Site icon TV Punjab | Punjabi News Channel

ਓਨਟਾਰੀਓ ਦੇ ਹਾਊਸਿੰਗ ਮੰਤਰੀ ਦੇ ਚੀਫ਼ ਆਫ਼ ਸਟਾਫ਼ ਵਲੋਂ ਅਸਤੀਫ਼ਾ , ਗ੍ਰੀਨਬੈਲਟ ਰਿਪੋਰਟ ਦੇ ਜਨਤਕ ਹੋਣ ਮਗਰੋਂ ਲਿਆ ਫ਼ੈਸਲਾ

ਓਨਟਾਰੀਓ ਦੇ ਹਾਊਸਿੰਗ ਮੰਤਰੀ ਦੇ ਚੀਫ਼ ਆਫ਼ ਸਟਾਫ਼ ਵਲੋਂ ਅਸਤੀਫ਼ਾ , ਗ੍ਰੀਨਬੈਲਟ ਰਿਪੋਰਟ ਦੇ ਜਨਤਕ ਹੋਣ ਮਗਰੋਂ ਲਿਆ ਫ਼ੈਸਲਾ

Toronto- ਓਨਟਾਰੀਓ ਦੇ ਹਾਊਸਿੰਗ ਮੰਤਰੀ ਦੇ ਚੀਫ਼ ਆਫ਼ ਸਟਾਫ਼ ਨੇ ਗ੍ਰੀਨਬੈਲਟ ਦੀ ਇੱਕ ਰਿਪੋਰਟ ਆਉਣ ਮਗਰੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਰਿਪੋਰਟ ’ਚ ਇਹ ਦੋਸ਼ ਲਾਇਆ ਗਿਆ ਹੈ ਕਿ ਉਸ ਨੇ ਅਤੇ ਸਰਕਾਰ ਨੇ ਵਿਕਾਸ ਲਈ ਸੁਰੱਖਿਅਤ ਜ਼ਮੀਨ ਖੋਲ੍ਹਣ ਵੇਲੇ ਕੁਝ ਡਿਵੈਲਪਰਾਂ ਦਾ ਪੱਖ ਪੂਰਿਆ ਸੀ।
ਪ੍ਰੀਮੀਅਰ ਦਫ਼ਤਰ ਨੇ ਮੰਗਲਵਾਰ ਨੂੰ ਇੱਕ ਬਿਆਨ ’ਚ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਕਿ ਕਿਹਾ ਕਿ ਉਨ੍ਹਾਂ ਨੇ ਚੀਫ਼ ਆਫ਼ ਸਟਾਫ਼ ਰਿਆਨ ਅਮਾਟੋ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ।
ਗ੍ਰੀਨਬੈਲਟ ’ਤੇ ਵਿਕਾਸ ਲਈ ਖੋਲ੍ਹੀਆਂ ਜਾਣ ਵਾਲੀਆਂ ਸਾਟੀਆਂ ਦੀ ਚੋਣ ਕਰਨ ਲਈ ਅਮਾਟੋ ਮੁੱਖ ਤੌਰ ’ਤੇ ਜ਼ਿੰਮੇਵਾਰ ਕਰਮਚਾਰੀ ਸੀ। ਬੀਤੀ 10 ਅਗਸਤ ਨੂੰ ਓਨਟਾਰੀਓ ਦੇ ਇੰਟੈਗਿ੍ਰਟੀ ਕਮਿਸ਼ਨਰ ਨੇ ਪੁਸ਼ਟੀ ਕੀਤੀ ਕਿ ਪ੍ਰੀਮੀਅਰ ਦਫ਼ਤਰ ਨੇ ਉਸ ਨੂੰ ਅਮਾਟੋ ਵਲੋਂ ਫਾਇਲ ਪ੍ਰਬੰਧਨ ਦੀ ਜਾਂਚ ਦੀ ਬੇਨਤੀ ਕੀਤੀ ਸੀ। ਇੰਟੀਗਿ੍ਰਟੀ ਕਮਿਸ਼ਨਰ ਨੇ ਅਜੇ ਤੱਕ ਜਾਂਚ ਸ਼ੁਰੂ ਕਰਨ ਦਾ ਫ਼ੈਸਲਾ ਨਹੀਂ ਲਿਆ ਹੈ।
