Site icon TV Punjab | Punjabi News Channel

ਜੱਲ੍ਹਿਆਂਵਾਲਾ ਬਾਗ਼ ਦੇ ਮੂਲ ਸਰੂਪ ਦੀ ਬਹਾਲੀ ਲਈ ਦੇਸ਼ ਭਗਤ ਯਾਦਗਾਰ ਕਮੇਟੀ ਲੋਕ-ਰਾਏ ਲਾਮਬੰਦ ਕਰੇਗੀ

ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਜਲ੍ਹਿਆਂਵਾਲਾ ਬਾਗ਼ ਦੀ ਤੰਗ ਗਲੀ ਦਾ ਪੁਰਾਤਨ ਮੁਹਾਂਦਰਾ ਅਤੇ ਉਸ ਵਿਚੋਂ ਉਭਰਦੇ ਖੌਫ਼ਨਾਕ ਮੰਜਰ ਦਾ ਪ੍ਰਭਾਵ ਮਿਟਾਕੇ ਵਿਸਾਖੀ ਦਾ ਮੇਲਾ ਵੇਖਣ ਜਾਂਦੇ ਹੱਸਦੇ ਨੱਚਦੇ ਲੋਕਾਂ ਦੀ ਭੀੜ ਦੀਆਂ ਮੂਰਤੀਆਂ ਬਣਾਕੇ, ਬਰਤਾਨਵੀ ਸਾਮਰਾਜ ਦੇ ਲੋਕ ਵਿਰੋਧੀ ਕਾਲ਼ੇ ਕਾਨੂੰਨਾਂ ਖਿਲਾਫ਼, ਸਭੇ ਹਕੂਮਤੀ ਰੋਕਾਂ ਹੁਕਮਾਂ ਦੀ ਪਰਵਾਹ ਨਾ ਕਰਦਿਆਂ ਹਿੰਦੂਆਂ, ਮੁਸਲਮਾਨਾਂ, ਸਿੱਖਾਂ ਵੱਲੋਂ ਕੀਤੀ ਸਾਂਝੀ ਸਿਆਸੀ ਕਾਨਫਰੰਸ ਦਾ ਪ੍ਰਭਾਵ ਹੀ ਮੇਸ ਦੇਣ ਦਾ ਯਤਨ ਕੀਤਾ ਗਿਆ ਹੈ।

ਇਸ ਪ੍ਰਵੇਸ਼ ਗਲੀ ਰਾਹੀਂ ਦਾਖ਼ਲ ਹੋਣ ਤੋਂ ਪਹਿਲਾਂ ਹੀ ਖੱਬੇ ਹੱਥ ਦਾਖਲਾ ਫੀਸ ਹਾਸਲ ਕਰਨ ਲਈ ਆਧੁਨਿਕ ਮਸ਼ੀਨਾਂ ਦੀ ਲੰਮੀ ਕਤਾਰ ਫਿੱਟ ਕਰ ਦਿੱਤੀ ਹੈ, ਜਿਥੇ ਕਿਸੇ ਵੇਲੇ ਵੀ ਫੀਸ ਵਸੂਲੀ ਲਾਜ਼ਮੀ ਹੋ ਜਾਏਗੀ।ਦੇਸ਼ ਭਗਤ ਯਾਦਗਾਰ ਕਮੇਟੀ ਦੇ ਵਫ਼ਦ ਨੇ ਅੱਜ ਜਲ੍ਹਿਆਂਵਾਲਾ ਬਾਗ਼ ਦਾ ਨਿਰੀਖਣ ਕਰਨ ਉਪਰੰਤ ਦੇਸ਼ ਭਗਤ ਯਾਦਗਾਰ ਹਾਲ ਦੇ ਦਫ਼ਤਰ ਤੋਂ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਜਲ੍ਹਿਆਂਵਾਲਾ ਬਾਗ਼ ਦੀ ਕੌਮੀ ਇਤਿਹਾਸਕ ਵਿਰਾਸਤ ਨਾਲ ਸੁੰਦਰੀਕਰਨ ਅਤੇ ਨਵੀਨੀਕਰਨ ਦੇ ਨਾਂਅ ਹੇਠ ਜੋ ਇਤਿਹਾਸਕ ਤੱਥਾਂ ਦੀ ਪ੍ਰਮਾਣਿਕਤਾ ਨਾਲ ਛੇੜ-ਛਾੜ ਕੀਤੀ ਗਈ ਹੈ, ਉਸ ‘ਤੇ ਹਰੇਕ ਸੰਜੀਦਾ ਇਤਿਹਾਸਕਾਰ ਨੂੰ ਦੁੱਖ ਹੋਣਾ ਅਤੇ ਉਸਦੀ ਆਲੋਚਨਾ ਕਰਨਾ ਸੁਭਾਵਿਕ ਹੈ।

