Site icon TV Punjab | Punjabi News Channel

ਕਿਸਾਨ ਮੋਰਚੇ ਦੀ ਵਰ੍ਹੇਗੰਢ ਮੌਕੇ 26 ਨਵੰਬਰ ਨੂੰ ਟਿਕਰੀ ਬਾਰਡਰ ‘ਤੇ ਹਜ਼ਾਰਾਂ ਔਰਤਾਂ ਸਮੇਤ ਵੱਡਾ ਇਕੱਠ ਕਰਨ ਦਾ ਫੈਸਲਾ

ਮੋਗਾ : ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿੱਢੇ ਹੋਏ ਕਾਲ਼ੇ ਖੇਤੀ ਕਾਨੂੰਨ ਰੱਦ ਕਰਾਉਣ ਵਾਲੇ ਮੁਲਕ ਪੱਧਰੇ ਕਿਸਾਨ ਮੋਰਚੇ ਦੀ ਵਰ੍ਹੇਗੰਢ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਦਿੱਲੀ ਵਿਚ ਹਜ਼ਾਰਾਂ ਔਰਤਾਂ ਸਮੇਤ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਦਾ ਇਕੱਠ ਕਰਨ ਦਾ ਫੈਸਲਾ ਕੀਤਾ ਗਿਆ।

ਇਹ ਫੈਸਲਾ ਅੱਜ ਨਿਹਾਲ ਸਿੰਘ ਵਾਲਾ ਦੇ ਪਿੰਡ ਹਿੰਮਤਪੁਰਾ ਵਿਚ ਜਥੇਬੰਦੀ ਦੇ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਪੱਧਰੀ ਵਧਵੀਂ ਸਿੱਖਿਆ ਮੀਟਿੰਗ ਵੱਲੋਂ ਕੀਤਾ ਗਿਆ ਜਿਸ ਵਿਚ ਪਿੰਡ ਪੱਧਰ ਤੱਕ ਦੇ ਪ੍ਰਧਾਨਾਂ ਸਕੱਤਰਾਂ ਸਮੇਤ ਬਲਾਕ/ਜ਼ਿਲ੍ਹਾ ਪੱਧਰੇ ਆਗੂ ਸੈਂਕੜੇ ਔਰਤਾਂ ਸਮੇਤ ਦੋ ਹਜ਼ਾਰ ਤੋਂ ਵੱਧ ਗਿਣਤੀ ਵਿਚ ਹਾਜ਼ਰ ਹੋਏ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਸਪਸ਼ਟ ਕੀਤਾ ਕਿ ਕਿਸਾਨ ਮੋਰਚਿਆਂ ਬਾਰੇ ਕਾਰਪੋਰੇਟ ਪੱਖੀ ਗੋਦੀ ਮੀਡੀਆ ਦੇ ਭੁਲੇਖਾ ਪਾਊ ਪ੍ਰਚਾਰ ਅਤੇ ਭਾਜਪਾ ਮੋਦੀ ਗੱਠਜੋੜ ਦੁਆਰਾ ਮਾਰੀਆਂ ਜਾ ਰਹੀਆਂ ਫੋਕੀਆਂ ਬੜ੍ਹਕਾਂ ਦੀ ਫੂਕ ਉਸ ਦਿਨ ਦਿੱਲੀ ਬਾਰਡਰਾਂ ‘ਤੇ ਹੋਣ ਵਾਲੇ ਕਿਸਾਨਾਂ ਮਜ਼ਦੂਰਾਂ ਦੇ ਲਾਮਿਸਾਲ ਇਕੱਠ ਕੱਢ ਕੇ ਰੱਖ ਦੇਣਗੇ।

ਉਨ੍ਹਾਂ ਦੱਸਿਆ ਕਿ ਮੀਟਿੰਗ ਦੇ ਫ਼ੈਸਲੇ ਮੁਤਾਬਕ 24 ਅਤੇ 25 ਨਵੰਬਰ ਨੂੰ ਬੱਸਾਂ ਟਰੱਕਾਂ ਤੇ ਹੋਰ ਵਹੀਕਲਾਂ ਦੇ ਵੱਡੇ ਕਾਫਲੇ ਦਿੱਲੀ ਵੱਲ ਰਵਾਨਾ ਹੋਣਗੇ। ਇਹ ਵੀ ਯਤਨ ਕੀਤੇ ਜਾ ਰਹੇ ਹਨ ਕਿ ਪੰਜਾਬ ਹਰਿਆਣੇ ਦੇ ਕਾਫ਼ਲੇ ਇਕੱਠੇ ਕਰਕੇ ਤੋਰੇ ਜਾਣ।

ਔਰਤ ਆਗੂ ਹਰਿੰਦਰ ਕੌਰ ਬਿੰਦੂ ਨੇ ਔਰਤਾਂ ਨੂੰ ਚੰਡੀ ਦਾ ਰੂਪ ਧਾਰ ਕੇ ਪਿੰਡ ਪਿੰਡ ਮੀਟਿੰਗਾਂ ਰੈਲੀਆਂ ਦਾ ਤਾਂਤਾ ਬੰਨ੍ਹਣ ਅਤੇ ਕਾਫ਼ਲੇ ਬਣਾ ਕੇ ਘਰ-ਘਰ ਸੰਦੇਸ਼ ਪਹੁੰਚਾਉਣ ਦਾ ਸੱਦਾ ਦਿੱਤਾ।

ਜਨਕ ਸਿੰਘ ਭੁਟਾਲ ਨੇ ਜਾਣਕਾਰੀ ਦਿੱਤੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਦੌਰਾਨ ਨਰਮੇ ਤੇ ਹੋਰ ਫ਼ਸਲਾਂ ਦੀ ਹੋਈ ਭਾਰੀ ਤਬਾਹੀ ਦੇ ਮੁਆਵਜ਼ੇ ਦੀ ਉੱਪਰਲੀ ਹੱਦ 12000 ਤੋਂ ਵਧਾ ਕੇ 17000 ਰੁਪਏ ਪ੍ਰਤੀ ਏਕੜ ਕਰ ਦਿੱਤੀ।

ਇਸੇ ਅਨੁਪਾਤ ਵਿੱਚ ਖੇਤ ਮਜ਼ਦੂਰਾਂ ਦੀ ਮੁਆਵਜ਼ਾ ਰਾਸ਼ੀ ਵਧਾਈ ਜਾਵੇਗੀ। ਅੰਦੋਲਨਕਾਰੀ ਕਿਸਾਨਾਂ ਸਿਰ ਮੜ੍ਹੇ ਸਾਰੇ ਪੁਲਿਸ ਕੇਸ ਵਾਪਸ ਲਏ ਜਾਣਗੇ। ਸਟੇਜ ਸਕੱਤਰ ਦੀ ਭੂਮਿਕਾ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਨਿਭਾਈ ਅਤੇ ਇਸ ਮੌਕੇ ਸੂਬਾ ਸੰਗਠਨ ਸਕੱਤਰ ਹਰਦੀਪ ਸਿੰਘ ਟੱਲੇਵਾਲ ਵੀ ਹਾਜ਼ਰ ਸਨ।

ਟੀਵੀ ਪੰਜਾਬ ਬਿਊਰੋ

Exit mobile version