ਡੈਸਕ- ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਤਿਹਾੜ ਜੇਲ੍ਹ ਵਿੱਚ ਮੁਲਾਕਾਤ ਕਰਨਗੇ। ਅਰਵਿੰਦ ਕੇਜਰੀਵਾਲ ਨੂੰ ਦਿੱਲੀ ਸ਼ਰਾਬ ਨੀਤੀ ਨਾਲ ਸਬੰਧਤ ਇੱਕ ਮਾਮਲੇ ਵਿੱਚ ਈਡੀ ਨੇ ਗ੍ਰਿਫ਼ਤਾਰ ਕਰ ਲਿਆ ਸੀ। ਭਵਿੱਖ ਦੀ ਰਣਨੀਤੀ ਨੂੰ ਵੇਖਦੇ ਹੋਏ ਦੁਪਹਿਰ ਬਾਅਦ ਹੋਣ ਵਾਲੀ ਇਸ ਮੀਟਿੰਗ ਨੂੰ ਕਾਫੀ ਅਹਿਮ ਦੱਸਿਆ ਜਾ ਰਿਹਾ ਹੈ। ਮੀਟਿੰਗ ਵਿੱਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਮਿਲ ਕੇ ਲੋਕ ਸਭਾ ਚੋਣਾਂ ਦੀ ਰਣਨੀਤੀ ਬਣਾਉਣਗੇ।
‘ਆਪ’ 2012 ‘ਚ ਹੋਂਦ ‘ਚ ਆਈ ਸੀ। ਇਸ ਤੋਂ ਬਾਅਦ ਹੁਣ ਪਾਰਟੀ ਤੀਜੀ ਵਾਰ ਲੋਕ ਸਭਾ ਚੋਣ ਲੜਨ ਜਾ ਰਹੀ ਹੈ। ਪਰ, ਇਹ ਪਹਿਲੀ ਵਾਰ ਹੈ ਜਦੋਂ ਆਪ ਕਨਵੀਨਰ ਕੇਜਰੀਵਾਲ ਜੇਲ੍ਹ ਵਿੱਚ ਹਨ। ਇਸ ਵਾਰ ਵਿਰੋਧੀ ਪਾਰਟੀਆਂ ਵੱਲੋਂ ਬਣਾਏ ਗਏ INDIA ਗਠਜੋੜ ਦਾ ਹਿੱਸਾ ਹੈ। ਇਸ ਦੇ ਨਾਲ ਹੀ ਪਾਰਟੀ ਕੁੱਲ 23 ਲੋਕ ਸਭਾ ਸੀਟਾਂ ‘ਤੇ ਚੋਣ ਲੜਨ ਜਾ ਰਹੀ ਹੈ।
ਭਾਵੇਂ ਇਹ ਪਾਰਟੀ ਹੋਰ ਸੀਟਾਂ ‘ਤੇ ਕਾਂਗਰਸ ਨਾਲ ਮਿਲ ਕੇ ਚੋਣ ਲੜ ਰਹੀ ਹੈ ਪਰ ਪੰਜਾਬ ‘ਚ ‘ਆਪ’ ਅਤੇ ਕਾਂਗਰਸ ਇੱਕ ਦੂਜੇ ਨੂੰ ਚੁਣੌਤੀ ਦਿੰਦੀਆਂ ਨਜ਼ਰ ਆਉਣਗੀਆਂ। ਅਜਿਹੇ ‘ਚ ਚੋਣਾਂ ‘ਚ ਚੁੱਕੇ ਜਾਣ ਵਾਲੇ ਮੁੱਦਿਆਂ ਦੇ ਨਾਲ-ਨਾਲ ਦੂਜੀਆਂ ਪਾਰਟੀਆਂ ਨਾਲ ਪ੍ਰਚਾਰ ਕਰਨ ਦੇ ਤਰੀਕੇ ਨੂੰ ਲੈ ਕੇ ਵੀ ਮੀਟਿੰਗ ਹੋਣੀ ਹੈ। ਕਿਉਂਕਿ ਇਸ ਵੇਲੇ ਭਗਵੰਤ ਮਾਨ ਪਾਰਟੀ ਦੇ ਸਟਾਰ ਪ੍ਰਚਾਰਕ ਹਨ।
ਅਰਵਿੰਦ ਕੇਜਰੀਵਾਲ 21 ਮਾਰਚ ਤੋਂ ਜੇਲ੍ਹ ਵਿੱਚ ਹਨ। ਜੇਲ੍ਹ ਵਿੱਚ ਸਿਰਫ਼ ਉਨ੍ਹਾਂ ਦੇ ਵਕੀਲ ਅਤੇ ਪਤਨੀ ਸੁਨੀਤਾ ਕੇਜਰੀਵਾਲ ਨੂੰ ਹੀ ਮਿਲਣ ਦੀ ਇਜਾਜ਼ਤ ਹੈ। ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਭਗਵੰਤ ਮਾਨ ਪਾਰਟੀ ਦਾ ਸਭ ਤੋਂ ਵੱਡਾ ਚਿਹਰਾ ਹੈ। ਉਹ ਜਲਦੀ ਹੀ ਦਿੱਲੀ, ਗੁਜਰਾਤ ਅਤੇ ਗੋਆ ਵਿੱਚ ਚੋਣ ਪ੍ਰਚਾਰ ਕਰਦੇ ਨਜ਼ਰ ਆਉਣਗੇ। ਉਹ ਅਸਾਮ ਵਿੱਚ 2 ਦਿਨਾਂ ਲਈ ਚੋਣ ਪ੍ਰਚਾਰ ਕਰਕੇ ਵਾਪਸ ਆਏ ਹਨ।