ਚੰਡੀਗੜ੍ਹ- 9 ਮਈ ਨੂੰ ਮੁਹਾਲੀ ਚ ਪੰਜਾਬ ਪੁਲਿਸ ਸਟੇਟ ਇੰਟੈਲੀਜੈਂਸ ਹੈਡਕਵਾਟਰ ‘ਤੇ ਹੋਏ ਹਮਲੇ ਦਾ ਪੰਜਾਬ ਪੁਲਿਸ ਨੇ ਕਾਉਂਟਰ ਇੰਟੈਲੀਜੈਂਸ ਨਾਲ ਮਿਲ ਕੇ ਪਰਦਾਫਾਸ਼ ਕਰ ਦਿੱਤਾ ਹੈ । ਇਸ ਹਮਲੇ ਦਾ ਮੁੱਖ ਮੁਲਜ਼ਮ ਕੈਨੇਡਾ ਵਾਸੀ ਲਖਬੀਰ ਲਾਂਡਾ ਹੈ । ਲਾਂਡਾ ਨੇ ਪਾਕਿਸਤਾਨ ਚ ਬੈਠੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਹਰਵਿੰਦਰ ਰਿੰਦਾ ਦੇ ਸਹਿਯੋਗ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ । ਇਸ ਪੂਰੇ ਮਾਮਲੇ ਚ ਪੁਲਿਸ ਨੇ 6 ਲੋਕਾਂ ਦੀ ਗ੍ਰਿਫਤਾਰੀ ਕੀਤੀ ਹੈ । ਜ਼ਿਆਦਾਤਰ ਲੋਕ ਤਰਨਤਾਰਨ ਇਲਾਕੇ ਦੇ ਹਨ ।ਰਾਕੇਟ ਲਾਂਚਰ ਚਲਾਉਣ ਵਾਲੇ ਅਜੇ ਤਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ । ਕੁੱਲ ਤਿੰਨ ਲੋਕ ਪੁਲਿਸ ਦੇ ਨਿਸ਼ਾਨੇ ‘ਤੇ ਹਨ ।
ਪੰਜਾਬ ਪੁਲਿਸ ਦੇ ਡੀ.ਜੀ.ਪੀ ਵੀ.ਕੇ ਭਵਰਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਹਾਲੀ ਹਮਲਾ ਪੰਜਾਬ ਦੇ ਗੈਂਗਸਟਰਾਂ ਅਤੇ ਅੱਤਵਾਦੀਆਂ ਦੀ ਮਿਲੀਭੁਗਤ ਦਾ ਨਤੀਜਾ ਹੈ ।ਗੈਂਗਸਟਰਾਂ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਮਿਲ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ । ਤਰਨਤਾਰਨ ਦਾ ਰਹਿਣ ਵਾਲਾ ਲਖਬੀਰ ਲਾਂਡਾ ਇਸ ਹਮਲੇ ਦਾ ਮੁੱਖ ਮੁਲਜ਼ਮ ਹੈ । ਲਾਂਡਾ ਪਹਿਲਾਂ ਗੈਂਗਸਟਰ ਹੁੰਦਾ ਸੀ । 2017 ‘ਚ ਇਹ ਕੈਨੇਡਾ ਚਲਾ ਗਿਆ । ਪਾਕਿਸਤਾਨ ਚ ਬੈਠੇ ਹਰਵਿੰਦਰ ਰਿੰਦਾ ਨਾਲ ਇਸਦੇ ਸਬੰਧ ਸਨ । ਵਿਦੇਸ਼ ਜਾਣ ‘ਤੇ ਇਹ ਖੁੱਲ੍ਹ ਕੇ ਰਿੰਦਾ ਨਾਲ ਕੰਮ ਕਰਨ ਲੱਗ ਪਿਆ ।ਇਸ ਹਮਲੇ ਦੇ ਤਾਰ ਜ਼ਿਆਦਾਤਰ ਤਰਨਤਾਰਨ ਨਾਲ ਹੀ ਜੁੜੇ ਹਨ ।
ਤਰਨਤਾਰਨ ਵਾਸੀ ਨਿਸ਼ਾਨ ਸਿੰਘ ਨੇ ਚੜ੍ਹਤ ਸਿੰਘ ਨਾਂ ਦੇ ਸ਼ਖਸ ਨੂੰ ਆਰ.ਪੀ.ਜੀ ਦਿੱਤੇ ਸਨ ।ਚੜ੍ਹਤ ਸਿੰਘ ਇਸ ਹਮਲੇ ਦਾ ਮੁੱਖ ਦੋਸ਼ੀ ਵੀ ਮੰਨਿਆ ਜਾ ਸਕਦਾ ਹੈ । ਇਹ ਅਜੇ ਤੱਕ ਫਰਾਰ ਹੈ । ਤਿੰਨ ਲੋਕ ਜੋ ਹਮਲਾ ਕਰਨ ਗਏ ਸਨ , ਉਹ ਸਾਰੇ ਫਿਲਹਾਲ ਫਰਾਰ ਹਨ । ਹੋ ਸਕਦਾ ਹੈ ਕਿ ਫਾਇਰ ਵੀ ਚੜ੍ਹਤ ਸਿੰਘ ਨੇ ਹੀ ਕੀਤਾ ਹੋਵੇ ।