ਬਾਗ਼ ‘ਚ ਦਾਖਲ ਹੁੰਦੇ ਸਾਰ ਜੋ ਫਾਇਰਿੰਗ ਸਥਾਨ ਦਾ ਉੱਚਾ ਥੜਾ ਸੀ, ਜਿੱਥੇ ਮਸ਼ੀਨਗੰਨ ਫਿੱਟ ਕੀਤੀ ਗਈ ਸੀ, ਉਹ ਮੂਲੋਂ ਹੀ ਮਿਟਾ ਕੇ ਪੱਧਰੇ ਫਰਸ਼ ਤੇ ਰਸਮੀ ਜਿਹੀ ਨਿਸ਼ਾਨੀ ਦੀ ਖਾਨਾਪੂਰਤੀ ਕਰ ਦਿੱਤੀ ਹੈ। ਸ਼ਹੀਦਾਂ ਦੀ ਯਾਦ ‘ਚ ਅਮਰ ਜਯੋਤੀ ਵੀ ਪਹਿਲਾਂ ਵਾਲੇ ਢੁਕਵੇਂ ਸਥਾਨ ਤੋਂ ਪਿੱਛੇ ਹਟਾ ਦਿੱਤੀ ਹੈ। ਸ਼ਹੀਦੀ ਖੂਹ ਜੋ ਕਿ ਲੋਥਾਂ ਅਤੇ ਫੱਟੜਾਂ ਨਾਲ ਭਰ ਗਿਆ ਸੀ। ਉਸਦੀ ਦਿੱਖ ‘ਚੋਂ ਵਹਿਸ਼ੀਆਨਾ ਕਤਲੇਆਮ ਦਾ ਨਕਸ਼ਾ ਦ੍ਰਿਸ਼ਟੀ ਗੋਚਰ ਨਹੀਂ ਹੁੰਦਾ। ਦੋ ਕੰਧਾਂ ‘ਤੇ ਭਾਵੇਂ ਗੋਲੀਆਂ ਦੇ ਨਿਸ਼ਾਨ ਜ਼ਰੂਰ ਸੰਭਾਲੇ ਗਏ ਹਨ ਪਰ ਉਹਨਾਂ ਕੰਧਾਂ ਦੀ ਪੁਰਾਤਨ ਦਿੱਖ ਨੂੰ ਬਦਲ ਦਿੱਤਾ ਗਿਆ ਹੈ। ਸ਼ਹੀਦੀ ਸਮਾਰਕ ਅੱਗੇ ਤਲਾਬ ਵਿਚ ਕਮਲ ਦੇ ਫੁੱਲ ਲਾਉਣ ਪਿੱਛੇ ਮੋਦੀ ਹਕੂਮਤ ਦੀ ਕੰਮ ਕਰਦੀ ਮਨਸ਼ਾ ਵੀ ਗੁੱਝੀ ਨਹੀਂ ਰਹਿੰਦੀ।

ਗ਼ਦਰ ਪਾਰਟੀ ਦੇ ਬਾਨੀ ਮੀਤ ਪ੍ਰਧਾਨ ਪ੍ਰੋ.ਬਰਕਤ ਉੱਲਾ ਅਤੇ ਰਾਮਨੌਮੀ ਦਾ ਹਿੰਦੂਆਂ, ਮੁਸਲਮਾਨਾਂ, ਸਿੱਖਾਂ ਵੱਲੋਂ ਸਾਂਝੇ ਤਿਓਹਾਰ ਮਨਾਏ ਜਾਣ ਮੌਕੇ ਅਤੇ ਕਾਲ਼ੇ ਕਾਨੂੰਨਾਂ ਖਿਲਾਫ਼ ਘੋੜੇ ਤੇ ਸਵਾਰ ਹੋ ਕੇ ਲੋਕ-ਆਵਾਜ਼ ਦੀ ਅਗਵਾਈ ਕਰਨ ਵਾਲੇ ਮਾਣਮੱਤੇ ਦੇਸ਼ ਭਗਤ ਡਾ. ਹਾਫ਼ਿਜ਼ ਮੁਹੰਮਦ ਬਸੀਰ ਦਾ ਨਾਮ ਹੀ ਗਾਇਬ ਕਰ ਦਿੱਤਾ ਗਿਆ ਹੈ। ਕਮੇਟੀ ਨੇ ਇਹ ਵੀ ਸਖ਼ਤ ਇਤਰਾਜ਼ ਕੀਤਾ ਹੈ ਕਿ ਜਲ੍ਹਿਆਂਵਾਲਾ ਬਾਗ਼ ‘ਚ ਕਿਹਾ ਜਾਂਦਾ ਹੈ ਕਿ ਹਜ਼ਾਰ ਦੇ ਕਰੀਬ ਲੋਕ ਸ਼ਹੀਦੀ ਜਾਮ ਪੀ ਗਏ, ਜੋ ਬਰਤਾਨਵੀ ਸਰਕਾਰ ਵੱਲੋਂ ਜਾਰੀ ਸ਼ਹੀਦਾਂ ਦੀ ਲਿਸਟ ਮੁਤਾਬਕ ਗਿਣਤੀ 406 ਸ਼ਹੀਦ ਹੀ ਮੰਨ ਲਈਏ ਤਾਂ ਉਸ ਵਿੱਚ ਵੀ 62 ਮੁਸਲਮਾਨ ਪਰਿਵਾਰਾਂ ‘ਚੋਂ ਹਨ।

