ਡੈਸਕ- ਭਾਰਤੀ ਚੋਣ ਕਮਿਸ਼ਨ ਨੇ ਰਾਜ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ। ਮੱਧਪ੍ਰਦੇਸ਼ ਸਣੇ 15 ਸੂਬਿਆਂ ਦੀਆਂ 56 ਸੀਟਾਂ ‘ਤੇ ਇਹ ਚੋਣਾਂ ਹੋਣਗੀਆਂ। ਨਾਮਜ਼ਦਗੀ ਦਾਖਲ ਕਰਨ ਲਈ ਆਖਰੀ ਤਰੀਕ 15 ਫਰਵਰੀ ਹੈ। ਜ਼ਿਕਰਯੋਗ ਹੈ ਕਿ ਮੱਧਪ੍ਰਦੇਸ਼ ਦੀਆਂ 5 ਰਾਜ ਸਭਾ ਸੀਟਾਂ ਲਈ ਉਮੀਦਵਾਰਾਂ ਦੀ ਚੋਣ ਹੋਣੀ ਹੈ।
ਮੱਧ ਪ੍ਰਦੇਸ਼ ਸਣੇ 15 ਸੂਬਿਆਂ ਦੀਆਂ ਰਾਜ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ। ਭਾਰਤ ਦੇ ਚੋਣ ਕਮਿਸ਼ਨ ਨੇ ਅੱਜ ਇਸ ਦਾ ਐਲਾਨ ਕਰ ਦਿੱਤਾ। ਇਹ ਚੋਣਾਂ 27 ਫਰਵਰੀ ਨੂੰ ਪੈਣਗੀਆਂ। ਇਸ ਦੇ ਨਾਲ ਹੀ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਰੀਕ 15 ਫਰਵਰੀ ਹੈ। ਮਤਦਾਨ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਰਹੇਗਾ।
13 ਸੂਬਿਆਂ ਦੀਆਂ 50 ਰਾਜ ਸਭਾ ਸਾਂਸਦਾਂ ਦਾ ਕਾਰਜਕਾਲ 2 ਅਪ੍ਰੈਲ ਨੂੰ ਖਤਮ ਹੋਣ ਵਾਲਾ ਹੈ ਜਦੋਂ ਕਿ 2 ਸੂਬਿਆਂ ਦੇ ਬਾਕੀ 6 ਮੈਂਬਰ 3 ਅਪ੍ਰੈਲ ਨੂੰ ਰਿਟਾਇਰ ਹੋ ਰਹੇ ਹਨ। ਜਿਹੜੇ 15 ਸੂਬਿਆਂ ਵਿਚ ਰਾਜ ਸਭਾ ਚੋਣਾਂ ਹੋਣ ਵਾਲੀਆਂ ਹਨ, ਉਨ੍ਹਾਂ ਵਿਚ ਮੱਧਪ੍ਰਦੇਸ਼ ਸਣੇ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ, ਪੱਛਮੀ ਬੰਗਾਲ, ਗੁਜਰਾਤ, ਆਂਧਰਾ ਪ੍ਰਦੇਸ਼, ਤੇਲੰਗਾਨਾ, ਰਾਜਸਥਾਨ, ਕਰਨਾਟਕ, ਉਤਰਾਖੰਡ, ਛੱਤੀਸਗੜ੍ਹ, ਓਡੀਸ਼ਾ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਸ਼ਾਮਲ ਹਨ।
8 ਫਰਵਰੀ ਨੂੰ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋਵੇਗਾ ਤੇ ਨਾਮਜ਼ਦਗੀ 15 ਫਰਵਰੀ ਤੱਕ ਦਾਖਲ ਕੀਤੀ ਜਾ ਸਕੇਗੀ। ਨਾਮਜ਼ਦਗੀ ਦੀ ਜਾਂਚ 16 ਫਰਵਰੀ ਨੂੰ ਹੋਵੇਗੀ। 20 ਫਰਵਰੀ ਤੱਕ ਉਮੀਦਵਾਰ ਆਪਣੇ ਨਾਂ ਵਾਪਸ ਲੈ ਸਕਣਗੇ। ਇਸ ਦੇ ਬਾਅਦ ਜੋ ਉਮੀਦਵਾਰ ਰਾਜ ਸਭਾ ਵਿਚ ਚੁਣ ਕੇ ਜਾਣਗੇ ਉਨ੍ਹਾਂ ਦਾ ਕਾਰਜਕਾਲ 6 ਸਾਲ ਦਾ ਹੋਵੇਗਾ।