Site icon TV Punjab | Punjabi News Channel

ਮੁੱਖ ਮੰਤਰੀ ਚੰਨੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਮੌਕੇ ਲੋਕਾਂ ਨੂੰ ਵਧਾਈ

ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਉਤੇ ਲੋਕਾਂ ਨੂੰ ਦਿਲੀ ਮੁਬਾਰਕਬਾਦ ਦਿੱਤੀ ਹੈ।

ਗੁਰਪੁਰਬ ਦੀ ਪੂਰਬਲੀ ਸ਼ਾਮ ਮੌਕੇ ਆਪਣੇ ਸੰਦੇਸ਼ ਵਿਚ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਇਕ ਮਹਾਨ ਅਧਿਆਤਮਕ ਦੂਤ ਸਨ ਜਿਨ੍ਹਾਂ ਨੇ ਪ੍ਰਮਾਤਮਾ ਪ੍ਰਤੀ ਸ਼ਰਧਾ ਤੇ ਸਮਰਪਣ ਦੇ ਫਲਸਫੇ ਅਤੇ ਪਾਸਾਰ ਰਾਹੀਂ ਮਨੁੱਖਤਾ ਨੂੰ ਮੁਕਤੀ ਦਾ ਮਾਰਗ ਦਿਖਾਇਆ।

ਗੁਰੂ ਸਾਹਿਬ ਜੀ ਦੀਆਂ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦੀਆਂ ਸਦੀਵੀ ਸਿੱਖਿਆਵਾਂ ਮੌਜੂਦਾ ਪਦਾਰਥਵਾਦੀ ਸਮਾਜ ਵਿਚ ਵੀ ਉਸੇ ਤਰ੍ਹਾਂ ਸਾਰਥਿਕ ਹਨ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਹਿਮ-ਭਰਮ ਤੋਂ ਮੁਕਤ ਜਾਤ ਰਹਿਤ ਸਮਾਜ ਦੀ ਪਰਿਕਲਪਨਾ ਕੀਤੀ ਜਿਸ ਨਾਲ ਵੇਦਨਾ ਤੋਂ ਪੀੜਤ ਮਨੁੱਖਤਾ ਦਾ ਕਲਿਆਣ ਹੋਇਆ।

ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਨਵੇਂ ਵਿਚਾਰਾਂ, ਉਦੇਸ਼ਾਂ ਅਤੇ ਟੀਚਿਆਂ ਪ੍ਰਤੀ ਪ੍ਰੇਰਿਤ ਕੀਤਾ ਅਤੇ ਇਸ ਨੂੰ ਜਾਤੀ ਅਧਾਰਿਤ ਵੈਰ-ਵਿਰੋਧ, ਝੂਠ-ਫਰੇਬ, ਦਿਖਾਵਾ ਅਤੇ ਪਾਖੰਡਬਾਜ਼ੀ ਦੀਆਂ ਅਲਾਮਤਾ ਤੋਂ ਛੁਟਕਾਰਾ ਪਾਉਣ ਦਾ ਸੱਦਾ ਦਿੱਤਾ।

ਮੁੱਖ ਮੰਤਰੀ ਨੇ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸੇਵਾ ਅਤੇ ਨਿਮਰਤਾ ਦੇ ਦਿਖਾਏ ਮਾਰਗ ਉਤੇ ਚੱਲਣ ਅਤੇ ਗੁਰੂ ਸਾਹਿਬ ਜੀ ਦੇ ਮਹਾਨ ਵਿਰਸੇ ਦੇ ਮੁਤਾਬਕ ਸ਼ਾਂਤਮਈ, ਖੁਸ਼ਹਾਲ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਉਪਰਾਲੇ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਨੇ ਗੁਰਪੁਰਬ ਦੇ ਪਵਿੱਤਰ ਮੌਕੇ ਨੂੰ ਜਾਤ, ਰੰਗ, ਨਸਲ ਅਤੇ ਧਰਮ ਦੀਆਂ ਸੌੜੀਆਂ ਵਲਗਣਾਂ ਤੋਂ ਉਪਰ ਉਠ ਕੇ ਸ਼ਰਧਾ ਤੇ ਸਮਰਪਣ ਭਾਵਨਾ ਨਾਲ ਮਨਾਉਣ ਦੀ ਅਪੀਲ ਕੀਤੀ।

ਟੀਵੀ ਪੰਜਾਬ ਬਿਊਰੋ

Exit mobile version