ਪ੍ਰੀਮੀਅਰ ਦਫ਼ਤਰ ਵਲੋਂ ਕੀਤੀ ਗਈ ਅਪੀਲ ਇਸ ਮਹੀਨੇ ਦੀ ਸ਼ੁਰੂਆਤ ’ਚ ਜਾਰੀ ਇੱਕ ਧਮਾਕੇਦਾਰ ਆਡੀਟਰ ਜਨਰਲ ਰਿਪੋਰਟ ’ਚ ਕੀਤੀਆਂ ਗਈਆਂ 15 ਸਿਫ਼ਾਰਿਸ਼ਾਂ ’ਚੋਂ ਇੱਕ ਸੀ। ਰਿਪੋਰਟ ’ਚ ਹੋਰ ਗੱਲਾਂ ਤੋੇਂ ਇਲਾਵਾ ਉਸ ਪ੍ਰੀਕਿਰਿਆ ਦੀ ਸਖ਼ਤ ਆਲੋਚਨਾ ਕੀਤੀ ਗਈ, ਜਿਸ ’ਚ ਗ੍ਰੀਨਬੈਲਟ ਦੇ ਵਿਕਾਸ ਦੇ ਸੰਬੰਧ ’ਚ ਫ਼ੈਸਲੇ ਲਏ ਗਏ, ਜੋ ਕਿ ਉਹ ਦਰਸਾਉਂਦਾ ਹੈ ਕਿ ਇਸ ’ਚ ਕੁਝ ਡਿਪੈਲਵਰਾਂ ਦਾ ਪੱਖ ਪੂਰਿਆ ਗਿਆ ਸੀ, ਇਸ ’ਚ ਪਾਰਦਰਸ਼ਤਾ ਦੀ ਘਾਟ ਸੀ ਅਤੇ ਇਹ ਵਾਤਾਵਰਣ, ਖੇਤੀਬਾੜੀ ਅਤੇ ਵਿੱਤੀ ਪ੍ਰਭਾਵਾਂ ਵਰਗੇ ਕਾਰਕਾਂ ਨੂੰ ਧਿਆਨ ’ਚ ਰੱਖਣ ’ਚ ਅਸਫ਼ਲ ਰਹੀ।
ਗ੍ਰੀਨਬੈਲਟ ਤੋਂ ਕਿਹੜੀਆਂ ਸਾਈਟਾਂ ਨੂੰ ਕੱਟਿਆ ਜਾਵੇਗਾ, ਇਹ ਨਿਰਧਾਰਿਤ ਕਰਨ ਦੀ ਪ੍ਰਕਿਰਿਆ ਸਿਰਫ਼ ਤਿੰਨ ਹਫ਼ਤਿਆਂ ਦੀ ਸਮਾਂ-ਸੀਮਾ ਅੰਦਰ ਹੋਈ ਅਤੇ ਆਡੀਟਰ ਜਨਰਲ ਮੁਤਾਬਕ ਇਹ ਅਮਾਟੋ ਵਲੋਂ ਲਾਗੂ ਕੀਤਾ ਗਿਆ ਸੀ। ਰਿਪੋਰਟ ’ਚ ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਜਦੋਂ ਇਹ ਦੇਖਿਆ ਗਿਆ ਕਿ ਵਧੇਰੇ ਸਾਈਟਾਂ ਨਿਰਧਾਰਿਤ ਮਾਪਦੰਡਾਂ ’ਚ ਨਹੀਂ ਆਉਂਦੀਆਂ ਤਾਂ ਅਮਾਟੋ ਨੇ ਕੁਝ ਸਾਈਟਾਂ ਲਈ ਮਾਪਦੰਡ ਹੀ ਬਦਲ ਦਿੱਤੇ।