ਲਾਈਟ ਐਂਡ ਸਾਊਂਡ ਦੇ ਵੱਖ-ਵੱਖ ਗੈਲਰੀਆਂ ਵਿਚ ਚੱਲ ਰਹੇ ਪ੍ਰੋਗਰਾਮਾਂ ਦਾ ਵਿਸ਼ਲੇਸ਼ਣ ਕਰਦਿਆਂ ਮਨ ‘ਚ ਇਹ ਸੁਆਲ ਉਠਦਾ ਹੈ ਕਿ ਮੁਸਲਮਾਨ ਭਾਈਚਾਰੇ ਨੂੰ ਦਰ ਕਿਨਾਰ ਕਿਉਂ ਕੀਤਾ ਗਿਆ ? ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਆਦਿ ਦੀਆਂ ਤਸਵੀਰਾਂ ਹੇਠਾਂ ਕਿਤੇ ਵੀ ‘ਸ਼ਹੀਦ‘ ਨਹੀਂ ਲਿਖਿਆ ਗਿਆ। ਲਾਈਟ ਐਂਡ ਸਾਊਂਡ, ਵੱਖ-ਵੱਖ ਥਾਈਂ ਲਿਖੀਆਂ ਕੈਪਸ਼ਨਾਂ ਵਿਚ ‘ਰਾਸ਼ਟਰਵਾਦ‘ ਤਾਂ ਬਾਰ-ਬਾਰ ਉਭਰਦਾ ਹੈ ਪਰ ਕਿਤੇ ਵੀ ਸਾਮਰਾਜਵਾਦ ਮੁਰਦਾਬਾਦ ਲਿਖਿਆ ਨਹੀਂ ਮਿਲਦਾ। ਇਥੋਂ ਤੱਕ ਕਿ ਭਗਤ ਸਿੰਘ ਮੂੰਹੋਂ ਵੀ ਇਨਕਲਾਬ ਜਿੰਦਾਬਾਦ ਤਾਂ ਕਰਾਇਆ ਗਿਆ ਹੈ ਪਰ ਸਾਮਰਾਜਵਾਦ ਮੁਰਦਾਬਾਦ ਨਹੀਂ।

