ਚੰਡੀਗੜ੍ਹ – ਚੰਡੀਗੜ੍ਹ ਯੂਨੀਵਰਸਿਟੀ (ਸੀਯੂ) ਵਿੱਚ ਪੜ੍ਹਦੀਆਂ ਵਿਦਿਆਰਥਣਾਂ ਦੀ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਦੋ ਵਾਰਡਨ ਮੁਅੱਤਲ ਕਰ ਦਿੱਤੇ ਹਨ। ਇਸ ਮਾਮਲੇ ਨੂੰ ਲੈ ਕੇ 5 ਮੈਂਬਰੀ ਕਮੇਟੀ ਬਣਾਈ ਗਈ ਹੈ, ਜੋ ਕਿ ਪੂਰੇ ਮਾਮਲੇ ਦੀ ਜਾਂਚ ਕਰੇਗੀ।
ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਯੂਨੀਵਰਸਿਟੀ ਦੀ ਇਕ ਵਿਦਿਆਰਥਣ ਲੰਬੇ ਸਮੇਂ ਤੋਂ ਨਹਾਉਂਦੇ ਸਮੇਂ ਦੂਜੀਆਂ ਵਿਦਿਆਰਥਣਾਂ ਦੀ ਵੀਡੀਓ ਬਣਾ ਰਹੀ ਸੀ। ਵਿਦਿਆਰਥਣਾਂ ਨੂੰ ਇਸ ਬਾਰੇ ਪਹਿਲਾਂ ਹੀ ਪਤਾ ਸੀ ਪਰ ਬੀਤੀ ਦੁਪਹਿਰ ਇਕ ਵਿਦਿਆਰਥਣ ਨੇ ਦੋਸ਼ੀ ਵਿਦਿਆਰਥਣ ਨੂੰ ਆਪਣੇ ਮਰਦ ਦੋਸਤ ਨੂੰ ਵੀਡੀਓ ਭੇਜਦੇ ਦੇਖਿਆ। ਇਸ ਤੋਂ ਬਾਅਦ ਮਾਮਲਾ ਭਖ ਗਿਆ।
ਸ਼ਨੀਵਾਰ ਦੁਪਹਿਰ ਨੂੰ ਇਕ ਵਿਦਿਆਰਥਣ ਨੇ ਦੋਸ਼ੀ ਵਿਦਿਆਰਥਣ ਨੂੰ ਇਕ ਮਰਦ ਦੋਸਤ ਨੂੰ ਵੀਡੀਓ ਭੇਜਦੇ ਹੋਏ ਦੇਖਿਆ। ਵਿਦਿਆਰਥਣ ਨੇ ਇਸ ਦਾ ਵਿਰੋਧ ਕੀਤਾ ਅਤੇ ਮਾਮਲੇ ਦੀ ਜਾਣਕਾਰੀ ਹੋਰਨਾਂ ਵਿਦਿਆਰਥਣਾਂ ਨੂੰ ਦਿੱਤੀ। ਦੁਪਹਿਰ ਬਾਅਦ ਹੋਸਟਲ ਦੀਆਂ ਹੋਰ ਵਿਦਿਆਰਥਣਾਂ ਵੀ ਇਕੱਠੇ ਹੋ ਗਈਆਂ ਅਤੇ ਹੋਸਟਲ ਵਾਰਡਨ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਪਰ ਚੰਡੀਗੜ੍ਹ ਯੂਨੀਵਰਸਿਟੀ ਮੈਨੇਜਮੈਂਟ ਮਾਮਲੇ ਨੂੰ ਦਬਾਉਂਦੀ ਰਹੀ। ਦੇਰ ਸ਼ਾਮ ਤਕ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਸੀ। ਵਿਦਿਆਰਥਣਾਂ ਦੋਸ਼ੀ ਵਿਦਿਆਰਥਣ ਨੂੰ ਹੋਸਟਲ ‘ਚੋਂ ਕੱਢਣ ਦੀ ਮੰਗ ਕਰ ਰਹੀਆਂ ਸਨ।
