Site icon TV Punjab | Punjabi News Channel

ਜਲੰਧਰ ‘ਚ ਅੱਜ ਮੁੜ CM ਮਾਨ ਦਾ ਜਨਤਾ ਦਰਬਾਰ, ਮਾਝੇ ਤੇ ਦੁਆਬੇ ਦੇ ਵਿਧਾਇਕਾਂ ਤੇ ਅਫਸਰਾਂ ਨਾਲ ਕਰਨਗੇ ਮੀਟਿੰਗ

ਡੈਸਕ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 25 ਜੁਲਾਈ ਨੂੰ ਮਾਝੇ ਅਤੇ ਦੁਆਬੇ ਦੇ ਵਿਧਾਇਕਾਂ ਅਤੇ ਅਫਸਰਾਂ ਨਾਲ ਮੀਟਿੰਗ ਕਰਨਗੇ। ਇਹ ਮੀਟਿੰਗ PAP ਜਲੰਧਰ ਵਿਚ ਸਵੇਰੇ 11 ਵਜੇ ਹੋਵੇਗੀ। ਇਸ ਮੀਟਿੰਗ ਵਿਚ ਮਾਝੇ ਤੇ ਦੁਆਬੇ ਦੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਤੇ ਹੋਰ ਅਫਸਰ ਵੀ ਮੌਜੂਦ ਰਹਿਣਗੇ। ਇਸ ਦੇ ਨਾਲ ਹੀ ਉਹ ਜਲੰਧਰ ‘ਚ ਅੱਜ ਫਿਰ ਜਨਤਾ ਦਰਬਾਰ ਲਗਾਉਣਗੇ। ਇੱਥੇ ‘ਮਾਨ ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਦਾ ਆਯੋਜਨ ਹੋਵੇਗਾ ਤੇ CM ਮਾਨ ਲੋਕਾਂ ਦੀਆਂ ਮੁਸ਼ਕਿਲਾਂ ਸੁਣਨਗੇ। ਇਹ ਪ੍ਰੋਗਰਾਮ ਦੁਪਹਿਰ 2 ਵਜੇ CM ਦੀ ਰਿਹਾਇਸ਼ ‘ਤੇ ਹੋਵੇਗਾ।

ਮੁੱਖ ਮੰਤਰੀ ਭਗਵੰਤ ਮਾਨ ਬੁੱਧਵਾਰ ਨੂੰ ਜਲੰਧਰ ਪਹੁੰਚੇ ਸਨ। ਮਾਨ ਨੇ ਜ਼ਿਮਨੀ ਚੋਣ ਤੋਂ ਪਹਿਲਾਂ ਦੋਆਬਾ ਅਤੇ ਮਾਝਾ ਖੇਤਰ ਦੇ ਲੋਕਾਂ ਦੀ ਸਹੂਲਤ ਲਈ ਜਲੰਧਰ ਵਿੱਚ ਦਫ਼ਤਰ ਖੋਲ੍ਹਿਆ ਅਤੇ ਚੋਣਾਂ ਤੋਂ ਬਾਅਦ ਵੀ ਦਫ਼ਤਰ ਰੱਖਣ ਦਾ ਵਾਅਦਾ ਕੀਤਾ। ਇਸ ਲਈ ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋਏ ਮਾਨ ਹਫ਼ਤੇ ਵਿੱਚ ਦੋ ਦਿਨ ਜਲੰਧਰ ਵਿੱਚ ਰਹਿਣਗੇ, ਜਿੱਥੇ ਉਹ ਦੋਆਬਾ ਅਤੇ ਮਾਝਾ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਗੇ।

ਪਹਿਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ‘ਚ ‘ਆਪ’ ਵਲੰਟੀਅਰਾਂ ਅਤੇ ਵਰਕਰਾਂ ਨਾਲ ਲੰਚ ਕੀਤਾ ਅਤੇ ਉਨ੍ਹਾਂ ਨੂੰ ਜਲੰਧਰ ਪੱਛਮੀ ਜ਼ਿਮਨੀ ਚੋਣ ‘ਚ ਇਤਿਹਾਸਕ ਜਿੱਤ ਲਈ ਵਧਾਈ ਦਿੱਤੀ। ਮਾਨ ਨੇ ਕਿਹਾ ਕਿ ਇਹ ਜਿੱਤ ‘ਆਪ’ ਦੇ ਮਿਹਨਤੀ ਵਲੰਟੀਅਰਾਂ ਦੀ ਹੈ, ਜਿਨ੍ਹਾਂ ਨੇ ਜਲੰਧਰ ਪੱਛਮੀ ਦੇ ਘਰ-ਘਰ ਜਾ ਕੇ ਲੋਕਾਂ ਨੂੰ ‘ਆਪ’ ਸਰਕਾਰ ਦੇ ਲੋਕ ਭਲਾਈ ਕੰਮਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਤਰਫ਼ੋਂ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜੇਲ੍ਹ ਵਿੱਚ ਆਪਣੇ ਵਲੰਟੀਅਰਾਂ ਦੀ ਇਸ ਕਾਮਯਾਬੀ ਦਾ ਜਸ਼ਨ ਮਨਾਇਆ।

ਮਾਨ ਨੇ ਅੱਗੇ ਕਿਹਾ ਕਿ ‘ਆਪ’ ਸਰਵੇਖਣਾਂ ‘ਚ ਨਹੀਂ ਆਉਂਦੀ, ਕਿਸੇ ਨੇ ਭਵਿੱਖਬਾਣੀ ਨਹੀਂ ਕੀਤੀ ਕਿ ਮੋਹਿੰਦਰ ਭਗਤ ਨੂੰ 60 ਹਜ਼ਾਰ ਦੇ ਕਰੀਬ ਵੋਟਾਂ ਮਿਲਣਗੀਆਂ ਅਤੇ ਅਸੀਂ ਇਹ ਸੀਟ 37 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤਾਂਗੇ, ਪਰ ਲੋਕ ਮਿਹਨਤ ਦੀ ਕਦਰ ਕਰਦੇ ਹਨ ਅਤੇ ਲੋਕ ਪੱਖੀ ਨੀਤੀਆਂ ਦੀ ਕਦਰ ਕਰਦੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਵਲੰਟੀਅਰਾਂ ਨੂੰ ਇੱਕਜੁੱਟ ਰਹਿਣ ਅਤੇ ‘ਰੰਗਲਾ ਪੰਜਾਬ’ ਲਈ ਕੰਮ ਕਰਦੇ ਰਹਿਣ ਦੀ ਅਪੀਲ ਕੀਤੀ। ਮਾਨ ਨੇ ਕਿਹਾ ਕਿ ‘ਆਪ’ ਭਾਰਤ ਦੀ ਸਭ ਤੋਂ ਨੌਜਵਾਨ ਪਰ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਸਿਆਸੀ ਪਾਰਟੀ ਹੈ ਅਤੇ ਸਿਰਫ਼ 10 ਸਾਲਾਂ ‘ਚ ਹੀ ਸਾਡੀ ਦੋ ਰਾਜਾਂ ‘ਚ ਸਰਕਾਰ ਹੈ, 10 ਰਾਜ ਸਭਾ ਮੈਂਬਰ, 3 ਲੋਕ ਸਭਾ ਮੈਂਬਰ, ਚੰਡੀਗੜ੍ਹ ‘ਚ ਮੇਅਰ, ਐਮਪੀ ‘ਚ ਮੇਅਰ ,ਗੁਜਰਾਤ ‘ਚ 5 ਵਿਧਾਇਕ ਅਤੇ ਗੋਆ ਵਿੱਚ ਦੋ ਵਿਧਾਇਕ ਹਨ। ਮਾਨ ਨੇ ਕਿਹਾ ਕਿ ਸਾਡੇ ਮੁਕਾਬਲੇ ਸੌ ਸਾਲ ਪੁਰਾਣੀਆਂ ਪਾਰਟੀਆਂ ਨਾਲ ਹਨ ਪਰ ਸਾਡੇ ਕੋਲ ਸਭ ਤੋਂ ਉੱਨਤ ਅਤੇ ਸਿਖਲਾਈ ਪ੍ਰਾਪਤ ਵਲੰਟੀਅਰ ਹਨ ਜੋ ਆਮ ਲੋਕਾਂ ਲਈ ਕੰਮ ਕਰਨਾ ਜਾਣਦੇ ਹਨ।