ਡੀ.ਜੀ.ਪੀ ਮੁਤਾਬਿਕ ਨਿਸ਼ਾਨ ਸਿੰਘ ਨੇ ਹਥਿਆਰ ਦੇਣ ਤੋਂ ਇਲਾਵਾ ਦਹਿਸ਼ਤਗਰਦਾਂ ਨੂੰ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਵਿੱਚ ਰਿਹਾਇਸ਼ ਵੀ ਉਪਲਬਧ ਕਰਵਾਈ । ਇਸ ਦੋਸ਼ ਚ ਪੁਲਿਸ ਨੇ ਬਲਜੀਤ ਕੌਰ ਅਤੇ ਕੰਵਰ ਬਾਠ ਨੂੰ ਗ੍ਰਿਫਤਾਰ ਕੀਤਾ ਹੈ ।ਇਸ ਦੌਰਾਨ ਤਰਨਤਾਰਨ ਦੇ ਹੀ ਬਲਜਿੰਦਰ ਰੈਬੋਂ ਦੀ ਐਂਟਰੀ ਹੁੰਦੀ ਹੈ । ਰੈਬੋਂ ਨੇ ਅੱਤਵਾਦੀਆਂ ਨੂੰ ਏ.ਕੇ 47 ਰਾਈਫਲ ਦਿੱਤੀ ।ਰੈਬੋਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।
7 ਮਈ ਨੂੰ ਇਹ ਸਾਰੇ ਲੋਕ ਮੁਹਾਲੀ ਲਈ ਰਵਾਨਾ ਹੋ ਗਏ । ਮੁਹਾਲੀ ਚ ਜਗਦੀਪ ਸਿੰਘ ਨਾਂ ਦੇ ਨੌਜਵਾਨ ਨੇ ਅੱਤਵਾਦੀਆਂ ਦੇ ਰਹਿਣ ਦਾ ਇੰਤਜ਼ਾਮ ਕਰ ਹਰੇਕ ਮਦਦ ਦਿੱਤੀ । ਚੜ੍ਹਤ ਸਿੰਘ ਦੇ ਨਾਲ ਜਗਦੀਪ ਕਈ ਵਾਰ ਰੇਕੀ ਕਰਨ ਲਈ ਘਟਨਾ ਵਾਲੀ ਥਾਂ ‘ਤੇ ਜਾਂਦਾ ਰਿਹਾ ।ਨਿਸ਼ਾਨ ਸਿੰਘ ਦਾ ਸਾਲਾ ਵੀ ਪੁਲਿਸ ਦੀ ਗ੍ਰਿਫਤ ਚ ਹੈ । ਉਸਤੇ ਨਿਸ਼ਾਨ ਸਿੰਘ ਦਾ ਸਾਥ ਦੇਣ ਦੇ ਇਲਜ਼ਾਮ ਸਾਬਿਤ ਹੋਏ ਨੇ ।
ਮੁਹਾਲੀ ਹਮਲੇ ਦੇ ਤਾਰ ਬਿਹਾਰ ਨਾਲ ਵੀ ਜੁੜੇ ਹਨ । ਪੁਲਿਸ ਨੇ ਮੁਹੰਮਦ ਵਸੀਮ ਆਲਮ ਅਤੇ ਮੁਹੰਮਦ ਸ਼ਰਫਰਾਜ ਬਿਹਾਰ ਵਾਸੀ ਦੀ ਗ੍ਰਿਫਤਾਰੀ ਤਾਂ ਨਹੀਂ ਦਿਖਾਈ ਹੈ । ਪਰ ਦੋਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।
ਵੱਡੀ ਗੱਲ ਇਹ ਹੈ ਕਿ ਹਥਿਆਰ ,ਰਿਹਾਇਸ਼ ਅਤੇ ਹੋਰ ਸਹੂਲਤਾਂ ਦੇਣ ਵਾਲੇ ਲੋਕ ਤਾਂ ਪੁਲਿਸ ਦੇ ਹੱਥੇ ਚੜ੍ਹ ਗਏ ਹਨ ।ਪਰ ਹਮਲਾਵਰ ਕੌਣ ਸਨ ? ਇਸ ਬਾਰੇ ਪੁਲਿਸ ਦੇ ਹੱਥ ਖਾਲੀ ਹਨ । ਚੜ੍ਹਤ ਸਿੰਘ ਨਾਂ ਦਾ ਇਕ ਸ਼ਖਸ ਸਿਰਫ ਪੁਲਿਸ ਦੀ ਨਜ਼ਰ ਚ ਹੈ । ਡੀ.ਜੀ.ਪੀ ਭਵਰਾ ਦਾ ਕਹਿਣਾ ਹੈ ਕਿ ਪੁਲਿਸ ਇਸ ਸਾਰੇ ਸਵਾਲਾਂ ‘ਤੇ ਵੀ ਕੰਮ ਕਰ ਰਹੀ ਹੈ ।