ਦੇਸ਼ ਭਗਤ ਯਾਦਗਾਰ ਕਮੇਟੀ ਨੇ ਕਿਹਾ ਹੈ ਕਿ ਉਹ ਬੀਤੇ ਕਈ ਦਹਾਕਿਆਂ ਤੋਂ ਜਲਿਆਂਵਾਲਾ ਬਾਗ਼ ਦੀ ਇਤਿਹਾਸਕ ਧਰੋਹਰ ਦੀ ਰਾਖੀ ਲਈ ਆਵਾਜ਼ ਬੁਲੰਦ ਕਰਦੀ ਅਤੇ ਆਪਣੇ ਖਦਸ਼ੇ ਪ੍ਰਗਟ ਕਰਦੀ ਆਈ ਹੈ। ਕਮੇਟੀ ਨੇ 20 ਜਨਵਰੀ 1978, 11 ਸਤੰਬਰ 2007, 6 ਅਕਤੂਬਰ 2008, 1 ਨਵੰਬਰ 2008, 2 ਜੂਨ 2009 ਅਤੇ 2 ਅਗਸਤ 2021 ਨੂੰ ਸਮੇਂ-ਸਮੇਂ ਪ੍ਰਧਾਨ ਮੰਤਰੀ, ਜਲ੍ਹਿਆਂਵਾਲਾ ਬਾਗ਼ ਟਰੱਸਟ ਦੇ ਮੁਖੀਆਂ, ਪ੍ਰਸ਼ਾਸਨ ਨੂੰ ਲਿਖਤੀ ਮੰਗ-ਪੱਤਰ ਦਿੱਤੇ ਅਤੇ ਉਹਨਾਂ ਵੱਲੋਂ ਮਿਲੇ ਯਕੀਨ ਦਰਾਨੀ ਦੇ ਪੱਤਰ ਵੀ ਬਕਾਇਦਾ ਰਿਕਾਰਡ ਦਾ ਹਿੱਸਾ ਹਨ, ਜਿਨ੍ਹਾਂ ਵਿਚ ਇਤਿਹਾਸਕ ਸਥਾਨ ਨੂੰ ਸੈਰਗਾਹ ਬਣਾਉਣ ਜਾਂ ਮਨ ਮਰਜ਼ੀ ਦੀਆਂ ਤਬਦੀਲੀਆਂ ਕਰਨ ਤੋਂ ਰੋਕਣ ਦੀ ਮੰਗ ਕੀਤੀ ਗਈ ਪਰ ਇਸਦੀ ਪਰਵਾਹ ਨਾ ਕਰਦਿਆਂ ਮੋਦੀ ਹਕੂਮਤ ਆਪਣੇ ਵਿਸ਼ੇਸ਼ ਅਜੰਡੇ ਮੁਤਾਬਕ ਹੀ ਆਪਣੀ ਹੀ ਧੁਨ ‘ਚ ਕੰਮ ਕਰਦੀ ਰਹੀ ਹੈ।

ਦੇਸ਼ ਭਗਤ ਯਾਦਗਾਰ ਕਮੇਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਲ੍ਹਿਆਂਵਾਲਾ ਬਾਗ਼ ਟਰੱਸਟ ਦੇ ਆਗੂਆਂ ਅਤੇ ਪ੍ਰਸਾਸ਼ਨ ਨੂੰ ਲਿਖਤੀ ਯਾਦ-ਪੱਤਰ ਭੇਜਕੇ ਮੰਗ ਕਰ ਰਹੀ ਹੈ ਕਿ ਜੱਲ੍ਹਿਆਂਵਾਲਾ ਬਾਗ਼ ਦਾ ਮੂਲ ਇਤਿਹਾਸਕ ਸਰੂਪ ਬਹਾਲ ਕੀਤਾ ਜਾਏ। ਨਾਮਵਰ ਇਤਿਹਾਸਕਾਰਾਂ ਦਾ ਸਹਿਯੋਗ ਲੈ ਕੇ ਸਭਨਾਂ ਉਣਤਾਈਆਂ ਨੂੰ ਦੂਰ ਕਰਦਿਆਂ ਇਤਿਹਾਸਕ ਧਰੋਹਰ ਦਾ ਮੂਲ ਸਰੂਪ ਬਹਾਲ ਕੀਤਾ ਜਾਏ। ਕਮੇਟੀ ਨੇ ਕਿਹਾ ਹੈ ਕਿ ਜਲ੍ਹਿਆਂਵਾਲਾ ਬਾਗ਼ ਦੇ ਮੂਲ ਸਰੂਪ ਦੀ ਬਹਾਲੀ ਲਈ ਸਭਨਾਂ ਇਤਿਹਾਸਕਾਰਾਂ, ਲੇਖਕਾਂ, ਜਮਹੂਰੀ ਹਲਕਿਆਂ ਦੇ ਸਹਿਯੋਗ ਨਾਲ ਲੋਕ ਆਵਾਜ਼ ਬੁਲੰਦ ਕੀਤੀ ਜਾਏਗੀ। ਬਾਗ਼ ‘ਚ ਗਏ ਵਫ਼ਦ ਵਿਚ ਕਮੇਟੀ ਦੇ ਮੀਤ ਪ੍ਰਧਾਨ ਸੀਤਲ ਸਿੰਘ ਸੰਘਾ, ਸਹਾਇਕ ਸਕੱਤਰ ਡਾ.ਪਰਮਿੰਦਰ ਸਿੰਘ, ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਸੁਰਿੰਦਰ ਕੁਮਾਰੀ ਕੋਛੜ, ਵਿਜੈ ਬੰਬੇਲੀ, ਪ੍ਰੋ.ਗੋਪਾਲ ਸਿੰਘ ਬੁੱਟਰ ਅਤੇ ਮਨਜੀਤ ਸਿੰਘ ਬਾਸਰਕੇ ਸ਼ਾਮਲ ਸਨ।

ਟੀਵੀ ਪੰਜਾਬ ਬਿਊਰੋ

Exit mobile version