ਮਾਨ ਨੇ ਕਿਹਾ ਕਿ ਉਹ ਹਫ਼ਤੇ ਵਿੱਚ ਦੋ ਦਿਨ ਜਲੰਧਰ ਵਿੱਚ ਰਹਿਣਗੇ ਤਾਂ ਜੋ ਦੁਆਬੇ ਅਤੇ ਮਾਝੇ ਦੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਚੰਡੀਗੜ੍ਹ ਨਾ ਜਾਣਾ ਪਵੇ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਉਨ੍ਹਾਂ ਸਾਰੇ ਵਰਕਰਾਂ ਨੂੰ ਜਾਣਦੇ ਹਨ ਜਿਨ੍ਹਾਂ ਨੇ ਇਸ ਜ਼ਿਮਨੀ ਚੋਣ ‘ਚ ‘ਆਪ’ ਦੀ ਜਿੱਤ ਲਈ ਸਖਤ ਮਿਹਨਤ ਕੀਤੀ ਹੈ। ਇਨ੍ਹਾਂ ਸਾਰਿਆਂ ਨੂੰ ਜਲਦੀ ਹੀ ਲੋਕਾਂ ਦੀ ਸੇਵਾ ਕਰਨ ਲਈ ਸੰਗਠਨ ਅਤੇ ਸਰਕਾਰ ਵਿਚ ਜ਼ਿੰਮੇਵਾਰੀਆਂ ਮਿਲਣਗੀਆਂ।

ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀਆਂ ਸਕੀਮਾਂ ਜਿਵੇਂ ਕਿ ਐੱਸ.ਐੱਸ.ਐੱਫ., ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ ਆਦਿ ਵੀ ਸਫਲ ਸਾਬਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਹਰ ਚੰਗੇ ਕੰਮ ‘ਚ ਅੱਗੇ ਰਹਿੰਦਾ ਹੈ, ਇਸ ਨੂੰ ਸਿੱਖਿਆ, ਸਿਹਤ, ਵਿਕਾਸ ਅਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ ਅੱਗੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਨੂੰ ਮੁੜ ਤੋਂ ਲੀਡਰ ਬਣਾਉਣ ਲਈ ਇਸੇ ਰਾਹ ‘ਤੇ ਚੱਲ ਰਹੇ ਹਨ। ਮਾਨ ਨੇ ਇੱਕ ਵਾਰ ਫਿਰ ਸਾਰੇ ਵਲੰਟੀਅਰਾਂ, ਪਾਰਟੀ ਅਹੁਦੇਦਾਰਾਂ, ਚੇਅਰਮੈਨਾਂ, ਵਿਧਾਇਕਾਂ ਅਤੇ ਹੋਰ ਆਗੂਆਂ ਦਾ ਸਖ਼ਤ ਮਿਹਨਤ ਕਰਨ ਲਈ ਧੰਨਵਾਦ ਕੀਤਾ ਅਤੇ ਵਿਧਾਇਕ ਮੋਹਿੰਦਰ ਭਗਤ ਨੂੰ ਜਿੱਤ ਦੀ ਵਧਾਈ ਦਿੱਤੀ।

Exit mobile version