Site icon TV Punjab | Punjabi News Channel

CM ਮਾਨ ਨੇ 76 ਆਮ ਆਦਮੀ ਕਲੀਨਿਕਾਂ ਦਾ ਕੀਤਾ ਉਦਘਾਟਨ

ਡੈਸਕ- ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸੋਮਵਾਰ ਨੂੰ ਨਵੇਂ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ। ਮੁੱਖ ਮੰਤਰੀ ਭਗਵੰਤ ਮਾਨ ਨੇ ਆਜ਼ਾਦੀ ਦੇ 76 ਸਾਲ ਪੂਰੇ ਹੋਣ ਮੌਕੇ ਅੱਜ 76 ਹੋਰ ਨਵੇਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤਾ। ਇਨ੍ਹਾਂ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਨੇ ਧੂਰੀ ਤੋਂ ਕੀਤਾ। ਜਿਸ ਨਾਲ ਹੁਣ ਆਮ ਆਦਮੀ ਕਲੀਨਿਕ ਦੀ ਗਿਣਤੀ 659 ਹੋ ਗਈ ਹੈ।

CM ਮਾਨ ਨੇ ‘ਆਮ ਆਦਮੀ ਕਲੀਨਿਕ’ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹੈ। ਉਨ੍ਹਾਂ ਟਵੀਟ ‘ਤੇ ਲਿਖਿਆ ਹੈ, “ਸਿਹਤ ਕ੍ਰਾਂਤੀ ਵੱਲ ਵਧਦਾ ਪੰਜਾਬ…ਪਿਛਲੇ ਸਾਲ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਅਸੀਂ ਪੰਜਾਬ ‘ਚ 75 ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਸੀ ਜਿਸਦਾ ਅੰਕੜਾ ਸਾਲ ‘ਚ ਹੀ 583 ‘ਤੇ ਪਹੁੰਚ ਗਿਆ ਜਿਸਦਾ ਫਾਇਦਾ ਹੁਣ ਤੱਕ ਲਗਭਗ 45 ਲੱਖ ਲੋਕ ਲੈ ਚੁੱਕੇ ਹਨ।” ਉਹਨਾਂ ਕਿਹਾ ਕਿ ਇਹ ਕਲੀਨਿਕ ਉਨ੍ਹਾਂ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ ਜੋ ਇਲਾਜ ਦੇ ਖਰਚੇ ਕਾਰਨ ਸਿਹਤ ਸਹੂਲਤਾਂ ਤੋਂ ਵਾਂਝੇ ਸਨ। ਉਨ੍ਹਾਂ ਅੱਗੇ ਲਿਖਿਆ- ਸਾਡਾ ਖੁਆਬ, ਸਿਹਤਮੰਦ ਪੰਜਾਬ।

ਸਿਹਤ ਮੰਤਰੀ ਬਲਬੀਰ ਸਿੰਘ ਨੇ ਦੱਸਿਆ ਕਿ ਇਸ ਸਮੇਂ 403 ਪਿੰਡਾਂ ਅਤੇ 180 ਸ਼ਹਿਰਾਂ ਵਿੱਚ 583 ਆਮ ਆਦਮੀ ਕਲੀਨਿਕ ਚੱਲ ਰਹੇ ਹਨ। ਹੁਣ ਤੱਕ 44 ਲੱਖ ਤੋਂ ਵੱਧ ਲੋਕ ਇਨ੍ਹਾਂ ਦਾ ਲਾਭ ਲੈ ਚੁੱਕੇ ਹਨ, ਜਦਕਿ 20 ਲੱਖ ਤੋਂ ਵੱਧ ਲੋਕ ਮੁਫਤ ਮੈਡੀਕਲ ਟੈਸਟ ਕਰਵਾ ਚੁੱਕੇ ਹਨ। ਇਨ੍ਹਾਂ ਕਲੀਨਿਕਾਂ ‘ਤੇ 38 ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਹਨ ਅਤੇ 80 ਤਰ੍ਹਾਂ ਦੀਆਂ ਦਵਾਈਆਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਕਲੀਨਿਕਾਂ ਤੋਂ 30 ਕਰੋੜ ਰੁਪਏ ਤੋਂ ਵੱਧ ਦੀਆਂ ਦਵਾਈਆਂ ਦਿੱਤੀਆਂ ਗਈਆਂ ਹਨ।

ਇਸ ਦੇ ਨਾਲ ਹੀ ਐਮਰਜੈਂਸੀ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਨਵੀਂ ਯੋਜਨਾ ਤਹਿਤ 550 ਹਾਊਸ ਸਰਜਨ 24 ਘੰਟੇ ਡਿਊਟੀ ‘ਤੇ ਰਹਿਣਗੇ। ਸਰਕਾਰ ਨੇ ਇਨ੍ਹਾਂ ਸਾਰਿਆਂ ਦੀ ਤਨਖਾਹ 30 ਤੋਂ ਵਧਾ ਕੇ 70 ਹਜ਼ਾਰ ਰੁਪਏ ਕਰ ਦਿੱਤੀ ਹੈ। ਇਸ ਦਾ ਅਸਰ ਇਹ ਹੋਇਆ ਕਿ ਹੜ੍ਹ ਦੌਰਾਨ 300 ਡਾਕਟਰਾਂ ਨੇ ਬਿਹਤਰ ਸੇਵਾਵਾਂ ਦਿੱਤੀਆਂ ਹਨ। ਰਾਜ ਵਿੱਚ 40 ਜ਼ਿਲ੍ਹਾ ਪੱਧਰੀ ਹਸਪਤਾਲਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚ 19 ਜ਼ਿਲ੍ਹਾ ਪੱਧਰੀ, ਛੇ ਸਬ-ਡਵੀਜ਼ਨ ਅਤੇ 15 ਕਮਿਊਨਿਟੀ ਹਸਪਤਾਲ ਸ਼ਾਮਲ ਹਨ।

Exit mobile version