Site icon TV Punjab | Punjabi News Channel

ਤੂਫ਼ਾਨ ਦਾ ਸਾਹਮਣਾ ਕਰ ਰਹੇ ਕੈਲੀਫੋਰਨੀਆ ’ਚ ਲੱਗੇ ਭੂਚਾਲ ਦੇ ਝਟਕੇ

ਤੂਫ਼ਾਨ ਦਾ ਸਾਹਮਣਾ ਕਰ ਰਹੇ ਕੈਲੀਫੋਰਨੀਆ ’ਚ ਲੱਗੇ ਭੂਚਾਲ ਦੇ ਝਟਕੇ

California- ਤੂਫ਼ਾਨ ਹਿਲੇਰੀ ਦਾ ਸਾਹਮਣਾ ਕਰ ਰਹੇ ਦੱਖਣੀ ਕੈਲੀਫੋਰਨੀਆ ਦੇ ਲੋਕਾਂ ਨੂੰ ਐਤਵਾਰ ਨੂੰ ਇੱਕ ਹੋਰ ਕੁਦਰਤੀ ਆਫ਼ਤ ਭੂਚਾਲ ਦਾ ਸਾਹਮਣਾ ਕਰਨਾ ਪਿਆ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਦੱਸਿਆ ਕਿ ਰਿਕਟਰ ਸਕੇਲ ’ਤੇ ਭੂਚਾਲ ਦੀ ਤੀਬਰਤਾ 5.1 ਮਾਪੀ ਗਈ ਅਤੇ ਇਸ ਦਾ ਕੇਂਦਰ ਲਾਸ ਏਂਜਲਸ ਦੇ ਉੱਤਰ-ਪੱਛਮ ’ਚ ਸੀ।
ਭੂਚਾਲ ਦੇ ਮਗਰੋਂ ਜਲਦ ਹੀ ਸੋਸ਼ਲ ਮੀਡੀਆ ’ਤੇ #hurriquake ਟਰੈਂਡ ਕਰਨ ਲੱਗਾ। ਹਾਲਾਂਕਿ ਇਸ ਭੂਚਾਲ ਕਾਰਨ ਇੱਥੇ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਸ ਬਾਰੇ ’ਚ ਗੱਲਬਾਤ ਕਰਦਿਆਂ ਭੂ-ਵਿਗਿਆਨੀ ਡਾ. ਲੁਸੀ ਜੋਨਜ਼ ਨੇ ਕਿਹਾ ਕਿ ਓਜਈ ਦੇ ਨੇੜੇ ਭੂਚਾਲ ਆਉਣਾ ਦਿਲਚਸਪ ਸੀ ਅਤੇ ਸਾਲ 1932 ਮਗਰੋਂ ਪਹਿਲੀ ਵਾਰ ਇਸ ਥਾਂ ’ਤੇ ਭੂਚਾਲ ਆਇਆ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਕੁਝ ਦਿਨਾਂ ’ਚ ਇੱਥੇ ਭੂਚਾਲ ਦੇ ਹੋਰ ਝਟਕੇ ਲੱਗ ਸਕਦੇ ਹਨ। ਦੱਸਣਯੋਗ ਹੈ ਕਿ ਇੱਥੇ ਭੂਚਾਲ ਉਸ ਵੇਲੇ ਆਇਆ, ਜਦੋਂ ਇੱਥੇ ਚੱਕਤਵਰਤੀ ਤੂਫ਼ਾਨ ਹਿਲੇਰੀ ਨੇ ਦਸਤਕ ਦਿੱਤੀ ਸੀ ਅਤੇ ਇਸ ਕਾਰਨ ਇੱਥੋਂ ਦੇ ਬਹੁਤ ਵਸਨੀਕ ਤਾਂ ਹੈਰਾਨ ਹੋ ਗਏ ਅਤੇ ਉਨ੍ਹਾਂ ਨੂੰ ਸਮਝ ਨਾ ਆਵੇ ਕਿ ਉਹ ਲੁਕਣ ਕਿੱਥੇ।
ਉੱਧਰ ਕੌਮੀ ਤੂਫ਼ਾਨ ਸੇਵਾ ਦਾ ਕਹਿਣਾ ਹੈ ਕਿ ਤੂਫ਼ਾਨ ਦੇ ਚੱਲਦਿਆਂ ਇੱਥੇ ਪੈ ਰਹੇ ਇਤਿਹਾਸਕ ਮੀਂਹ ਕਾਰਨ ਸਥਾਨਕ ਪੱਧਰ ’ਤੇ ਵਿਨਾਸ਼ਕਾਰੀ ਹੜ੍ਹ ਦੇ ਨਾਲ-ਨਾਲ ਜ਼ਮੀਨ ਖਿਸਕਣ ਵਰਗੀਆਂ ਹੋਰ ਘਟਨਾਵਾਂ ਦੇ ਕਾਰਨ ਜੀਵਨ ਨੂੰ ਖ਼ਤਰਾ ਹੋਣ ਦੀ ਸੰਭਾਵਨਾ ਹੈ। ਇਸੇ ਦੇ ਚੱਲਦਿਆਂ ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ੋਮ ਨੇ ਦੱਖਣੀ ਕੈਲੀਫੋਰਨੀਆ ਦੇ ਵਧੇਰੇ ਹਿੱਸਿਆਂ ’ਚ ਸੰਕਟਕਾਲ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ ਅਤੇ ਲੋਕਾਂ ਦੀ ਤੂਫ਼ਾਨ ਨਾਲ ਨਜਿੱਠਣ ’ਚ ਮਦਦ ਕਰਨ ਲਈ 7,500 ਤੋਂ ਵਧੇਰੇ ਸੈਨਿਕਾਂ ਨੂੰ ਇੱਥੇ ਤਾਇਨਾਤ ਕਰ ਦਿੱਤਾ ਗਿਆ ਹੈ।

Exit mobile version