Site icon TV Punjab | Punjabi News Channel

ਡੇਰਾ ਬਿਆਸ ਮੁਖੀ ਦਾ ਐਲਾਨਿਆ ਵਾਰਿਸ, ਅੱਜ ਤੋਂ ਹੀ ਸੰਭਾਲਣਗੇ ਗੱਦੀ

ਡੈਸਕ- ਬਿਆਸ ਸਥਿਤ ਡੇਰਾ ਰਾਧਾ ਸੁਆਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਉਤਰਾਧਿਕਾਰੀ ਚੁਣ ਲਿਆ ਹੈ। ਢਿੱਲੋਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਵਾਰਿਸ ਨਿਯੁਕਤ ਕੀਤਾ ਹੈ। ਅੱਜ ਤੋਂ ਬਾਅਦ ਜਸਦੀਪ ਸਿੰਘ ਨੂੰ ਗੁਰੂ ਦਾ ਨਾਂ ਦੇਣ ਦਾ ਵੀ ਹੱਕ ਹੋਵੇਗਾ।

ਜ਼ਿਕਰਯੋਗ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਕੁਝ ਸਾਲ ਪਹਿਲਾਂ ਕੈਂਸਰ ਹੋ ਗਿਆ ਸੀ। ਜਿਸ ਕਾਰਨ ਗੁਰਿੰਦਰ ਸਿੰਘ ਢਿੱਲੋਂ ਦਾ ਕਾਫੀ ਲੰਮਾ ਸਮਾਂ ਇਲਾਜ ਚੱਲਿਆ। ਗੁਰਿੰਦਰ ਢਿੱਲੋਂ ਦਿਲ ਦੀ ਵੀ ਬਿਮਾਰੀ ਤੋਂ ਪੀੜਤ ਹਨ। ਪੰਜਾਬ ਅਤੇ ਇਸ ਤੋਂ ਬਾਹਰ ਦੇ ਸੂਬਿਆਂ ਵਿੱਚ ਵੀ ਡੇਰਾ ਬਿਆਸ ਦਾ ਬਹੁਤ ਪ੍ਰਭਾਵ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਵੱਡੇ ਨੇਤਾ ਇੱਥੇ ਆ ਚੁੱਕੇ ਹਨ।

ਸਾਰੇ ਸੇਵਾਦਾਰਾਂ ਅਤੇ ਇੰਚਾਰਜਾਂ ਨੂੰ ਭੇਜਿਆ ਗਿਆ ਪੱਤਰ
ਡੇਰੇ ਦੇ ਵਾਰਿਸ ਸਬੰਧੀ ਜਾਣਕਾਰੀ ਦੇਣ ਲਈ ਸਮੂਹ ਸੇਵਾ ਇੰਚਾਰਜਾਂ ਨੂੰ ਪੱਤਰ ਭੇਜੇ ਗਏ ਹਨ। ਇਹਨਾਂ ਪੱਤਰਾਂ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਸਰਪ੍ਰਸਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸੁਖਦੇਵ ਸਿੰਘ ਗਿੱਲ ਦੇ ਸਪੁੱਤਰ ਜਸਦੀਪ ਸਿੰਘ ਗਿੱਲ ਨੂੰ ਸਰਪ੍ਰਸਤ ਨਾਮਜ਼ਦ ਕੀਤਾ ਹੈ। ਉਹ 02 ਸਤੰਬਰ, 2024 ਤੋਂ ਤੁਰੰਤ ਪ੍ਰਭਾਵ ਨਾਲ ਸਰਪ੍ਰਸਤ ਵਜੋਂ ਉਨ੍ਹਾਂ ਦੀ ਥਾਂ ਲੈਣਗੇ।

ਕੌਣ ਹਨ ਜਸਦੀਪ ਸਿੰਘ ਗਿੱਲ
ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ 45 ਸਾਲਾ ਜਸਦੀਪ ਸਿੰਘ ਗਿੱਲ ਨੂੰ ਸਰਪ੍ਰਸਤ ਨਾਮਜ਼ਦ ਕੀਤਾ ਹੈ। ਗਿੱਲ ਨੇ ਕੈਮਬ੍ਰਿਜ ਅਤੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (IIT) ਦਿੱਲੀ ਤੋਂ ਆਪਣੀ ਪੜਾਈ ਪੂਰੀ ਕੀਤੀ ਹੈ। ਜਸਦੀਪ ਸਿੰਘ ਗਿੱਲ ਨੇ ਫਾਰਮਾਸਿਊਟੀਕਲ ਕੰਪਨੀ ਸਿਪਲਾ ਲਿਮਟਿਡ ਦੇ ਮੁੱਖ ਰਣਨੀਤੀ ਅਫਸਰ ਅਤੇ ਸੀਨੀਅਰ ਪ੍ਰਬੰਧਨ ਕਰਮਚਾਰੀਆਂ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਜਿੱਥੇ ਉਹਨਾਂ ਨੇ 2019 ਤੋਂ 31 ਮਈ, 2024 ਤੱਕ ਕੰਮ ਕੀਤਾ।

Exit mobile version