Site icon TV Punjab | Punjabi News Channel

ਮੁੱਖ ਮੰਤਰੀ ਨੇ ਸਤਲੁਜ ਦਰਿਆ ‘ਤੇ ਬਨਣ ਵਾਲੇ ਬੇਲਾ-ਪਨਿਆਲੀ ਪੁਲ ਤੇ ਸੜਕ ਦਾ ਨੀਂਹ ਪੱਥਰ ਰੱਖਿਆ

ਸ੍ਰੀ ਚਮਕੌਰ ਸਾਹਿਬ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਵਿਖੇ ਸਤਲਜੁ ਦਰਿਆ ‘ਤੇ 114 ਕਰੋੜ ਰੁਪਏ ਦੀ ਲਾਗਤ ਵਾਲੇ ਬੇਲਾ-ਪਨਿਆਲੀ ਪੁਲ ‘ਤੇ ਸੜਕ ਦਾ ਨੀਂਹ ਪੱਥਰ ਰੱਖਿਆ।

ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਲਈ ਨਿੱਜੀ ਤੌਰ ‘ਤੇ ਮੁੱਖ ਮੰਤਰੀ ਬਨਣ ਨਾਲੋ ਵੀ ਵੱਡਾ ਦਿਨ ਹੈ ਕਿਉਂਕਿ ਇਹ ਪੁਲ ਬਨਣ ਨਾਲ ਇਸ ਇਲਾਕੇ ਦੇ ਲੋਕਾਂ ਲਈ ਤਰੱਕੀ ਦੇ ਰਾਹ ਖੁਲੱਣਗੇ।

ਇਸ ਇਲਾਕੇ ਵਿਚ ਉਦਯੋਗ ਲੱਗਣਗੇ ਅਤੇ ਲੋਕਾਂ ਲਈ ਵਪਾਰ ਦੇ ਦਰਵਾਜੇ ਖੁੱਲਣ ਨਾਲ ਆਰਥਿਕ ਖੁਸ਼ਹਾਲੀ ਆਵੇਗੀ। ਇਸ ਪੁਲ ਦੇ ਨਿਰਮਾਣ ਅਤੇ ਬੇਲਾ ਤੋਂ ਪਨਿਆਲੀ ਤੱਕ ਨਵੀਂ ਲਿੰਕ ਸੜਕ ਦੀ ਉਸਾਰੀ ਨਾਲ ਦੁਆਬੇ ਤੋਂ ਚੰਡੀਗੜ੍ਹ ਦੀ ਦੂਰੀ 20-25 ਕਿਲੋਮੀਟਰ ਘੱਟ ਜਾਵੇਗੀ।

ਮੁੱਖ ਮੰਤਰੀ ਨੇ ਦੱਸਿਆ ਕਿ ਸੱਤਲੁਜ ਦਰਿਆ ਉੱਤੇ ਬਨਣ ਵਾਲਾ ਇਹ ਪੁਲ 12 ਮੀਟਰ ਚੌੜਾ ਅਤੇ 1188 ਮੀਟਰ ਲੰਬਾ ਅਤੇ ਇਸ ਦੇ ਨਾਲ ਹੀ ਬਿਸਤ-ਦੁਆਬ ਨਹਿਰ ਉੱਤੇ 42 ਮੀਟਰ ਲੰਬਾ ਇਕ ਹੋਰ ਪੁਲ ਬਣੇਗਾ, ਜਿਸ ‘ਤੇ 10 ਕਰੋੜ ਰੁਪਏ ਖਰਚ ਆਵੇਗਾ।

ਮੁੱਖ ਮੰਤਰੀ ਨੇ ਅੱਗੇ ਇਕ ਅਹਿਮ ਐਲਾਨ ਕਰਦਿਆਂ ਕਿਹਾ ਕਿ ਸਿੱਖ ਇਤਿਹਾਸ ਨਾਲ ਜੁੜੇ ਤਿੰਨ ਸ਼ਹਿਰਾਂ ਸ੍ਰੀ ਫਤਿਹਗੜ੍ਹ ਸਾਹਿਬ, ਸ੍ਰੀ ਚਮਕੌਰ ਸਾਹਿਬ ਅਤੇ ਸ੍ਰੀ ਅਨੰਦਪੁਰ ਨਾਲ ਜੋੜਨ ਵਾਲੀ ਇਸ ਸੜਕ ਦਾ ਨਾਮ ਮਾਤਾ ਗੁਜਰ ਕੌਰ ਮਾਰਗ ਹੋਵੇਗਾ।

ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਮੀਨ ਪ੍ਰਾਪਤ ਕੀਤੀ ਜਾ ਰਹੀ ਹੈ ਅਤੇ ਅਗਲੇ 6 ਮਹੀਨੇ ਦੇ ਅੰਦਰ ਅੰਦਰ ਪੁੱਲ ਦਾ ਢਾਂਚਾ ਖੜਾ ਕਰ ਲਿਆ ਜਾਵੇਗਾ ਅਤੇ ਡੇਢ ਸਾਲ ਦੇ ਅੰਦਰ ਅੰਦਰ ਇਸ ਪ੍ਰੋਜੈਕਟ ਨੂੰ ਪੂਰਾ ਕਰ ਲਿਆ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁੱਖੀ ਸਿੱਖਿਆ ਪ੍ਰਦਾਨ ਕਰਨ ਲਈ ਸ੍ਰੀ ਚਮਕੌਰ ਸਾਹਿਬ ਵਿਖੇ ਇਸ ਮਾਰਗ ਉਪਰ 500 ਕਰੋੜ ਰੁਪਏ ਦੀ ਲਾਗਤ ਨਾਲ ਗੁਰੂ ਗੋਬਿੰਦ ਸਿੰਘ ਸਕਿੱਲ ਯੂਨੀਵਰਸਿਟੀ ਵੀ ਉਸਾਰੀ ਅਧੀਨ ਹੈ, ਜਿਸ ਦੀ ਪਹਿਲੀ ਬਿਲਡਿੰਗ ਦਾ ਕੰਮ 31 ਮਾਰਚ ਤੱਕ ਮੁਕੰਮਲ ਕਰ ਲਿਆ ਜਾਵੇਗਾ।

ਇਸ ਪ੍ਰੋਜੈਕਟ ਦੇ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਸਿਹਰਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਹ ਕੈਬਨਿਟ ਮੰਤਰੀ ਸਨ ਉਦੋਂ ਤੋਂ ਹੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਇਸ ਪੁਲ ਅਤੇ ਸੜਕ ਦੇ ਪ੍ਰੋਜੈਕਟ ਨੂੰ ਪਾਸ ਕਰਵਾਉਣ ਲਈ ਬਹੁਤ ਮੱਦਦ ਕੀਤੀ ਹੈ।

ਇਸ ਮੌਕੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਸ੍ਰੀ ਚਮਕੌਰ ਸਾਹਿਬ ਅਤੇ ਖਰੜ ਵਿਖੇ ਹਾਕੀ ਦੇ ਐਸਟਰੋਟਰਫ ਮੈਦਾਨ ਤਿਆਰ ਕਰਨ ਲਈ 10-10 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ।

ਇਸ ਮੌਕੇ ਵਿੱਤ ਮੰਤਰੀ ਨੇ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਵਿਚ 82 ਅਸਥਾਈ ਲਿੰਕ ਰਸਤਿਆਂ ਨੂੰ 90 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਮਹੀਨਿਆਂ ਵਿਚ ਪੱਕਾ ਕੀਤਾ ਜਾਵੇਗਾ।

ਇਸ ਮੌਕੇ ਪ੍ਰੋਜੈਕਟ ਦੀਆਂ ਤਕਨੀਕੀ ਬਾਰੀਕੀਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ 114.81 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲਾ ਇਹ ਗ੍ਰੀਨ ਫੀਲਡ ਪ੍ਰੋਜੈਕਟ ਹੈ।

ਇਹ ਪ੍ਰੋਜੈਕਟ ਨਵਾਂ ਲਿੰਕ ਰੂਟ 8.1 ਕਿਲੋਮੀਟਰ ਲੰਬਾ ਅਤੇ 7 ਮੀਟਰ ਚੌੜਾ ਮੈਟਲ ਰੋਡ ਹੋਵੇਗਾ। ਇਸ ਤੋਂ ਇਲਾਵਾ 23 ਕਲਵਰਟ, ਬੇਲਾ ਚੌਕ ਵਿਖੇ ਰੋਟਰੀ ਜੰਕਸ਼ਨ ਅਤੇ 2 ਬੱਸ ਸ਼ੈਲਟਰ ਹੋਣਗੇ। ਪੁਲਾਂ ਦੀ ਲਾਗਤ 71 ਕਰੋੜ ਰੁਪਏ ਅਤੇ ਸੜਕ ਦੇ ਹਿੱਸੇ ਦੀ ਲਾਗਤ 25 ਕਰੋੜ ਰੁਪਏ ਹੈ।

ਟੀਵੀ ਪੰਜਾਬ ਬਿਊਰੋ

Exit mobile version