲ ਵੀ ਨਿਵਾਜ਼ਿਆ ਸੀ। ਉਨ੍ਹਾਂ ਦੇ ਸ਼ਬਦ ਸੰਸਾਰ ਨੂੰ ਪੰਜਾਬੀ ਪ੍ਰੇਮੀਆਂ ਨੇ ਪੂਰਨ ਮਾਣਤਾ ਦਿੱਤੀ।

ਟੀਵੀ ਪੰਜਾਬ ਬਿਊਰੋ

Exit mobile version