ਦੁਪਹਿਰ 1.30 ਵਜੇ ਹੋਸਟਲ ‘ਚ ਅਚਾਨਕ ਹੰਗਾਮਾ ਸ਼ੁਰੂ ਹੋ ਗਿਆ। ਵਿਦਿਆਰਥਣਾਂ ਮੈਦਾਨ ਵਿੱਚ ਆ ਗਈਆਂ ਅਤੇ ਯੂਨੀਵਰਸਿਟੀ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਵਿਦਿਆਰਥਣਾਂ ਨੇ ਦੋਸ਼ ਲਾਇਆ ਕਿ ਮੁਲਜ਼ਮ ਵਿਦਿਆਰਥਣ ਕਾਫੀ ਸਮੇਂ ਤੋਂ ਉਨ੍ਹਾਂ ਦੀਆਂ ਵੀਡੀਓ ਬਣਾ ਕੇ ਆਪਣੇ ਮਰਦ ਦੋਸਤ ਨੂੰ ਭੇਜ ਰਹੀ ਸੀ। ਉਹ ਉਸ ਨੂੰ ਹੋਸਟਲ ਵਿੱਚੋਂ ਕੱਢਣ ਅਤੇ ਕਾਰਵਾਈ ਕਰਨ ਦੀ ਮੰਗ ਕਰ ਰਹੀ ਸੀ।
ਵਿਦਿਆਰਥਣਾਂ ਦੇ ਗੁੱਸੇ ਨੂੰ ਦੇਖਦੇ ਹੋਏ ਚੰਡੀਗੜ੍ਹ ਯੂਨੀਵਰਸਿਟੀ ਮੈਨੇਜਮੈਂਟ ਨੇ ਦੋਸ਼ੀ ਵਿਦਿਆਰਥਣ ਨੂੰ ਹੋਸਟਲ ਦੇ ਇਕ ਕਮਰੇ ‘ਚ ਬੰਦ ਕਰ ਦਿੱਤਾ ਤਾਂ ਜੋ ਉਹ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਨਾ ਬਣ ਜਾਵੇ। ਵਿਦਿਆਰਥਣਾਂ ਦੇ ਗੁੱਸੇ ਨੂੰ ਦੇਖਦੇ ਹੋਏ ਪੁਲਿਸ ਨੇ ਐਤਵਾਰ ਤੜਕੇ ਵਿਦਿਆਰਥਣ ਨੂੰ ਹਿਰਾਸਤ ‘ਚ ਲੈ ਲਿਆ। ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ, ਡੀਸੀ, ਐਸਐਸਪੀ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ। ਸਵੇਰ ਤਕ ਮਾਮਲਾ ਪੂਰੀ ਤਰ੍ਹਾਂ ਤੂਲ ਫੜ ਚੁੱਕਾ ਸੀ।
ਕੁਝ ਵਿਦਿਆਰਥਣਾਂ ਵੱਲੋਂ ਖੁਦਕੁਸ਼ੀ ਕਰਨ ਦੀ ਗੱਲ ਸਾਹਮਣੇ ਆਈ ਸੀ ਪਰ ਐੱਸਐੱਸਪੀ ਵਿਵੇਕਸ਼ੀਲ ਨੇ ਇਸ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਦਿਆਰਥਣ ਨੇ ਖੁਦਕੁਸ਼ੀ ਨਹੀਂ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਵਿਦਿਆਰਥਣ ਕੋਲੋਂ ਇੱਕ ਵੀਡੀਓ ਬਰਾਮਦ ਹੋਇਆ ਹੈ। ਉਹ ਵੀ ਉਸਦਾ ਆਪਣਾ ਹੈ। ਹਾਲਾਂਕਿ ਪੁਲਿਸ ਨੇ ਵਿਦਿਆਰਥਣ ਦਾ ਮੋਬਾਈਲ ਫ਼ੋਨ ਜ਼ਬਤ ਕਰ ਲਿਆ ਹੈ। ਫੋਨ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਜਾ ਰਿਹਾ ਹੈ।