ਹਟਾਈਆਂ ਗਈਆਂ 15 ਆਖ਼ਰੀ ਗ੍ਰੀਨਬੈਲਟ ਸਾਈਟਾਂ ’ਚੋਂ 14 ਨੂੰ ਸਿੱਧੇ ਅਮਾਟੋ ਵਲੋਂ ਹੀ ਪ੍ਰਸਤਾਵਿਤ ਕੀਤਾ ਗਿਆ ਸੀ। ਆਡੀਟਰ ਜਨਰਲ ਮੁਤਾਬਕ ਹਟਾਈ ਗਈ ਜ਼ਮੀਨ ਦੇ 92 ਫ਼ੀਸਦੀ ਹਿੱਸੇ ਬਾਰੇ ਡਿਵੈਲਪਰਾਂ ਵਲੋਂ ਉਸ ਸਮੇਂ ਬੇਨਤੀ ਕੀਤੀ ਗਈ ਸੀ, ਜਦੋਂ ਅਮਾਟੋ ਨੇ ਸਤੰਬਰ ਲੈਂਡ ਐਂਡ ਡਿਵੈਲਪਮੈਂਟ ਐਸੋਸੀਏਸ਼ਨ ਦੇ ਚੇਅਰ ’ਤੇ ਡਿਨਰ ਕੀਤਾ ਸੀ।
ਰਿਪੋਰਟ ਮੁਤਾਬਕ ਇਸ ਸਮਾਗਮ ’ਚ ਹਾਊਸਿੰਗ ਮੰਤਰੀ ਦੇ ਚੀਫ਼ ਆਫ਼ ਸਟਾਫ਼ ਅਤੇ ਡਿਪਟੀ ਚੀਫ਼ ਆਫ਼ ਸਟਾਫ਼ ਮੁਖੀ ਹਾਊਸਿੰਗ ਡਿਵੈਲਪਰਾਂ ਅਤੇ ਇੱਕ ਰਜਿਸਟਰਡ ਲਾਬੀਸੀਟ ਦੇ ਰੂਪ ’ਚ ਇੱਕੋ ਮੇਜ਼ ’ਤੇ ਬੈਠੇ ਸਨ। ਇਸ ਦੌਰਾਨ ਅਮਾਟੋ ਨੂੰ ਦੋ ਡਿਵੈਲਪਰਾਂ ਵਲੋਂ ਗ੍ਰੀਨਬੈਲਟ ਦੀਆਂ ਦੋ ਸਾਈਟਾਂ ਬਾਰੇ ਜਾਣਕਾਰੀ ਦੇਣ ਵਾਲੇ ਪੈਕੇਜ ਪ੍ਰਦਾਨ ਕੀਤੇ ਸਨ। ਅਮਾਟੋ ਨੇ ਆਡੀਟਰ ਜਨਰਲ ਨੂੰ ਦੱਸਿਆ ਕਿ ਉਸ ਨੇ ਇਸ ਡਿਨਰ ਦੌਰਾਨ ਪੈਕੇਜ ਨਹੀਂ ਖੋਲ੍ਹੇ ਅਤੇ ਬਾਅਦ ’ਚ ਖੋਲ੍ਹਣ ਲਈ ਆਪਣੇ ਡੈਸਕ ’ਤੇ ਰੱਖ ਦਿੱਤਾ।
ਰਿਪੋਰਟ ਦੇ ਜਨਤਕ ਹੋਣ ਦੇ ਕਈ ਹਫ਼ਤਿਆਂ ਤੱਕ ਹਾਊਸਿੰਗ ਮੰਤਰੀ ਸਟੀਵ ਕਲਾਰਕ ਨੇ ਵਾਰ-ਵਾਰ ਕਿਹਾ ਕਿ ਪ੍ਰੀਮੀਅਰ ਨੂੰ ਉਸ ਦੇ ਅਤੇ ਉਸ ਦੇ ਸਟਾਫ਼ ’ਚ ਭਰੋਸਾ ਹੈ। ਹੁਣ ਮੰਗਲਵਾਰ ਨੂੰ ਅਮਾਟੋ ਵਲੋਂ ਦਿੱਤੇ ਗਏ ਅਸਤੀਫ਼ੇ ਮਗਰੋਂ ਵਿਰੋਧੀ ਪਾਰਟੀਆਂ ਨੇ ਕਲਾਰਕ ਨੂੰ ਹਾਊਸਿੰਗ ਮੰਤਰੀ ਵਜੋਂ ਆਪਣਾ ਅਹੁਦਾ ਛੱਡਣ ਲਈ ਕਿਹਾ ਹੈ।

Exit mobile version