Site icon TV Punjab | Punjabi News Channel

ਜ਼ਿਲ੍ਹਾ ਬਾਲ ਭਲਾਈ ਪਰਿਸ਼ਦ ਨੇ ਕਰਵਾਇਆ ਪੇਂਟਿੰਗ ਮੁਕਾਬਲਾ

ਜਲੰਧਰ : ਜ਼ਿਲ੍ਹਾ ਬਾਲ ਭਲਾਈ ਪਰਿਸ਼ਦ, ਜਲੰਧਰ ਵੱਲੋਂ ਰੈੱਡ ਕਰਾਸ ਸੁਸਾਇਟੀ ਵਿੱਚ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਜ਼ਿਲ੍ਹਾ ਜਲੰਧਰ ਦੇ 20 ਤੋਂ ਜ਼ਿਆਦਾ ਸਕੂਲਾਂ ਦੇ ਲਗਭਗ 100 ਵਿਦਿਆਰਥੀਆਂ ਨੇ ਭਾਗ ਲਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਨਰੇਰੀ ਸਕੱਤਰ ਰੰਜਨਾ ਬਾਂਸਲ ਨੇ ਦੱਸਿਆ ਕਿ ਇਹ ਮੁਕਾਬਲੇ ਚਾਰ ਵੱਖ-ਵੱਖ ਵਰਗਾਂ ਵਿਚ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਦੇ ਜੇਤੂ ਵਿਦਿਆਰਥੀ ਡਵੀਜ਼ਨ ਪੱਧਰ ਦੇ ਮੁਕਾਬਲੇ ਵਿਚ ਹਿੱਸਾ ਲੈਣਗੇ।

ਇਸ ਮੌਕੇ ਪਰਿਸ਼ਦ ਦੇ ਮੈਂਬਰ ਵਿਨੋਦ ਕੰਬੋਜ, ਪਰੋਮਿਲ ਦਾਦਾ, ਕਿੰਮੀ ਜੁਨੇਜਾ, ਹਿਤੂ ਅਗਰਵਾਲ, ਪਰਮਿੰਦਰ ਬੇਰੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਜਦਕਿ ਸ਼੍ਰੀ ਯੋਗੇਸ਼ਵਰ ਅਧਿਆਪਕ ਕੇ.ਐਮ.ਵੀ., ਸਪਰਧਾ ਅਧਿਆਪਕ ਕੇ.ਐਮ.ਵੀ. ਅਤੇ ਕਿੰਮੀ ਜੁਨੇਜਾ ਵੱਲੋਂ ਮੁਕਾਬਲੇ ਦੀ ਜੱਜਮੈਂਟ ਕੀਤੀ ਗਈ।

ਵਾਈਟ ਗਰੁੱਪ ਵਿਚ ਨਿਊ ਸੇਂਟ ਸੋਲਜਰ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਦੇ ਹੈਰੀ ਨੇ ਪਹਿਲਾ, ਲਾਇਲਪੁਰ ਖਾਲਸਾ ਸਕੂਲ, ਜਲੰਧਰ ਦੇ ਅਭਿਸ਼ੇਕ ਕੁਮਾਰ ਨੇ ਦੂਜਾ ਅਤੇ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਜਲੰਧਰ ਕੈਂਟ ਦੀ ਧਨਿਸ਼ਟਾ ਨੇ ਤੀਜਾ ਸਥਾਨ ਹਾਸਲ ਕੀਤਾ।

ਇਸੇ ਤਰ੍ਹਾਂ ਗਰੀਨ ਗਰੁੱਪ ਵਿਚ ਦਸਮੇਸ਼ ਪਬਲਿਕ ਸਕੂਲ ਜਲੰਧਰ ਦੇ ਹਰਪ੍ਰੀਤ ਸਿੰਘ ਨੇ ਪਹਿਲਾ, ਏਕਲਵਿਆ ਸਕੂਲ ਜਲੰਧਰ ਦੀ ਅਰਾਧਿਆ ਨੇ ਦੂਜਾ ਅਤੇ ਦਸਮੇਸ਼ ਪਬਲਿਕ ਸਕੂਲ ਜਲੰਧਰ ਦੀ ਆਦਿਤੀ ਭਗਤ ਨੇ ਤੀਜਾ ਸਥਾਨ ਹਾਸਲ ਕੀਤਾ।

ਜਦਕਿ ਯੈਲੋ ਗਰੁੱਪ ਵਿਚ ਸੇਂਟ ਜੋਸਫ ਕਾਨਵੈਂਟ ਸਕੂਲ ਜਲੰਧਰ ਦੇ ਜਸਕੀਰਤ ਅਤੇ ਖੋਸਲਾ ਡੈੱਫ ਸਕੂਲ ਦੀ ਲਵਿਸ਼ਾ ਪਹਿਲੇ, ਖੋਸਲਾ ਡੈੱਫ ਸਕੂਲ ਜਲੰਧਰ ਦੀ ਅਮਨਪ੍ਰੀਤ ਕੌਰ ਦੂਜੇ ਅਤੇ ਰੈੱਡ ਕਰਾਸ ਸਕੂਲ, ਜਲੰਧਰ ਦਾ ਅੰਸ਼ ਤੀਜੇ ਸਥਾਨ ‘ਤੇ ਰਹੇ।

ਇਸ ਤੋਂ ਇਲਾਵਾ ਰੈਡ ਗਰੁੱਪ ਵਿਚ ਰੈਡ ਕਰਾਸ ਸਕੂਲ ਜਲੰਧਰ ਦੀ ਮੋਹਿਨੀ ਅਤੇ ਸੇਂਟ ਜੋਸਫ ਕਾਨਵੈਂਟ ਸਕੂਲ ਜਲੰਧਰ ਦੇ ਅਰਨਵ ਸੇਨ ਨੇ ਪਹਿਲਾ, ਸੇਂਟ ਜੋਸਫ ਕਾਨਵੈਂਟ ਸਕੂਲ ਦੀ ਸਨੇਹਾ ਅਤੇ ਖੋਸਲਾ ਡੈੱਫ ਸਕੂਲ ਜਲੰਧਰ ਦੇ ਰਮਨਦੀਪ ਸਿੰਘ ਨੇ ਦੂਜਾ ਅਤੇ ਪ੍ਰਯਾਸ ਸਪੈਸ਼ਲ ਸਕੂਲ ਜਲੰਧਰ ਦੇ ਵੰਸ਼ ਨੇ ਤੀਜਾ ਸਥਾਨ ਹਾਸਲ ਕੀਤਾ। ਅਖੀਰ ਵਿਚ ਮਹਿਮਾਨਾਂ ਵੱਲੋਂ ਜੇਤੂ ਬੱਚਿਆਂ ਦਾ ਸਨਮਾਨ ਕੀਤਾ ਗਿਆ।

ਟੀਵੀ ਪੰਜਾਬ ਬਿਊਰੋ

Exit mobile version