Site icon TV Punjab | Punjabi News Channel

ਟੀਚਿੰਗ ਅਸਾਮੀਆਂ ਵਿਚ ਰਾਖਵਾਂਕਰਨ ਦੇਣ ਦੀ ਮੰਗ

ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪਕੁਲਪਤੀ ਅਤੇ ਰਜਿਸਟਰਾਰ ਵੱਲੋਂ ਦਲਿਤ ਵਰਗ ਨੂੰ ਟੀਚਿੰਗ ਅਸਾਮੀਆਂ ਵਿਚ ਰਾਖਵਾਂਕਰਨ ਨਾ ਦੇਣ ਖ਼ਿਲਾਫ਼ ਦਲਿਤ ਜਥੇਬੰਦੀਆਂ ਇਕੱਠੀਆਂ ਹੋਣਾ ਸ਼ੁਰੂ ਹੋ ਗਈਆਂ ਹਨ। ਕੁੱਝ ਸਮਾਂ ਪਹਿਲਾਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਜਾਰੀ ਕੀਤੇ ਪੱਤਰ, ਕਿ ਜਿਨ੍ਹਾਂ ਸਮਾਂ ਵੀ ਸੀ ਲੁਧਿਆਣਾ ਯੂਨੀਵਰਸਿਟੀ ਅੰਦਰ ਐੱਸਸੀ ਬੀਸੀ ਵਰਗ ਨੂੰ ਟੀਚਿੰਗ ਅਸਾਮੀਆਂ ਵਿਚ ਰਾਖਵਾਂਕਰਨ ਨਹੀਂ ਦਿੰਦੇ ਓਨਾ ਸਮਾਂ ਯੂਨੀਵਰਸਿਟੀ ਨੂੰ ਫੰਡ ਰਿਲੀਜ ਨਾ ਕੀਤੇ ਜਾਣ, ਨੂੰ ਲਾਗੂ ਕਰਵਾਉਣ ਲਈ ਅੱਜ ਐੱਸਸੀ ਬੀਸੀ ਇੰਪਲਾਈਜ਼ ਵੈਲਫੇਅਰ ਐਸੋਸੀਏਸਨ ਦਾ ਵਫ਼ਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਨੂੰ ਮਿਲਿਆ।

ਜਥੇਬੰਦੀ ਦੇ ਪ੍ਰਧਾਨ ਸਰਬਜੀਤ ਸਿੰਘ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਨੂੰ ਅਪੀਲ ਕੀਤੀ ਕਿ ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਵੱਲੋਂ ਜਾਰੀ ਹੋਏ ਆਦੇਸ਼ਾਂ ਨੂੰ ਲਾਗੂ ਕਰਵਾਉਣ ਲਈ ਸੰਜੀਦਗੀ ਦਿਖਾਉਣ। ਇਸ ਮੌਕੇ ਸ. ਸੁਖਵਿੰਦਰ ਸਿੰਘ ਡੈਨੀ ਨੇ ਕਿਹਾ ਕਿ ਇਕ ਬੜੇ ਦੁੱਖ ਦੀ ਗੱਲ ਹੈ ਕਿ ਬੜੇ ਲੰਬੇ ਸਮੇਂ ਤੋਂ ਦਲਿਤਾਂ ਦੇ ਸੰਵਿਧਾਨਿਕ ਹੱਕਾਂ ‘ਤੇ ਡਾਕਾ ਮਾਰਿਆ ਜਾ ਰਿਹਾ ਹੈ ਅਤੇ ਓਹਨਾ ਵਫ਼ਦ ਨੂੰ ਭਰੋਸਾ ਦਵਾਇਆ ਕਿ ਉਹ ਜਲਦੀ ਹੀ ਇਸ ਮਸਲੇ ਤੇ ਮੁੱਖਮੰਤਰੀ ਪੰਜਾਬ ਨੂੰ ਮਿਲਕੇ ਸਾਰਾ ਮਾਮਲਾ ਧਿਆਨ ਵਿਚ ਲਿਆਉਣਗੇ ਅਤੇ ਇਸ ਮਾਮਲੇ ਦਾ ਸਥਾਈ ਹੱਲ ਕਰਨ ਲਈ ਯੋਗ ਅਤੇ ਠੋਸ ਕਦਮ ਚੁੱਕੇ ਜਾਣਗੇ। ਇਸ ਸਮੇਂ ਸ. ਸਵਰਨ ਸਿੰਘ, ਸ. ਯਾਦਵਿੰਦਰ ਸਿੰਘ ਅਤੇ ਨਿਰਮਲ ਸਿੰਘ ਵੀ ਹਾਜ਼ਰ ਸਨ।

ਟੀਵੀ ਪੰਜਾਬ ਬਿਊਰੋ

Exit mobile version